ਪਹਿਲਾਂ ਅਕਾਲੀਆਂ ਦੀ, ਹੁਣ ਕਾਂਗਰਸ ਦੀ ਸਰਪ੍ਰਸਤੀ ’ਚ ਪੈਦਾ ਹੋ ਰਿਹਾ ਮਾਈਨ ਮਾਫੀਆ
Friday, Jan 31, 2020 - 11:56 AM (IST)
ਜਲੰਧਰ (ਵਿਸ਼ੇਸ਼) – ਹਾਲ ਹੀ ’ਚ ਜੰਮੂ ਦੇ ਕਠੂਆ ’ਚ ਨਾਜਾਇਜ਼ ਖਨਨ ’ਤੇ ਹੋਏ ਹਾਈ ਵੋਲਟੇਜ ਡਰਾਮੇ ਨੇ ਇਕ ਵਾਰ ਫਿਰ ਤੋਂ ਪੰਜਾਬ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਵੇਂ ਇਸ ਮਾਮਲੇ ’ਚ ਰਾਵੀ ਕਿਨਾਰੇ ਨਿਰੀਖਣ ਕਰਨ ਆਏ ਮਾਈਨਿੰਗ ਅਧਿਕਾਰੀ ਜੰਮੂ ਦੇ ਸਨ ਪਰ ਨਦੀ ਕਿਨਾਰਿਓਂ ਨਾਜਾਇਜ਼ ਖਨਨ ਕਰਨ ਦੇ ਦੋਸ਼ ਕੈਪਟਨ ਸਰਕਾਰ ’ਚ ਕਾਂਗਰਸ ਦੇ ਵਿਧਾਇਕ ’ਤੇ ਲੱਗੇ ਹਨ। ਕੈਪਟਨ ਸਰਕਾਰ ਮਾਈਨ ਮਾਫੀਆ ਨੂੰ ਸ਼ਹਿ ਦੇਣ ਤੋਂ ਆਪਣਾ ਪੱਲਾ ਝਾੜ ਲਵੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਦੀ ਸਰਪ੍ਰਸਤੀ ’ਚ ਮਾਈਨ ਮਾਫੀਆ ਦੇ ਹੌਸਲੇ ਬੁਲੰਦ ਹੋਏ ਹਨ। ਜ਼ਿਕਰਯੋਗ ਹੈ ਕਿ 2017 ਤੋਂ ਪਹਿਲਾਂ ਮਾਈਨ ਮਾਫੀਆ ਦਾ ਸੂਬੇ ਤੋਂ ਸਫਾਇਆ ਕਰਨ ਦਾ ਨਾਅਰਾ ਲੈ ਕਾਂਗਰਸ ਸੱਤਾ ’ਤੇ ਕਾਬਜ਼ ਹੋਈ ਸੀ। ਦੋਸ਼ ਸੀ ਕਿ ਮਾਈਨ ਮਾਫੀਆ ਅਕਾਲੀਆਂ ਦੀ ਸਰਪ੍ਰਸਤੀ ’ਚ ਚੱਲ ਰਿਹਾ ਹੈ।
2016 ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਸਿਖਰ ’ਤੇ ਸਨ। ਇਸ ਦੌਰਾਨ ਕੈਪਟਨ ਨੇ ਪਿੰਡ-ਪਿੰਡ ਜਾ ਕੇ ਜਿਥੇ ਪੰਜਾਬ ਤੋਂ 4 ਹਫਤਿਆਂ ’ਚ ਨਸ਼ੇ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਸੀ, ਉਥੇ ਦੂਜੇ ਪਾਸੇ ਸੂਬੇ ਦੇ ਲੋਕਾਂ ਨੂੰ ਮਾਈਨ ਮਾਫੀਆ ਤੋਂ ਨਿਜਾਤ ਦਿਵਾਉਣ ਦਾ ਵਾਅਦਾ ਕੀਤਾ ਸੀ। ਮਾਰਚ 2017 ’ਚ ਸੱਤਾ ਪਰਿਵਰਤਨ ਹੋਇਆ ਅਤੇ ਕੈਪਟਨ ਨੇ ਸੂਬੇ ਦੀ ਵਾਗਡੋਰ ਆਪਣੇ ਹੱਥਾਂ ’ਚ ਲੈ ਲਈ। ਅਜੇ ਸਰਕਾਰ ਬਣੀ ਨੂੰ ਸਿਰਫ 3 ਮਹੀਨੇ ਹੀ ਹੋਏ ਸਨ ਕਿ ਮਾਈਨ ਮਾਫੀਆ ਦਾ ਸਫਾਇਆ ਕਰਨ ਦਾ ਨਾਅਰਾ ਦੇਣ ਵਾਲੀ ਕੈਪਟਨ ਸਰਕਾਰ ਦੇ ਆਪਣੇ ਮੰਤਰੀ ਰਾਣਾ ਗੁਰਜੀਤ ਸਿੰਘ ਮਾਈਨਿੰਗ ਘਪਲੇ ’ਚ ਫਸ ਗਏ। ਮਾਮਲਾ ਦਿਲਚਸਪ ਸੀ।
ਤਤਕਾਲੀਨ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਾਬਕਾ ਰਸੋਈਏ ਅਮਿਤ ਬਹਾਦੁਰ ਜਿਸ ਦੇ ਬੈਂਕ ਖਾਤੇ ’ਚ 5 ਹਜ਼ਾਰ ਰੁਪਏ ਤੋਂ ਘੱਟ ਸਨ, ਨੇ 26 ਕਰੋੜ ਦੀ ਬੋਲੀ ਲਾ ਰੇਤ ਖਨਨ ਦਾ ਅਧਿਕਾਰ ਹਾਸਲ ਕੀਤਾ ਸੀ। ਕੈਪਟਨ ਸਰਕਾਰ ’ਚ 19 ਅਪ੍ਰੈਲ 2017 ਨੂੰ ਖਨਨ ਬੋਲੀ ਲਾਈ ਗਈ ਸੀ। ਖਨਨ ਦਾ ਅਧਿਕਾਰ ਹਾਸਲ ਕਰਨ ਵਾਲੇ ਅਮਿਤ ਬਹਾਦੁਰ ਨੂੰ 21 ਅਤੇ 22 ਮਈ ਤੱਕ ਸਾਰੀ ਰਾਸ਼ੀ ਜਮ੍ਹਾ ਕਰਵਾਉਣੀ ਸੀ, ਜਦਕਿ ਜਾਂਚ ’ਚ ਪਾਇਆ ਗਿਆ ਸੀ ਕਿ ਅਮਿਤ ਬਹਾਦੁਰ ਦੇ ਭਾਰਤੀ ਸਟੇਟ ਬੈਂਕ ਦੇ ਖਾਤੇ ’ਚ ਅਪ੍ਰੈਲ (2017) ਤੱਕ ਸਿਰਫ 4840 ਰੁਪਏ ਸਨ। ਇਸ ਘਟਨਾ ਨੇ ਪੂਰੇ ਪ੍ਰਦੇਸ਼ ਦੀ ਜਨਤਾ ਨੂੰ ਹੈਰਾਨ ਕਰ ਦਿੱਤਾ ਸੀ। ਸਰਕਾਰ ਬਣੀ ਨੂੰ ਅਜੇ 3 ਮਹੀਨੇ ਹੋਏ ਸਨ ਅਤੇ 5 ਸਾਲ ਦਾ ਸਫਰ ਬਾਕੀ ਸੀ। ਇਸ ਦੌਰਾਨ ਜਨਤਾ ਨੂੰ ਇਹ ਤਾਂ ਸਮਝ ਆ ਗਿਆ ਸੀ ਕਿ ਉਸ ਨੇ ਕਾਂਗਰਸ ’ਤੇ ਭਰੋਸਾ ਕਰ ਕੇ ਸੱਤਾ ਤਾਂ ਦਿਵਾ ਦਿੱਤੀ ਪਰ ਹਾਲਾਤ ਅਕਾਲੀ ਸਰਕਾਰ ਵਰਗੇ ਸਾਹਮਣੇ ਆਏ। ਮੁੱਖ ਮੰਤਰੀ ਦੁਵਿਧਾ ’ਚ ਆ ਗਏ ਸਨ। ਇਕ ਪਾਸੇ ਉਨ੍ਹਾਂ ਨੇ ਸਭ ਤੋਂ ਚਹੇਤੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਚਾਉਣਾ ਸੀ ਅਤੇ ਦੂਜੇ ਪਾਸੇ ਸਰਕਾਰ ਦੀ ਸਾਖ ਦਾਅ ’ਤੇ ਲੱਗ ਚੁੱਕੀ ਸੀ। ਖਾਨਾਪੂਰਤੀ ਲਈ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ। ਰਾਣਾ ਤੋਂ ਅਸਤੀਫਾ ਲੈ ਲਿਆ ਗਿਆ। ਰਿਟਾ. ਜੱਜ ਜੇ. ਐੱਸ. ਨਾਰੰਗ ਦੀ ਪ੍ਰਧਾਨਗੀ ’ਚ ਇਕ ਮੈਂਬਰੀ ਅਯੋਗ ਦਾ ਗਠਨ ਹੋਇਆ। ਅਪ੍ਰੈਲ ’ਚ ਇਹ ਘਪਲਾ ਸਾਹਮਣੇ ਆਇਆ ਸੀ ਅਤੇ ਜੂਨ ’ਚ ਇਸ ਕਮਿਸ਼ਨ ਨੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ।
ਲੋਕ ਭੁੱਲ ਜਾਂਦੇ ਹਨ ਮੁੱਦੇ
ਵੱਡੇ ਪੱਧਰ ’ਤੇ ਹੋਏ ਇਸ ਮਾਈਨ ਘਪਲੇ ਨੂੰ ਲੋਕ ਜ਼ਿਆਦਾ ਦੇਰ ਤੱਕ ਯਾਦ ਨਹੀਂ ਰੱਖ ਸਕੇ। ਪ੍ਰਦੇਸ਼ ’ਚ ਜਿੰਨੀ ਮਾਈਨਿੰਗ ਦੀਆਂ ਨੀਲਾਮੀਆਂ ਹੋਈਆਂ, ਕਿਹਾ ਜਾਂਦਾ ਹੈ ਕਿ ਉਹ ਸਾਰੀਆਂ ਕਾਂਗਰਸ ਆਗੂਆਂ ਦੇ ਚਹੇਤਿਆਂ ਦੇ ਅਧਿਕਾਰ ’ਚ ਕੀਤੀਆਂ ਗਈਆਂ। 2018 ਤੱਕ ‘ਆਪ’ ਇਸ ਮਾਮਲੇ ’ਤੇ ਚੌਕਸ ਰਹੀ। ਰੋਪੜ ’ਚ ਇਕ ਮਾਈਨ ਦਾ ਨਿਰੀਖਣ ਕਰਨ ਗਏ ‘ਆਪ’ ਵਿਧਾਇਕ ਦੀ ਤਾਂ ਸਾਈਟ ’ਤੇ ਜੰਮ ਕੇ ਕੁੱਟਮਾਰ ਹੋਈ। ਆਏ ਦਿਨ ਮੁੱਦੇ ਬਦਲਦੇ ਰਹੇ। ਕਦੇ ਬੇਅਦਬੀ ਦੇ ਮਾਮਲੇ ਹਾਵੀ ਹੋਏ ਤੇ ਕਦੇ ਅੱਤਵਾਦ ਨਾਲ ਸਬੰਧਤ ਘਟਨਾਵਾਂ ਨੇ ਜਨਤਾ ਦਾ ਧਿਆਨ ਕਿਤੇ ਹੋਰ ਪਾਸੇ ਕੀਤਾ। ਵਿਰੋਧ ’ਚ ਬੈਠਾ ਅਕਾਲੀ ਦਲ ਹੁਣ ਦੋਸ਼ ਲਾ ਰਿਹਾ ਹੈ ਕਿ ਮਾਈਨ ਮਾਫੀਆ ਸਰਕਾਰ ਦੀ ਸਰਪ੍ਰਸਤੀ ’ਚ ਪੈਦਾ ਹੋ ਰਿਹਾ ਹੈ, ਜਦਕਿ ਪਹਿਲਾਂ ਵਿਰੋਧ ’ਚ ਬੈਠੀ ਕਾਂਗਰਸ ਦਾ ਇਹੀ ਦੋਸ਼ ਸੀ।
ਗਰੀਬ ਹੋਏ ਕਿਸਾਨ ਅਤੇ ਚਾਂਦੀ ਕੁਟਦਾ ਮਾਈਨ ਮਾਫੀਆ
ਹੁਣ ਤੁਹਾਨੂੰ ਯਾਦ ਦਿਵਾਉਂਦੇ ਹਾਂ ਕਿ 2015 ਦੀ ਜਦੋਂ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਕਾਬਜ਼ ਸੀ। ਇਸ ਦੌਰਾਨ ਲੰਬੇ ਸਮੇਂ ਤੋਂ ਸੱਤਾ ਲਈ ਲਲਚਾ ਰਹੀ ਕਾਂਗਰਸ ਨੇ ਪੂਰੇ ਸੂਬੇ ਵਿਚ ਮਾਈਨ ਮਾਫੀਆ ਖਿਲਾਫ ਮੋਰਚਾ ਖੋਲ੍ਹ ਰੱਖਿਆ ਸੀ। ਕਾਂਗਰਸ ਦਾ ਦੋਸ਼ ਸੀ ਕਿ ਅਕਾਲੀ ਰਾਜ ਵਿਚ ਰੇਤ-ਬਜਰੀ ਸੋਨੇ ਦੇ ਭਾਅ ਵਿਕ ਰਹੀ ਹੈ। ਮਾਈਨ ਮਾਫੀਆ ਕਿਸਾਨਾਂ ਤੋਂ ਜ਼ਮੀਨ ਜਬਰਨ ਲੀਜ਼ ’ਤੇ ਲੈ ਕੇ 100-100 ਫੁੱਟ ਤੱਕ ਖੋਦਾਈ ਕਰਦਾ ਸੀ। ਸਤਲੁਜ, ਬਿਆਸ ਅਤੇ ਰਾਵੀ ਦੇ ਕਿਨਾਰਿਆਂ ’ਤੇ ਲੱਗੇ ਕ੍ਰਸ਼ਰਾਂ ਨੇ ਉਪਜਾਊ ਜ਼ਮੀਨ ਦੀ ਸਿਹਤ ਵਿਗਾੜ ਰੱਖੀ ਸੀ। ਜ਼ਮੀਨ ਦੇ ਮਾਲਕ ਕਿਸਾਨ ਗਰੀਬ ਹੁੰਦੇ ਜਾ ਰਹੇ ਸਨ ਅਤੇ ਮਾਈਨ ਮਾਫੀਆ ਉਨ੍ਹਾਂ ਦੀਆਂ ਜ਼ਮੀਨਾਂ ਨਾਲ ਸੋਨਾ ਚਾਂਦੀ ਕੁੱਟ ਰਿਹਾ ਸੀ। ਕਾਂਗਰਸ ਦਾ ਸੱਤਾ ਵਿਚ ਆਉਣ ਦਾ ਡਰੱਗ ਮਾਫੀਆ ਤੋਂ ਬਾਅਦ ਇਹ ਦੂਸਰਾ ਕਾਰਣ ਸੀ।
ਮਾਈਨ ਮਾਫੀਆ ਦੇ ਹੌਸਲੇ ਬੁਲੰਦ
ਮਾਮਲਾ 10 ਦਿਨ ਪਹਿਲਾਂ ਦਾ ਹੈ। ਥਾਣਾ ਜ਼ੀਰਾ ਸਦਰ ਦੇ ਅਧੀਨ ਪਿੰਡ ਚੱਬਾ ਦੇ ਖੇਤਾਂ ਵਿਚ ਚੱਲ ਰਹੀ ਨਾਜਾਇਜ਼ ਰੇਤ ਖਨਨ ਰੋਕਣ ਲਈ ਪਹੁੰਚੀ ਪੁਲਸ ਪਾਰਟੀ ’ਤੇ ਮਾਫੀਆ ਨੇ ਹਮਲਾ ਬੋਲ ਦਿੱਤਾ। ਇਹੀ ਨਹੀਂ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਫਰਾਰ ਹੋ ਗਏ। ਪੁਲਸ ਮੁਤਾਬਕ ਏ.ਐੱਸ. ਆਈ. ਸੁਰਿੰਦਰਪਾਲ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਕਿ ਸੂਚਨਾ ਦੇ ਆਧਾਰ ’ਤੇ ਪਿੰਡ ਚੱਬਾ ’ਚ ਪੁਲਸ ਪਾਰਟੀ ਨੇ ਦੱਸੀ ਜਗ੍ਹਾ ’ਤੇ ਛਾਪੇਮਾਰੀ ਕੀਤੀ। ਪੁਲਸ ਪਾਰਟੀ ਨੂੰ ਆਉਂਦਾ ਦੇਖ ਕੇ ਰੇਤ ਮਾਫੀਆ ਨੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਹਥਿਆਰਾਂ ਨਾਲ ਲੈਸ ਮੋਟਰਸਾਈਕਲਾਂ ’ਤੇ ਆਏ ਮੁਲਜ਼ਮਾਂ ਨੇ ਪੁਲਸ ’ਤੇ ਹਮਲਾ ਬੋਲ ਦਿੱਤਾ। ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਮੁਲਜ਼ਮ ਨਾਜਾਇਜ਼ ਤਰੀਕੇ ਨਾਲ ਖੇਤਾਂ ’ਚੋਂ ਰੇਤ ਦੀ ਨਿਕਾਸੀ ਕਰ ਰਹੇ ਸਨ।
ਰਾਵੀ ਹੀ ਨਹੀਂ, ਬਿਆਸ ਤੇ ਸਤਲੁਜ ’ਚ ਵੀ ਹੁੰਦੀ ਹੈ ਮਾਈਨਿੰਗ
ਰੇਤ ਮਾਫੀਆ ਵਾਤਾਵਰਣ ਅਤੇ ਖਣਿਜ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬਿਆਸ ਅਤੇ ਸਤਲੁਜ ਦਰਿਆ ’ਚ ਨਾਜਾਇਜ਼ ਰੇਤ ਖਨਨ ਕਰ ਰਹੇ ਹਨ। ਮੰਡ ਖੇਤਰ ’ਚ ਜੇ. ਸੀ. ਬੀ. ਮਸ਼ੀਨ ਨਾਲ ਧਰਤੀ ਚੀਰ ਕੇ ਸੈਂਕੜੇ ਡੰਪਰ ਰੇਤ ਕੱਢੀ ਜਾ ਰਹੀ ਹੈ, ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਨਾਜਾਇਜ਼ ਖਨਨ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਕਾਰਵਾਈ ਕਰਦੇ ਹਨ। ਬਿਆਸ ’ਤੇ ਲਾਏ ਗਏ ਐਡਵਾਂਸ ਧੁੱਸੀ ਬੰਨ੍ਹ ਦੇ ਨੇੜਲੇ ਖੇਤਰ ’ਚ ਧੜੱਲੇ ਨਾਲ ਮਸ਼ੀਨਾਂ ਨਾਲ ਰੇਤ ਦਾ ਖਨਨ ਹੋ ਰਿਹਾ ਹੈ। ਖਨਨ ਵਿਚ 20 ਤੋਂ 30 ਫੁੱਟ ਡੂੰਘੇ ਟੋਏ ਕਰ ਕੇ ਰੇਤ ਕੱਢੀ ਜਾਣ ਕਾਰਣ ਧੁੱਸੀ ਬੰਨ੍ਹ ’ਤੇ ਖਤਰੇ ਦੇ ਬੱਦਲ ਛਾਏ ਹੋਏ ਹਨ। ਅਜਿਹਾ ਨਜ਼ਾਰਾ ਪਿੰਡ ਖਿਜਰਪੁਰ ਦੇ ਨੇੜੇ ਖੇਤਾਂ ’ਚ, ਰੈਸਟ ਹਾਊਸ ਧੁੱਸੀ ਬੰਨ੍ਹ ਤਲਵੰਡੀ ਚੌਧਰੀਆਂ ਤੋਂ ਪਿੰਡ ਛਤਰਾ ਸ਼ੇਰ ਸਿੰਘ ਵਾਲਾ ਮਾਰਗ ’ਤੇ ਧੁੱਸੀ ਬੰਨ੍ਹ ਦੇ ਨੇੜੇ ਆਦਿ ਖੇਤਰਾਂ ਦੇ ਨੇੜੇ ਵੀ ਦਿਸਦਾ ਹੈ। ਦੂਜੇ ਪਾਸੇ ਸਤਲੁਜ ਦਰਿਆ ਨੇੜੇ ਪੈਂਦੇ ਰੋਪੜ, ਨਵਾਂਸ਼ਹਿਰ ਅਤੇ ਫਿਲੌਰ ’ਚ ਰੋਕ ਦੇ ਬਾਵਜੂਦ ਧੜੱਲੇ ਨਾਲ ਮਾਈਨਿੰਗ ਹੋ ਰਹੀ ਹੈ।