ਸ਼ਕਤੀ ਐਪ ਰਾਹੀਂ ਔਰਤਾਂ ਨੂੰ ਮਿਲੇਗੀ ਤੁਰੰਤ ਸੁਰੱਖਿਆ : ਪੁਲਸ ਕਮਿਸ਼ਨਰ

12/06/2019 2:33:22 PM

ਜਲੰਧਰ (ਸੁਧੀਰ) : ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਸ ਵਲੋਂ ਸਥਾਨਕ ਪੁਲਸ ਲਾਈਨ 'ਚ ਸ਼ਕਤੀ ਮੋਬਾਇਲ ਐਪ ਨੂੰ ਜਾਗਰੂਕ ਕਰਨ ਦੇ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ 'ਚ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਦੇ ਰਾਹੀਂ ਲੋੜ ਪੈਣ 'ਤੇ ਔਰਤਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਹੈ, ਜਿਸ ਕਾਰਨ ਔਰਤਾਂ ਨੂੰ ਇਸ ਐਪ ਨੂੰ ਮੋਬਾਇਲ 'ਚ ਤੁਰੰਤ ਡਾਊਨਲੋਡ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ 'ਤੇ ਹੈਲਪ ਆਪਸ਼ਨ ਦਬਾਉਂਦਿਆਂ ਹੀ ਪੁਲਸ ਕਮਿਸ਼ਨਰ, ਸਹਾਇਕ ਪੁਲਸ ਕਮਿਸ਼ਨਰ, ਥਾਣਾ ਮੁਖੀ, ਕੰਟਰੋਲ ਰੂਮ ਅਤੇ 10 ਹੋਰ ਸੰਪਰਕ ਨੰਬਰਾਂ 'ਤੇ ਜਿਸ ਨੂੰ ਔਰਤਾਂ ਦੇ ਨਾਲ ਜੋੜਿਆ ਹੈ, ਨੂੰ ਤੁਰੰਤ ਮਦਦ ਦੇ ਲਈ ਮੈਸੇਜ ਪਹੁੰਚ ਜਾਵੇਗਾ, ਜਿਸ ਦੇ ਨਾਲ ਹੀ ਕੁਝ ਸਮੇਂ 'ਚ ਹੀ ਔਰਤਾਂ ਨੂੰ ਪੁਲਸ ਵਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਭੁੱਲਰ ਨੇ ਦੱਸਿਆ ਕਿ ਇਸ 'ਚ ਖਾਸ ਗੱਲ ਇਹ ਹੈ ਕਿ ਜਿਸ ਥਾਂ 'ਤੇ ਖੜ੍ਹੀ ਹੋ ਕੇ ਮਹਿਲਾ ਸੁਰੱਖਿਆ ਦੀ ਮੰਗ ਕਰੇਗੀ, ਐਪ 'ਤੇ ਬਟਨ ਦਬਾਉਂਦਿਆਂ ਹੀ ਪੁਲਸ ਨੂੰ ਇਸ ਦੀ ਲੁਕੇਸ਼ਨ ਦਾ ਪਤਾ ਵੀ ਚੱਲ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਸ਼ਕਤੀ ਐਪ ਐੈਂਡਰਾਇਡ ਫੋਨ ਮੋਬਾਇਲ 'ਤੇ ਉਪਲਬਧ ਹੋਵੇਗੀ, ਜਿਸ 'ਚ ਐੱਸ. ਓ. ਐੱਸ. (ਮੈਂ ਕਿੱਥੇ ਹਾਂ) ਕਲਿਕ ਅਤੇ ਮੇਲ ਅਤੇ ਪੁਲਸ ਸਟੇਸ਼ਨਾਂ ਦੀ ਸਾਰੀ ਜਾਣਕਾਰੀ ਸ਼ਾਮਲ ਹੋਵੇਗੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਾਲੀ ਇਹ ਐਪ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆਂ ਦੀ ਫੋਟੋ ਖਿੱਚ ਕੇ ਪੁਲਸ ਨੂੰ ਭੇਜਣ ਦੀ ਮਦਦ ਦੇ ਲਈ ਵੀ ਔਰਤਾਂ ਦੀ ਮਦਦ ਕਰੇਗੀ। ਪੁਲਸ ਐਪ ਦੇ ਰਾਹੀਂ ਫੋਟੋ ਮਿਲਦਿਆਂ ਹੀ ਤੁਰੰਤ ਕਾਰਵਾਈ ਕਰੇਗੀ।

ਭੁੱਲਰ ਨੇ ਦੱਸਿਆ ਕਿ ਔਰਤਾਂ ਦੇ ਨਾਲ ਹੋਣ ਵਾਲੇ ਅਪਰਾਧਾਂ 'ਤੇ ਲਗਾਮ ਲਾਉਣ ਲਈ ਔਰਤਾਂ ਨੂੰ ਇਸ ਐਪ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ਦੇ ਅਧਿਕਾਰੀਆਂ ਵਲੋਂ ਸਕੂਲਾਂ ਅਤੇ ਕਾਲਜਾਂ 'ਚ ਜਾ ਕੇ ਲੜਕੀਆਂ ਨੂੰ ਐਪ ਚਲਾਉਣ ਅਤੇ ਉਸ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸਦੇ ਨਾਲ ਹੀ ਇਸ ਸੈਮੀਨਾਰ 'ਚ ਟੈਕਸੀ ਅਤੇ ਆਟੋ ਯੂਨੀਅਨਾਂ ਵਲੋਂ ਕਮਿਸ਼ਨਰੇਟ ਪੁਲਸ ਦੀ ਇਸ ਕਾਰਗੁਜ਼ਾਰੀ ਦੀ ਤਾਰੀਫ ਕੀਤੀ ਗਈ। ਇਸ ਮੌਕੇ ਡੀ. ਸੀ. ਪੀ. ਗੁਰਮੀਤ ਸਿੰਘ, ਅਰੁਣ ਸੈਣੀ ਅਤੇ ਕਈ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਤੇ ਹੋਰ ਸਟਾਫ ਮੌਜੂਦ ਸੀ।


cherry

Content Editor

Related News