''ਆਪ'' ਆਗੂ ਜਗਮੋਹਨ ਕੰਗ ਦਾ PM ਮੋਦੀ ਨੂੰ ਖੁੱਲ੍ਹਾ ਪੱਤਰ, ਕਹੀਆਂ ਇਹ ਵੱਡੀਆਂ ਗੱਲਾਂ

Friday, Sep 02, 2022 - 02:10 AM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹਾ ਪੱਤਰ ਲਿਖਦਿਆਂ ਕਿਹਾ ਹੈ ਕਿ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ 75ਵੀਂ ਵਰ੍ਹੇਗੰਢ 'ਤੇ ਆਪਣੇ ਸੰਬੋਧਨ 'ਚ ਤੁਸੀਂ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕਰਨ ਅਤੇ ਔਰਤਾਂ ਨੂੰ ਬਣਦਾ ਸਨਮਾਨ ਦੇਣ 'ਤੇ ਜ਼ੋਰ ਦਿੱਤਾ। ਇਸ ਵਿੱਚ ਕਿਹਾ ਗਿਆ ਹੈ ਕਿ ਹਰੇਕ ਨਾਗਰਿਕ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਜੋ ਕਿ ਇਕ ਚੰਗੀ ਸੋਚ ਹੈ।

ਇਹ ਵੀ ਪੜ੍ਹੋ : ...ਤੇ ਹੁਣ ਜੌੜੇਮਾਜਰਾ ਨੇ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਦੀ ਕੀਤੀ ਚੈਕਿੰਗ, ਕਹੀਆਂ ਇਹ ਗੱਲਾਂ

ਕੰਗ ਨੇ ਕਿਹਾ ਕਿ ਉਪਰੋਕਤ ਮੁੱਦਿਆਂ ਤੋਂ ਇਲਾਵਾ ਖਤਰਨਾਕ ਆਬਾਦੀ ਵਾਧੇ ਬਾਰੇ ਕੁਝ ਵੀ ਠੋਸ ਨਹੀਂ ਕਿਹਾ ਗਿਆ ਅਤੇ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਖਤਮ ਕਰਨ ਬਾਰੇ ਕੋਈ ਟੀਚਾ ਨਿਰਧਾਰਤ ਨਹੀਂ ਕੀਤਾ ਗਿਆ। ਭਾਰਤ ਦੇ ਮੌਜੂਦਾ ਹਾਲਾਤ ਅਨੁਸਾਰ ਇਹ ਨਾ ਸਿਰਫ਼ ਲੋਕ ਹਿੱਤ ਵਿੱਚ ਜ਼ਰੂਰੀ ਹੈ ਸਗੋਂ ਸਮੇਂ ਦੀ ਮੰਗ ਵੀ ਹੈ। ਅੱਜ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਰੋਕਣ ਲਈ ਇਕ ਨਵੀਂ ਢੁੱਕਵੀਂ ਨੀਤੀ ਅਤੇ ਪ੍ਰੋਗਰਾਮ ਪੇਸ਼ ਕਰਨ ਦੀ ਲੋੜ ਹੈ। ਇਸ ਮਹੱਤਵਪੂਰਨ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਰਾਜਾਂ ਨਾਲ ਸਲਾਹ-ਮਸ਼ਵਰੇ/ਤਾਲਮੇਲ ਵਿੱਚ ਦੇਰੀ ਕੀਤੇ ਬਿਨਾਂ ਢੁੱਕਵੀਂ ਤੇ ਚੰਗੀ ਨੀਤੀ ਲਾਗੂ ਕਰਨੀ ਚਾਹੀਦੀ ਹੈ। ਅੱਜ ਭਾਰਤ ਦੀ ਆਬਾਦੀ ਲਗਭਗ 141 ਕਰੋੜ ਹੈ। ਇਹ ਖ਼ਤਰੇ ਦੀ ਘੰਟੀ ਹੈ ਕਿਉਂਕਿ ਸਾਡੇ ਦੇਸ਼ ਦੇ ਕੁਦਰਤੀ ਅਤੇ ਹੋਰ ਸਰੋਤ ਸੀਮਤ ਹਨ। ਇਸ ਲਈ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਮੇਂ ਸਿਰ ਇਸ ਬਾਰੇ ਸੋਚ ਕੇ ਲੋੜੀਂਦੀ ਕਾਰਵਾਈ ਕਰੇ।

ਇਹ ਵੀ ਪੜ੍ਹੋ : ਜਲੰਧਰ ਦੀ 'ਹਵੇਲੀ' ਪਹੁੰਚੇ ਸੁਖਬੀਰ ਬਾਦਲ, ਟਿੱਕੀ ਦਾ ਲਿਆ ਸੁਆਦ ਤੇ ਲੋਕਾਂ ਨਾਲ ਲਈਆਂ ਸੈਲਫੀਆਂ

ਉਨ੍ਹਾਂ ਕਿਹਾ ਕਿ ਮੈਂ ਇੱਥੇ ਇਹ ਗੱਲ ਜ਼ੋਰ ਦੇ ਕੇ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿੱਚ ਹੁਣ ਤੱਕ ਕੇਂਦਰ ਅਤੇ ਰਾਜਾਂ 'ਚ ਸਮੇਂ-ਸਮੇਂ 'ਤੇ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਹੋਣ, ਭਾਰਤ ਵਿੱਚ ਇਕ ਪ੍ਰਤੱਖ, ਬੇਮਿਸਾਲ ਤੇ ਸਰਬਪੱਖੀ ਵਿਕਾਸ ਹੋਇਆ ਹੈ ਪਰ ਲਗਾਤਾਰ ਵਧਦੀ ਆਬਾਦੀ ਸਾਰੇ ਵਿਕਾਸ ਨੂੰ ਬੇਅਸਰ ਕਰ ਦਿੰਦੀ ਹੈ। ਕੰਗ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਪਰੋਕਤ ਸਾਰੇ ਮਹੱਤਵਪੂਰਨ ਨੁਕਤਿਆਂ 'ਤੇ ਵਿਚਾਰ ਕੀਤਾ ਜਾਵੇ ਅਤੇ ਸਮਾਂਬੱਧ ਤਰੀਕੇ ਨਾਲ ਸਾਡੇ ਦੇਸ਼ ਤੇ ਲੋਕਾਂ ਦੇ ਹਿੱਤ ਵਿੱਚ ਢੁੱਕਵੇਂ ਕਦਮ ਚੁੱਤੇ ਜਾਣ, ਨਹੀਂ ਤਾਂ ਇਕ ਦਿਨ ਵਧਦੀ ਆਬਾਦੀ, ਮਹਿੰਗਾਈ, ਬੇਰੁਜ਼ਗਾਰੀ ਆਦਿ ਦਾ ਵਿਸਫੋਟ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News