ਜਲਾਲਾਬਾਦ ਦੇ ਲੋਕਾਂ ਨੂੰ ਕੋਰੋਨਾ ਦੀ ਨਹੀਂ ਪ੍ਰਵਾਹ, ਉਡਾ ਰਹੇ ਹਨ ਨਿਯਮਾਂ ਦੀਆਂ ਧੱਜੀਆਂ

Tuesday, Mar 24, 2020 - 10:50 AM (IST)

ਜਲਾਲਾਬਾਦ (ਸੇਤੀਆ) - ਜਲਾਲਾਬਾਦ ’ਚ ਰਹਿ ਰਹੇ ਕੁਝ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪ੍ਰਵਾਹ ਨਹੀਂ। ਪਾਬੰਧੀ ਲੱਗਣ ਦੇ ਬਾਵਜੂਦ ਸਵੇਰ ਹੁੰਦੇ ਸਾਰ ਦੁਕਾਨਦਾਰਾਂ ਆਪੋ-ਆਪਣੀਆਂ ਦੁਕਾਨਾਂ ਖੋਲ੍ਹ ਕੇ ਪ੍ਰਸ਼ਾਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ।ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਆਮ ਲੋਕਾਂ ਦੇ ਖਾਣ ਪੀਣ ਦੀਆਂ ਵਸਤੂਆਂ ਲਈ ਕੁਝ ਚੀਜ਼ਾਂ ’ਤੇ ਸਮੇਂ ਦੀ ਢਿੱਲ ਦਿੱਤੀ ਗਈ ਹੈ। ਇਸ ਦੇ ਬਾਵਜੂਦ ਜਲਾਲਾਬਾਦ ’ਚੋਂ ਕੁਝ ਦੁਕਾਨਦਾਰ ਸਵੇਰੇ 7 ਵਜੇ ਹੀ ਆਮ ਦੀ ਤਰ੍ਹਾਂ ਆਪਣੀਆ ਦੁਕਾਨਾਂ ਖੋਲ ਕੇ ਬੈਠ ਗਏ ਹਨ।

ਦੱਸ ਦੇਈਏ ਕਿ ਕੋਰੋਨਾ ਦੀ ਰੋਕਥਾਮ ਦੇ ਮੱਦੇਨਜ਼ਰ ਜ਼ਿਲਾ ਫਾਜ਼ਿਲਕਾ ਵਿਖੇ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਮਿਤੀ 23 ਮਾਰਚ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ। ਜ਼ਿਲਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕਰਫਿਊ ਦੀ ਸਥਿਤੀ ਨੂੰ ਦੇਖਦਿਆਂ ਫੈਸਲਾ ਲੈਂਦਿਆਂ ਕਿਹਾ ਕਿ ਲੋਕਾਂ ਦੀਆਂ ਜਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਸ਼ਹਿਰ ਵਿਚ ਦੁੱਧ ਦੀ ਸਪਲਾਈ ਹਰ ਰੋਜ਼ 24 ਮਾਰਚ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤੀ ਜਾ ਸਕੇਗੀ। ਕੋਈ ਵੀ ਡੇਅਰੀ ਮਾਲਕ ਆਪਣੀ ਦੁਕਾਨ ਦੇ ਦੁੱਧ ਦੀ ਸਪਲਾਈ ਆਮ ਜਨਤਾ ਨੂੰ ਨਹੀਂ ਕਰੇਗਾ ਅਤੇ ਆਮ ਜਨਤਾ ਆਪਣੇ ਘਰਾਂ ਤੋਂ ਬਾਹਰ ਨਹੀਂ ਆਵੇਗੀ। ਹਰ ਰੋਜ਼ ਪ੍ਰਕਾਸ਼ਿਤ ਹੋਣ ਵਾਲੀਆਂ ਅਖਬਾਰਾਂ ਦੀ ਸ਼ਹਿਰ ਵਿਚ ਸਪਲਾਈ 24 ਮਾਰਚ 2020 ਤੋਂ 31 ਮਾਰਚ 2020 ਤੱਕ ਸਵੇਰੇ 6 ਤੋਂ ਸਵੇਰੇ 8 ਵਜੇ ਤੱਕ  ਕੀਤੀ ਜਾ ਸਕੇਗੀ। ਇਸ ਦੌਰਾਨ ਘੱਟ ਤੋਂ ਘੱਟ ਹਾਕਰ ਸਬੰਧਤ ਅਖਬਾਰਾਂ  ਨੂੰ ਸ਼ਹਿਰ ਵਿੱਚ ਸਪਲਾਈ ਕਰਨ ਉਪਰੰਤ ਆਪਣੇ ਘਰਾਂ ਵਿਚ ਜਾਣ ਲਈ ਪਾਬੰਦ ਹੋਣਗੇ। 


rajwinder kaur

Content Editor

Related News