ਧਾਰਾ-188 ਦਾ ਨਹੀਂ ਕੋਈ ਖੌਫ, ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ

Monday, Feb 04, 2019 - 09:49 AM (IST)

ਧਾਰਾ-188 ਦਾ ਨਹੀਂ ਕੋਈ ਖੌਫ, ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ

ਜਲੰਧਰ (ਮਹੇਸ਼) - 6 ਦਿਨ ਬਾਅਦ 10 ਫਰਵਰੀ ਨੂੰ ਆ ਰਹੀ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਮਹਾਨਗਰ 'ਚ ਪਤੰਗਾਂ ਤੇ ਡੋਰਾਂ ਦੀਆਂ ਦੁਕਾਨਾਂ ਸਜੀਆਂ ਹਨ, ਉਥੇ ਹੀ ਉਕਤ ਸੀਜ਼ਨ 'ਚ ਮੋਟੀ ਕਮਾਈ ਕਰਨ ਲਈ ਧੜੱਲੇ ਨਾਲ ਚਾਈਨਾ ਡੋਰ ਵੇਚੀ ਜਾ ਰਹੀ ਹੈ। ਇਸ ਡੋਰ ਨੂੰ ਵੇਚਣ ਲਈ ਬੇਸ਼ਕ ਡੀ. ਸੀ. ਦੇ ਆਦੇਸ਼ਾਂ 'ਤੇ ਧਾਰਾ-188 ਤਹਿਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਫੜੇ ਜਾਣ 'ਤੇ ਸਾਰਾ ਸਾਮਾਨ ਵੀ ਜ਼ਬਤ ਕਰ ਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਚਾਈਨਾ ਡੋਰ ਦੇ ਇਸ ਧੰਦੇ ਨੂੰ ਬੇਖੌਫ ਹੋ ਕੇ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਤਾਂ ਇਹ ਹੀ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਫੜੇ ਵੀ ਗਏ ਤੇ ਧਾਰਾ 188 ਲੱਗ ਵੀ ਗਈ ਤਾਂ ਸਿਰਫ 100 ਰੁਪਏ ਦੇ ਕੇ ਜ਼ਮਾਨਤ ਤਾਂ ਮਿਲ ਹੀ ਜਾਵੇਗੀ। ਉਨ੍ਹਾਂ ਦਾ ਜ਼ਬਤ ਸਾਮਾਨ ਵੀ ਕੇਸ 'ਚੋਂ ਕਲੀਨ ਚਿੱਟ ਮਿਲਣ 'ਤੇ ਵਾਪਸ ਕਰ ਦਿੱਤਾ ਜਾਵੇਗਾ।ਇਹ ਪਤਾ ਲਗਦਾ ਹੈ ਕਿ ਜੁਰਮਾਨਾ 100 ਰੁਪਏ ਤੋਂ 1000 ਰੁਪਏ ਤਕ ਦਾ ਹੈ ਪਰ ਜੱਜ ਸਾਹਿਬ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਜੁਰਮਾਨਾ ਲਾਉਂਦੇ ਹਨ। ਜ਼ਿਆਦਾਤਰ ਲੋਕਾਂ ਦਾ 100 ਰੁਪਏ 'ਚ ਛੁਟਕਾਰਾ ਹੋ ਜਾਂਦਾ ਹੈ।

ਪੰਛੀ ਹੀ ਨਹੀਂ ਆਮ ਆਦਮੀ ਵੀ ਹੋ ਰਹੇ ਹਨ 'ਖੂਨੀ ਡੋਰ' ਦੇ ਸ਼ਿਕਾਰ
ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਪੰਛੀ ਜਾਂ ਜਾਨਵਰ ਹੀ ਨਹੀਂ, ਸਗੋਂ ਆਮ ਆਦਮੀ ਵੀ ਇਸ ਡੋਰ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਰਹੇ ਹਨ ਅਤੇ ਇਹ ਜਾਨਲੇਵਾ ਵੀ ਸਿੱਧ ਹੋ ਰਹੀ ਹੈ। ਇਸ ਨਾਲ ਕਈ ਪੰਛੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਬੱਚੇ ਵੀ ਗੰਭੀਰ ਜ਼ਖਮੀ ਹੋ ਚੁੱਕੇ ਹਨ।
ਤੇਜ਼ ਤੇ ਤਿੱਖੀ ਡੋਰ ਪਤੰਗਬਾਜ਼ਾਂ ਦੀ ਪਹਿਲੀ ਪਸੰਦ
ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਉਕਤ ਤੇਜ਼ ਅਤੇ ਤਿੱਖੀ ਡੋਰ ਪਹਿਲੀ ਪਸੰਦ ਹੈ। ਆਮ ਡੋਰ ਦੀ ਜਗ੍ਹਾ ਚਾਈਨਾ ਡੋਰ ਨੇ ਆਪਣੀ ਇਕ ਖਾਸ ਪਛਾਣ ਬਣਾ ਲਈ ਹੈ। ਚਾਈਨਾ ਡੋਰ ਪਹਿਲਾਂ ਦੀ ਡੋਰ ਨਾਲੋਂ ਸਸਤੀ ਹੈ, ਇਸ ਲਈ ਇਸ ਦੀ ਵਿਕਰੀ ਵੀ ਜ਼ਿਆਦਾ ਹੈ। ਗਾਹਕ ਲਈ ਉਕਤ ਡੋਰ ਹੁਣ ਪਹਿਲੀ ਪਸੰਦ ਬਣ ਚੁੱਕੀ ਹੈ।

ਕੱਚ ਨੂੰ ਬਰੀਕ ਕਰ ਕੇ ਬਣਾਉਂਦੇ ਹਨ ਡੋਰ
ਪਤੰਗਬਾਜ਼ੀ ਕਰਨ ਵਾਲਾ ਹਰ ਬੱਚਾ ਆਪਣੀ ਜਿੱਤ ਦੇ ਬਾਰੇ 'ਚ ਹੀ ਸੋਚਦਾ ਹੈ। ਇਸ ਲਈ ਉਹ ਉਕਤ ਡੋਰ ਖਰੀਦਦੇ ਹਨ। ਇਸ ਡੋਰ 'ਚ ਕੱਚ ਦਾ ਬਰੀਕ ਬੂਰਾ ਮਿਲਾਇਆ ਜਾਂਦਾ ਹੈ। ਇਸ ਨਾਲ ਕਈ ਵਾਰ ਪਤੰਗਬਾਜ਼ਾਂ ਦੇ ਹੱਥ ਵੀ ਜ਼ਖਮੀ ਹੋ ਚੁੱਕੇ ਹਨ।
ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਰਹੇਗੀ ਸਖਤ ਨਜ਼ਰ
ਚਾਈਨਾ ਡੋਰ ਵੇਚਣ ਵਾਲਿਆਂ 'ਤੇ ਇਸ ਵਾਰ ਜ਼ਿਲੇ ਦੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਸਖਤ ਨਜ਼ਰ ਰਹੇਗੀ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਜ਼ਿਲੇ ਭਰ 'ਚ ਆਦੇਸ਼ ਦਿੱਤੇ ਹਨ ਕਿ ਕਿਸੇ ਵੀ ਦੁਕਾਨਦਾਰ ਨੂੰ ਚਾਈਨਾ ਡੋਰ ਵੇਚਣ ਦੀ ਇਜ਼ਾਜਤ ਨਾ ਦਿੱਤੀ ਜਾਵੇ। ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇ।
ਲੋਕ ਸਭਾ 'ਚ ਚੁੱਕਾਂਗੇ ਮੁੱਦਾ : ਸੰਤੋਖ ਚੌਧਰੀ
ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਉਕਤ ਡੋਰ ਦੀ ਵਿਕਰੀ ਬੰਦ ਹੋਵੇ। ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ। ਇਸ ਲਈ ਉਹ ਉਕਤ ਮੁੱਦਾ ਲੋਕ ਸਭਾ 'ਚ ਚੁੱਕਣਗੇ। ਉਨ੍ਹਾਂ ਕਿਹਾ ਕਿ ਜੋ ਲੋਕ ਇਹ ਧੰਦਾ ਕਰ ਰਹੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮਾਨਤ ਹੋਣ ਦੀ ਜਗ੍ਹਾ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ।
ਸਖਤ ਕਾਨੂੰਨ ਬਣਨਾ ਚਾਹੀਦਾ ਹੈ : ਰਾਜਿੰਦਰ ਬੇਰੀ
ਸੈਂਟਰਲ ਹਲਕਾ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਖਤਰਨਾਕ ਮੰਨੀ ਜਾਂਦੀ ਇਸ ਡੋਰ 'ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ 'ਤੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਤਾਂ ਹੀ ਇਸ ਦਾ ਡਰ ਚਾਈਨਾ ਡੋਰ ਵੇਚਣ ਵਾਲਿਆਂ 'ਚ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਉਕਤ ਮੁੱਦੇ ਨੂੰ ਵਿਧਾਨ ਸਭਾ 'ਚ ਵੀ ਚੁੱਕਣਗੇ ਤਾਂ ਕਿ ਧਾਰਾ 188 ਤਹਿਤ ਫੜੇ ਜਾਣ ਵਾਲਿਆਂ ਨੂੰ ਸਿਰਫ 100 ਰੁਪਏ ਲੈ ਕੇ ਜ਼ਮਾਨਤ 'ਤੇ ਨਾ ਛੱਡਿਆ ਜਾਵੇ। ਉਕਤ ਦੋਸ਼ੀਆਂ ਨੂੰ ਸਬਕ ਸਿਖਾਇਆ ਜਾਵੇ।


author

rajwinder kaur

Content Editor

Related News