ਜੈਪਾਲ ਭੁੱਲਰ ਦੇ ਸਾਥੀ ਗੈਂਗਸਟਰ ਗਗਨ ਜੱਜ ਦੇ ਘਰ ਪੁੱਜੀ ਐੱਨ.ਆਈ.ਏ. ਦੀ ਟੀਮ, ਤਲਾਸ਼ੀ ਮੁਹਿੰਮ ਜਾਰੀ

Thursday, Jul 01, 2021 - 12:00 PM (IST)

ਫ਼ਿਰੋਜ਼ਪੁਰ (ਕੁਮਾਰ): ਕੁੱਝ ਸਮੇਂ ਪਹਿਲਾਂ ਲੁਧਿਆਣੇ ’ਚ 34 ਕਿਲੋ ਸੋਨੇ ਦੀ ਹੋਈ ਲੁੱਟ ਦੇ ਮਾਮਲੇ ’ਚ ਅੱਜ ਐੱਨ.ਆਈ.ਏ. ਦੀ ਟੀਮ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਗਗਨ ਜੱਜ ਦੇ ਘਰ ’ਤੇ ਪਹੁੰਚੀ ਅਤੇ ਟੀਮ ਵਲੋਂ ਘਰ ਨੂੰ ਅੰਦਰ ਤੋਂ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਗਗਨ ਜੱਜ ਦਾ ਘਰ ਫ਼ਿਰੋਜ਼ਪੁਰ ਸ਼ਹਿਰ ਦੀ ਮੱਲ ਵਾਲ ਰੋਡ ’ਤੇ ਇੰਡਸਟਰੀਅਲ ਏਰੀਏ ਦੇ ਕੋਲ ਹੈ। ਉਸ ਦੇ ਘਰ ਪਹੁੰਚੀ ਟੀਮ ਵਲੋਂ ਘਰ ਦੇ ਅੰਦਰੋਂ ਗੇਟ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ।ਲੁੱਟ ਦੇ ਇਸ ਮਾਮਲੇ ’ਚ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਬਠਿੰਡਾ ਜੇਲ੍ਹ ਹੈ ਜਦਕਿ ਗਗਨ ਜੱਜ ਲੁਧਿਆਣਾ ਦੀ ਜੇਲ੍ਹ ’ਚ ਬੰਦ ਹੈ। ਖ਼ਬਰ ਲਿਖੇ ਜਾਣ ਤੱਕ ਐੱਨ.ਆਈ. ਏ. ਦੀ ਟੀਮ ਵਲੋਂ ਜਾਂਚ ਦਾ ਕੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਲਈ ਸਿਰਦਰਦੀ ਬਣੇ ਅਤੇ ਜਗਰਾਓ ਦੀ ਦਾਣਾ ਮੰਡੀ ’ਚ 2 ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ : ਢੱਡਰੀਆਂਵਾਲੇ ਅਤੇ ਭਾਈ ਪੰਥਪ੍ਰੀਤ ਸਮੇਤ 12 ਸਿੱਖ ਆਗੂਆਂ ਤੋਂ ‘ਸਿਟ’ ਕਰੇਗੀ ਪੁੱਛਗਿੱਛ 

ਕੌਣ ਸੀ ਗੈਂਗਸਟਰ ਜੈਪਾਲ ਭੁੱਲਰ
ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਜ਼ੁਰਮ ਦੀ ਦੁਨੀਆਂ ਵਿਚ ਕਾਫੀ ਵੱਡਾ ਨਾ ਮੰਨਿਆ ਜਾਂਦਾ ਸੀ। ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਭੁੱਲਰ ’ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਸ ਵਲੋਂ ਜੈਪਾਲ ਭੁੱਲਰ ’ਤੇ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੀ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ:  2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Shyna

Content Editor

Related News