ਦਿੱਲੀ ''ਚ ਭਾਜਪਾ ਨੂੰ ਸਬਕ ਸਿਖਾਏਗਾ ਅਕਾਲੀ ਦਲ, ਆਪ ਨੂੰ ਹੋਵੇਗਾ ਸਮਰਥਨ?

01/25/2020 9:11:05 AM

ਜਲੰਧਰ (ਬੁਲੰਦ) : ਦਿੱਲੀ ਵਿਧਾਨ ਸਭਾ ਚੋਣਾਂ ਜਿਸ ਤਰ੍ਹਾਂ ਭਾਜਪਾ ਨੇ ਅਕਾਲੀ ਦਲ ਨੂੰ ਮੱਖਣ 'ਚੋਂ ਵਾਲ ਦੀ ਤਰ੍ਹਾਂ ਬਾਹਰ ਸੁੱਟਿਆ ਹੈ। ਉਸ ਨਾਲ ਅਕਾਲੀ ਦਲ ਦੀ ਹਾਲਤ ਬਹੁਤ ਦੁਖਦਾਈ ਹੋ ਚੁੱਕੀ ਹੈ। ਆਪਣੇ-ਆਪ ਨੂੰ ਇਸ ਦੁੱਖ ਤੋਂ ਬਚਾਉਣ ਲਈ ਅਕਾਲੀ ਦਲ ਦੇ ਦਿੱਲੀ ਅਤੇ ਪੰਜਾਬ ਇਕਾਈ ਦੇ ਆਗੂ ਸੀ. ਏ. ਏ. ਦੇ ਨਾਂ 'ਤੇ ਚੋਣਾਂ ਤੋਂ ਪਿੱਛੇ ਹਟਣ ਦੀ ਗੱਲ ਕਹਿ ਕੇ ਲੋਕਾਂ ਤੋਂ ਆਪਣੇ ਹੰਝੂ ਲੁਕਾਉਣ 'ਚ ਲੱਗੇ ਹਨ ਪਰ ਜੇਕਰ ਦਿੱਲੀ ਦੇ ਅਕਾਲੀ ਸੂਤਰਾਂ ਦੀ ਮੰਨੀਏ ਤਾਂ ਦਿੱਲੀ ਦੇ ਅਕਾਲੀ ਦਲ ਦੇ ਆਗੂਆਂ ਦੇ ਸੁਪਨਿਆਂ 'ਤੇ ਜਿਸ ਤਰ੍ਹਾਂ ਭਾਜਪਾ ਨੇ ਪਾਣੀ ਫੇਰ ਦਿੱਤਾ ਹੈ ਉਸ ਤੋਂ ਅਕਾਲੀ ਦਲ ਦੇ ਆਗੂਆਂ 'ਚ ਭਾਰੀ ਰੋਸ ਹੈ ਅਤੇ ਚੋਣਾਂ ਦੇ ਦੌਰਾਨ ਇਹ ਸਾਰੇ ਅਕਾਲੀ ਆਗੂ ਭਾਜਪਾ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ ਕਰਨ 'ਚ ਲੱਗੇ ਹਨ।

ਆਪ ਦੇ ਹੱਕ 'ਚ ਵੋਟਾਂ ਭੁਗਤਾਏਗਾ ਅਕਾਲੀ ਦਲ
ਮਾਮਲੇ ਬਾਰੇ ਇਕ ਸੀਨੀਅਰ ਅਕਾਲੀ ਦਲ ਦੇ ਆਗੂ ਨੇ ਦੱਸਿਆ ਕਿ ਅਕਾਲੀ ਦਲ ਦੀ ਹਾਈਕਮਾਨ ਨੇ ਇਕ ਗੁਪਤ ਬੈਠਕ ਕਰ ਕੇ ਆਪਣੇ ਦਿੱਲੀ ਇਕਾਈ ਦੇ ਆਗੂਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਜਿਸ ਤਰ੍ਹਾਂ ਭਾਜਪਾ ਨੇ ਪਹਿਲਾਂ ਹਰਿਆਣਾ 'ਚ ਅਤੇ ਫਿਰ ਦਿੱਲੀ 'ਚ ਅਕਾਲੀ ਦਲ ਦਾ ਅਪਮਾਨ ਕੀਤਾ ਹੈ ਉਹ ਅਸਹਿਣਯੋਗ ਹੈ। ਬੀਤੇ ਸਾਲ ਭਾਜਪਾ 'ਚ ਹਰਿਆਣਾ 'ਚ ਇਕ ਮਾਤਰ ਅਕਾਲੀ ਦਲ ਦੇ ਵਿਧਾਇਕ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰ ਕੇ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਸੀ। ਇਸ ਵਾਰ ਦਿੱਲੀ 'ਚ ਅਕਾਲੀ ਦਲ 4 ਦੀ ਜਗ੍ਹਾ 8 ਸੀਟਾਂ ਮੰਗ ਰਿਹਾ ਹੈ ਪਰ ਭਾਜਪਾ ਨੇ ਦੋ ਕਦਮ ਅੱਗੇ ਵਧਦੇ ਹੋਏ ਅਕਾਲੀ ਦਲ ਨੂੰ 4 ਸੀਟਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਜਿਸ ਦਾ ਅਕਾਲੀ ਦਲ ਬਦਲਾ ਲੈਣ 'ਚ ਪਿੱਛੇ ਨਹੀਂ ਹਟਣ ਵਾਲਾ। ਜਾਣਕਾਰੀ ਅਨੁਸਾਰ ਅਕਾਲੀ ਦਲ ਹਾਈਕਮਾਨ ਦੇ ਕੁਝ ਨੇਤਾਵਾਂ ਦੀ ਆਪ ਪਾਰਟੀ ਦੇ ਕੁਝ ਵੱਡੇ ਨੇਤਾਵਾਂ ਨਾਲ ਬੈਠਕ ਹੋਈ ਹੈ ਜਿਸ 'ਚ ਇਹ ਤੈਅ ਹੋਇਆ ਹੈ ਕਿ ਦਿੱਲੀ ਇਸ ਚੋਣ 'ਚ ਅਕਾਲੀ ਦਲ ਦੇ ਨੇਤਾ ਆਪਣੇ ਵੋਟ ਬੈਂਕ ਆਪ ਦੇ ਖਾਤੇ 'ਚ ਸ਼ਿਫਟ ਕਰ ਸਕਦੇ ਹਨ ਅਤੇ ਸਿਰਫ ਉਨ੍ਹਾਂ ਸੀਟਾਂ 'ਤੇ ਭਾਜਪਾ ਨੇ ਸਿੱਖ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਹੈ। ਉਥੇ ਸਿੱਖ ਵੋਟ ਬੈਂਕ ਵੰਡੇਗਾ ਪਰ ਹੋਰ ਸੀਟਾਂ 'ਤੇ ਅਕਾਲੀ ਦਲ ਭਾਜਪਾ ਖਿਲਾਫ ਪੂਰੀ ਤਰ੍ਹਾਂ ਨਾਲ ਭੁਗਤਣ ਨੂੰ ਤਿਆਰ ਹੈ।

ਅਕਾਲੀ ਦਲ ਨੇ ਕਿਉਂ ਨਹੀਂ ਆਪਣੇ ਚੋਣ ਨਿਸ਼ਾਨ 'ਤੇ ਲੜਾਏ ਆਪਣੇ ਉਮੀਦਵਾਰ : ਭਾਜਪਾ
ਉਥੇ ਦਿੱਲੀ ਦੇ ਇਕ ਵੱਡੇ ਭਾਜਪਾ ਨੇਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸਲ 'ਚ ਦਿੱਲੀ 'ਚ ਅਕਾਲੀ ਦਲ ਦਾ ਕੋਈ ਵੋਟ ਬੈਂਕ ਹੀ ਨਹੀਂ ਸੀ। ਇਕ ਮਾਤਰ ਸਿਰਫ ਸਿਰਸਾ ਵਾਲੀ ਸੀਟ 'ਤੇ ਵੀ ਅਕਾਲੀ ਦਲ ਦਾ ਵੋਟ ਬੈਂਕ ਕਾਫੀ ਘੱਟ ਹੋਇਆ ਸੀ। ਸੀ. ਆਈ. ਡੀ. ਦੀ ਰਿਪੋਰਟ ਅਨੁਸਾਰ ਅਕਾਲੀ ਦਲ ਚਾਰੋਂ ਸੀਟਾਂ ਹਰਾਉਣ ਵਾਲਾ ਸੀ ਇਸ ਲਈ ਭਾਜਪਾ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਕਤ ਭਾਜਪਾ ਆਗੂ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਲਈ ਸੀ.ਏ.ਏ. ਦਾ ਬਹਾਨਾ ਲੱਭਿਆ ਅਤੇ ਜਨਤਾ ਅੱਗੇ ਨਵਾਂ ਸ਼ਗੂਫਾ ਛੱਡਿਆ। ਜੇਕਰ ਅਕਾਲੀ ਦਲ 'ਚ ਇੰਨਾ ਹੀ ਦਮ ਸੀ ਤਾਂ ਕਿਉਂ ਨਹੀਂ ਆਪਣੇ ਉਮੀਦਵਾਰਾਂ ਨੂੰ ਆਪਣੇ ਚੋਣ ਨਿਸ਼ਾਨ 'ਤੇ ਮੈਦਾਨ 'ਚ ਉਤਾਰਿਆ। ਇਸ ਤੋਂ ਸਾਫ ਹੈ ਕਿ ਅਕਾਲੀ ਦਲ ਨੂੰ ਪਤਾ ਸੀ ਕਿ ਦਿੱਲੀ 'ਚ ਚੋਣ ਲੜਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ।


Baljeet Kaur

Content Editor

Related News