ਸਾਂਸਦ ਚੌਧਰੀ ਦੇ ਗੋਦ ਲਏ ਪਿੰਡ ''ਚ ਪੁਲਸ ਦੀ ਰੇਡ, ਹੈਰੋਇਨ ਤੇ ਸ਼ਰਾਬ ਬਰਾਮਦ
Friday, Jul 19, 2019 - 10:41 AM (IST)
ਜਲੰਧਰ (ਸ਼ੋਰੀ) : ਨਸ਼ਾ ਸਮੱਗਲਰਾਂ ਖਿਲਾਫ ਦਿਹਾਤ ਪੁਲਸ ਜੰਗੀ ਪੱਧਰ 'ਤੇ ਲੜਾਈ ਲੜ ਰਹੀ ਹੈ। ਦਿਹਾਤ ਪੁਲਸ ਦੇ ਅਧਿਕਾਰੀਆਂ ਨੇ ਸਵੇਰ ਦੇ ਸਮੇ ਐੱਸ. ਟੀ. ਐੱਫ. ਪੁਲਸ ਅਧਿਕਾਰੀਆਂ ਨਾਲ ਕਰੀਬ 200 ਪੁਲਸ ਜਵਾਨਾਂ ਨਾਲ ਸਾਂਸਦ ਸੰਤੋਖ ਚੌਧਰੀ ਵਲੋਂ ਗੋਦ ਲਏ ਫਿਲੌਰ ਦੇ ਗੰਨਾ ਪਿੰਡ 'ਚ ਸਰਚ ਮੁਹਿੰਮ ਚਲਾਈ। ਪੁਲਸ ਵਲੋਂ ਜਿਨ੍ਹਾਂ ਲੋਕਾਂ ਖਿਲਾਫ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਉਨ੍ਹਾਂ ਦੇ ਘਰਾਂ ਦੀ ਚੈਕਿੰਗ ਕੀਤੀ। ਭਾਰੀ ਪੁਲਸ ਫੋਰਸ ਵੇਖ ਕੇ ਲੋਕਾਂ 'ਚ ਭੱਜ-ਦੌੜ ਮਚ ਗਈ ਅਤੇ ਸਮਝਣ ਲੱਗੇ ਕਿ ਪਿੰਡ 'ਚ ਅੱਤਵਾਦੀ ਆ ਗਏ ਹਨ ਪਰ ਜਦੋਂ ਪਤਾ ਲੱਗਾ ਕਿ ਪੁਲਸ ਨਸ਼ਾ ਸਮੱਗਲਰਾਂ ਨੂੰ ਲੈ ਕੇ ਛਾਪੇਮਾਰੀ ਕਰ ਰਹੀ ਹੈ ਤਾਂ ਲੋਕਾਂ ਦੇ ਸਾਹ 'ਚ ਸਾਹ ਆਇਆ।
ਦਰਅਸਲ ਐੱਸ. ਟੀ. ਐੱਫ. ਦੇ ਏ. ਆਈ. ਜੀ. ਹਰਵਿੰਦਰ ਸਿੰਘ, ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ, ਡੀ. ਐੱਸ. ਪੀ. ਫਿਲੌਰ ਦਵਿੰਦਰ ਅੱਤਰੀ, ਡੀ. ਐੱਸ.ਪੀ. ਹੈੱਡਕੁਆਰਟਰ ਸੁਰਿੰਦਰਪਾਲ ਸਿੰਘ, ਡੀ. ਐੱਸ.ਪੀ. ਹਰਨੀਲ ਸਿੰਘ, ਥਾਣਾ ਫਿਲੌਰ ਦੇ ਐੱਸ. ਐੱਚ. ਓ. ਪ੍ਰੇਮ ਸਿੰਘ, ਥਾਣਾ ਗੋਰਾਇਆ ਦੇ ਐੱਸ. ਐੱਚ. ਓ. ਕੇਵਲ ਸਿੰਘ, ਥਾਣਾ ਬਿਲਗਾ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਅਤੇ ਇੰਸਪੈਕਟਰ ਰਾਜੀਵ ਕੁਮਾਰ ਭਾਰੀ ਪੁਲਸ ਫੋਰਸ ਸਮੇਤ ਸਵੇਰੇ ਕਰੀਬ 5.30 ਵਜੇ ਪਿੰਡ 'ਚ ਦਾਖਲ ਹੋਏ। ਪੁਲਸ ਨੂੰ ਵੇਖ ਕੇ ਕਈ ਸ਼ੱਕੀ ਲੋਕ ਭੱਜਣ ਲੱਗੇ। ਭਾਵੇਂ ਕਿ ਪੁਲਸ ਨੇ ਮੌਕੇ ਤੋਂ ਕੁੱਝ ਨਸ਼ਾ ਸਮੱਗਲਰਾਂ ਨੂੰ ਕਾਬੂ ਵੀ ਕੀਤਾ ਅਤੇ ਨਾਲ ਹੀ ਕੁੱਝ ਸ਼ੱਕੀ ਲੋਕਾਂ ਨੂੰ ਰਾਊਂਡਅਪ ਵੀ ਕੀਤਾ। ਪੁਲਸ ਨੇ ਸਰਚ ਦੌਰਾਨ ਡਾਗ ਸਕੁਐਡ ਦੀ ਵੀ ਮਦਦ ਲਈ।
ਡੀ. ਐੱਸ. ਪੀ. ਫਿਲੌਰ ਦਵਿੰਦਰ ਅੱਤਰੀ ਨੇ ਦੱਸਿਆ ਕਿ ਪੁਲਸ ਨੇ ਗੁਰਪਾਲ ਸਿੰਘ ਬਾਜਵਾ ਪੁੱਤਰ ਰਣਜੀਤ ਸਿੰਘ ਵਾਸੀ ਗੰਨਾ ਪਿੰਡ ਜੋ ਕਿ 4 ਸਾਲ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਆਇਆ ਸੀ, ਉਸ ਕੋਲੋਂ ਪੁਲਸ ਨੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਨਾਲ ਹੀ ਸੁਖਵਿੰਦਰ ਸੁੱਖਾ ਪੁੱਤਰ ਤਰਸੇਮ ਲਾਲ ਵਾਸੀ ਗੰਨਾ ਪਿੰਡ ਕੋਲੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਬਲਵਿੰਦਰ ਕੌਰ ਪਤਨੀ ਸੁਰਜੀਤ ਰਾਮ ਵਾਸੀ ਗੰਨਾ ਪਿੰਡ ਕੋਲੋਂ 6 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਭੋਲੀ ਪਤਨੀ ਸ਼ਾਮ ਲਾਲ ਵਾਸੀ ਗੰਨਾ ਪਿੰਡ ਕੋਲੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ।
ਡੀ. ਐੱਸ. ਪੀ. ਫਿਲੌਰ ਨੇ ਦੱਸਿਆ ਕਿ ਗੰਨਾ ਪਿੰਡ ਪਹਿਲਾਂ ਨਸ਼ਾ ਸਮੱਗਲਿੰਗ ਨੂੰ ਲੈ ਕੇ ਕਾਫੀ ਚਰਚਾ 'ਚ ਰਿਹਾ ਹੈ ਪਰ ਪੁਲਸ ਦੀ ਸਖ਼ਤੀ ਦੇ ਕਾਰਣ ਕਈ ਨਸ਼ਾ ਸਮੱਗਲਰ ਜੇਲ 'ਚ ਬੰਦ ਹਨ ਅਤੇ ਕਈ ਇਲਾਕਾ ਛੱਡ ਕੇ ਭੱਜ ਗਏ ਹਨ।