ਘੁਬਾਇਆ ਦੇ ਭਰੋਸੇ ਤੋਂ ਬਿਨ੍ਹਾਂ ਜ਼ਿਮਨੀ ਚੋਣਾਂ ਜਿੱਤਣਾ ਕਾਂਗਰਸ ਪਾਰਟੀ ਲਈ ਸੌਖਾ ਨਹੀਂ

08/18/2019 5:02:55 PM

ਜਲਾਲਾਬਾਦ (ਸੇਤੀਆ) - ਪੰਜਾਬ 'ਚ 3 ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫਗਵਾੜਾ ਅਤੇ ਦਾਖਾ 'ਚ ਹੋਣ ਵਾਲੀਆਂ ਉਪ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ, ਤਿਵੇਂ-ਤਿਵੇਂ ਕਾਂਗਰਸੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਸ਼ੱਕ ਵਾਲੀ ਸਥਿਤੀ ਨੂੰ ਸਪੱਸ਼ਟ ਕਰਨ ਦੀ ਅਪੀਲ ਕਰ ਰਹੇ ਹਨ। ਦੱਸ ਦੇਈਏ ਕਿ ਪਿਛਲੇ 4 ਮਹੀਨਿਆਂ ਤੋਂ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਤੀਫਾ ਪਾਰਟੀ ਹਾਈਕਮਾਨ ਨੂੰ ਭੇਜਿਆ ਹੋਇਆ ਹੈ, ਜੋ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ। ਦੂਜੇ ਪਾਸੇ ਸੋਨੀਆਂ ਗਾਂਧੀ ਨੂੰ ਪਾਰਟੀ ਦਾ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ ਹੈ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਫੈਸਲਾ ਜਲਦ ਕਰਨਗੇ। ਇਸ ਤੋਂ ਬਾਅਦ ਪੰਜਾਬ ਦੀਆਂ 3 ਵਿਧਾਨ ਸਭਾ ਦੇ ਉਮੀਦਵਾਰਾਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਦੌਰਾਨ ਉਮੀਦਵਾਰਾਂ ਨੂੰ ਚੋਣ ਲੜਨ ਦੀ ਝੰਡੀ ਮਿਲ ਜਾਵੇਗੀ। 

ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ 'ਚ ਅੱਧਾ ਦਰਜਨ ਦੇ ਕਰੀਬ ਸੰਭਾਵੀ ਉਮੀਦਵਾਰ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਆਪਣੀ ਡੱਫਲੀ ਵਜ੍ਹਾ ਕੇ ਟਿਕਟ ਦੀ ਦਾਅਵੇਦਾਰੀ ਪੱਕੀ ਦੱਸ ਰਹੇ ਹਨ, ਜਿਸ ਸਦਕਾ ਪਾਰਟੀ ਨੂੰ ਜ਼ਿਮਨੀ ਚੋਣ 'ਚ ਵੱਡਾ ਨੁਕਸਾਨ ਹੋ ਸਕਦਾ ਹੈ। ਵਿਰੋਧੀ ਪਾਰਟੀਆਂ ਦੇ ਲੋਕ ਆਪਣੀ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਮਜ਼ਾਕ ਬਣਾ ਰਹੇ ਹਨ। ਜਿਵੇਂ ਜਿਵੇਂ ਜ਼ਿਮਨੀ ਚੋਣ ਦਾ ਸਮਾਂ ਨੇੜੇ ਆ ਰਿਹਾ ਹੈ, ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨ ਵਾਲਿਆਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਆਏ ਦਿਨੀਂ ਕੋਈ ਨਾ ਕੋਈ ਨਵਾਂ ਚਿਹਰਾ ਆਪਣੀ ਟਿਕਟ ਦੀ ਦਾਅਵੇਦਾਰੀ ਠੋਕ ਦਿੰਦਾ ਹੈ, ਜਿਸ ਕਾਰਨ ਟਕਸਾਲੀ ਕਾਂਗਰਸੀ ਵਰਕਰ ਅਤੇ ਆਮ ਵੋਟਰ ਭੰਬਲਭੂਸੇ 'ਚ ਪਏ ਹੋਏ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਆਖਰਕਾਰ ਉਹ ਕਿਸ ਨੂੰ ਆਪਣੇ ਘਰ ਬੁਲਾਉਣ ਅਤੇ ਕਿਸ ਨੂੰ ਅਣਗੌਲਿਆਂ ਕਰਨ। 

ਜ਼ਿਕਰਯੋਗ ਹੈ ਕਿ ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਪਿਛਲੀਆਂ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੀ ਕਾਰਗੁਜ਼ਾਰੀ ਕੁਝ ਜ਼ਿਆਦਾ ਚੰਗੀ ਨਹੀਂ ਰਹੀ, ਕਿਉਂਕਿ 31 ਹਜ਼ਾਰ ਦੇ ਕਰੀਬ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪੈਦੀਆਂ ਆ ਰਹੀਆਂ ਸਨ। ਜਿਸ ਚਿਹਰੇ ਨੂੰ ਪਾਰਟੀ ਵਲੋਂ ਟਿਕਟ ਦਿੱਤੀ ਜਾਂਦੀ ਸੀ, ਉਸ ਨੂੰ ਦਾਅਵੇਦਾਰਾਂ ਵਲੋਂ ਵਿਰੋਧਤਾ ਕਰਕੇ ਹਰਾਉਣ 'ਚ ਕੋਈ ਕਮੀ ਕਸਰ ਨਹੀਂ ਛੱਡੀ। ਇਸ ਦੌਰਾਨ ਸ਼ੇਰ ਸਿੰਘ ਘੁਬਾਇਆ ਨੇ ਇਕ ਵਾਰ ਫਿਰ ਲੋਕ ਸਭਾ 2019 ਦੀਆਂ ਚੋਣਾਂ ਨੂੰ ਜਿੰਦਾ ਕਰ ਦਿੱਤਾ ਅਤੇ ਕਰੀਬ 60 ਹਜ਼ਾਰ ਵੋਟਾਂ ਹਾਸਲ ਕੀਤੀਆਂ ਹਨ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਚੰਡੀਗੜ੍ਹ ਵਿਖੇ ਗੁਪਤ ਮੀਟਿੰਗ ਕੀਤੀ, ਜਿਸ 'ਚ ਆਉਣ ਵਾਲੀ ਚੋਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਇਸ ਦੌਰਾਨ ਜਲਾਲਾਬਾਦ ਦੇ ਇਕ ਹੋਰ ਲੀਡਰ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ। ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਜਿਸ ਵੀ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰੇਗੀ, ਉਸ ਤੋਂ ਪਹਿਲਾ ਸਾਬਕਾ ਘੁਬਾਇਆ ਨੂੰ ਭਰੋਸੇ 'ਚ ਜਰੂਰ ਲੈਣਗੇ, ਕਿਉਂਕਿ ਘੁਬਾਇਆ ਤੋਂ ਬਿਨ੍ਹਾਂ ਜਲਾਲਾਬਾਦ ਦੀ ਜ਼ਿਮਨੀ ਚੋਣ ਅਕਾਲੀ ਦਲ ਤੋਂ ਜਿੱਤਣੀ ਸੌਖਣੀ ਨਹੀਂ ਹੋਵੇਗੀ।


rajwinder kaur

Content Editor

Related News