ਸ਼ੀਤ ਲਹਿਰ ਨਾਲ ਕੰਬਿਆ ਪੰਜਾਬ, ਜਲੰਧਰ ਦਾ ਤਾਪਮਾਨ 4.8 ਡਿਗਰੀ ਤੱਕ ਪੁੱਜਾ
Friday, Dec 27, 2019 - 10:59 AM (IST)
ਜਲੰਧਰ (ਰਾਹੁਲ): ਸ਼ਹਿਰ ਵਿਚ ਅੱਜ ਗ੍ਰਹਿਣ ਕਾਲ ਖਤਮ ਹੁੰਦਿਆਂ ਹੀ ਸੂਰਜ ਨੇ ਬੱਦਲਾਂ ਦੀ ਓਟ ਵਿਚੋਂ ਕੁੱਝ ਪਲਾਂ ਲਈ ਨਿਕਲ ਕੇ ਆਪਣੀ ਮੌਜੂਦਗੀ ਦਰਜ ਤਾਂ ਕਰਵਾਈ ਪਰ ਨਾਲ ਜਲੰਧਰ ਵਿਚ ਜਾਰੀ ਠੰਡ ਦੇ ਪ੍ਰਕੋਪ ਵਿਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ।
ਜਲੰਧਰ ਦਾ ਹੇਠਲਾ ਤਾਪਮਾਨ ਘਟ ਕੇ 4.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦੋਂਕਿ ਉਪਰਲਾ ਤਾਪਮਾਨ 10.7 ਡਿਗਰੀ ਦਰਜ ਕੀਤਾ ਗਿਆ।ਪੱਛਮ-ਉੱਤਰ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੀ ਰਫਤਾਰ ਦਿਨ ਦੇ ਸਮੇਂ 6 ਤੋਂ 15 ਤੇ ਰਾਤ ਦੇ ਸਮੇਂ 7 ਤੋਂ 11 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਰਹੀ।
ਮੌਸਮ ਵਿਭਾਗ ਦੀ ਮੰਨੀਏ ਤਾਂ ਜਲੰਧਰ ਦੇ ਲੋਕਾਂ ਨੂੰ ਧੁੰਦ ਤੋਂ ਕੁੱਝ ਰਾਹਤ ਮਿਲ ਸਕਦੀ ਹੈ ਪਰ 27 ਤੋਂ 30 ਦਸੰਬਰ ਤੱਕ ਆਸਮਾਨ ਵਿਚ ਬੱਦਲਾਂ ਦਾ ਹੀ ਕਬਜ਼ਾ ਰਹੇਗਾ, ਇਸ ਦੌਰਾਨ ਕਦੀ ਕਦੀ ਸੂਰਜ ਦੇਵਤਾ ਦਿਨ ਦੇ ਸਮੇਂ ਝਲਕ ਵਿਖਾ ਸਕਦੇ ਹਨ। ਇਨ੍ਹਾਂ ਦਿਨਾਂ ਦੌਰਾਨ ਉਪਰਲਾ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਤੇ ਹੇਠਲਾ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਉਮੀਦ ਹੈ।ਮੌਸਮ ਵਿਭਾਗ ਨੇ 31 ਦਸੰਬਰ ਨੂੰ ਆਸਮਾਨ ਵਿਚ ਬੱਦਲ ਛਾਏ ਰਹਿਣ ਅਤੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਨਵੇਂ ਸਾਲ 'ਤੇ ਵੀ ਆਸਮਾਨ ਵਿਚ ਮੁੱਖ ਤੌਰ 'ਤੇ ਬੱਦਲ ਛਾਏ ਰਹਿਣ ਤੇ ਕੁੱਝ ਥਾਵਾਂ 'ਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
ਕੜਾਕੇ ਦੀ ਠੰਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਧੀ ਗਰਮੀ
ਸਰਦੀ ਦੇ ਮੌਸਮ ਵਿਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਆਦਿ 'ਤੇ ਕਾਫੀ ਗਰਮੀ ਵੇਖਣ ਨੂੰ ਮਿਲ ਰਹੀ ਹੈ। ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਸਰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।