ਮਰਨ ਵਰਤ ''ਤੇ ਬੈਠੇ ਡੱਲੇਵਾਲ ਸਟ੍ਰੈੱਚਰ ਰਾਹੀਂ ਆਏ ਸਟੇਜ ''ਤੇ, ਕਿਹਾ- ''''ਠੀਕ ਹਾਂ ਮੈਂ...''''
Wednesday, Dec 25, 2024 - 12:03 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਖਨੌਰੀ ਮੋਰਚੇ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਿੱਥੇ 29ਵੇਂ ਦਿਨ ਵੀ ਜਾਰੀ ਰਿਹਾ, ਉੱਥੇ ਕਈ ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ’ਚੋਂ ਬਾਹਰ ਆ ਗਏ ਅਤੇ ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਸਟਰੈਚਰ ਉੱਪਰ ਪਾ ਕੇ ਬਾਹਰ ਲਿਆਂਦਾ ਗਿਆ।
ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਠੀਕ ਹਾਂ ਅਤੇ ਰਾਤ ਦੇ ਪਹਿਰੇ ਨੂੰ ਐਨਾ ਮਜ਼ਬੂਤ ਬਣਾਓ ਕਿ ਪੁਲਸ ਮੋਰਚੇ ’ਤੇ ਹਮਲਾ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਪਿਛਲੇ ਅੰਦੋਲਨ ਨੂੰ ਮੁਲਤਵੀ ਕਰਨ ਸਮੇਂ ਕਈ ਸੂਬਿਆਂ ਦੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਅੰਦੋਲਨ ਬਹੁਤ ਜਲਦੀ ਮੁਲਤਵੀ ਕੀਤਾ ਜਾ ਰਿਹਾ ਹੈ, ਇਸ ਲਈ ਹੁਣ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਨ ਤੱਕ ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ।
ਉਸ ਸਮੇਂ ਕੁਝ ਹੋਰ ਜਥੇਬੰਦੀਆਂ ਦੇ ਦਬਾਅ ਕਾਰਨ ਅੰਦੋਲਨ ਨੂੰ ਜਲਦੀ ਮੁਲਤਵੀ ਕਰਨਾ ਪਿਆ ਸੀ ਪਰ ਹੁਣ ਫਿਰ ਤੋਂ ਮਜ਼ਬੂਤ ਮੋਰਚਾ ਲੱਗਿਆ ਹੋਇਆ ਹੈ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਗਾਰੰਟੀ ਦਬਾਉਣ ਲਈ ਮੈਂ ਆਪਣੀ ਜਾਨ ਦਾ ਉਪਰ ਲਗਾ ਦਿੱਤੀ ਹੈ ਹੁਣ ਦੇਸ਼ ਦੇ ਕਿਸਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਅੰਦੋਲਨ ’ਚ ਵੱਧ ਚੜ੍ਹ ਕੇ ਹਿੱਸਾ ਲੈਣ।
30 ਦੇ ਪੰਜਾਬ ਬੰਦ ਦੀ ਰੂਪਰੇਖਾ ਤਿਆਰ ਕਰਨ ਲਈ 26 ਨੂੰ ਰੱਖੀ ਮੀਟਿੰਗ
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 30 ਦਸੰਬਰ ਦੇ ਪੰਜਾਬ ਬੰਦ ਦੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਲਈ 26 ਦਸੰਬਰ ਨੂੰ ਸਵੇਰੇ 10 ਵਜੇ ਸਵੇਰੇ ਖਨੌਰੀ ਮੋਰਚੇ ਉੱਪਰ ਸਮੂਹ ਸਮਾਜਿਕ, ਵਪਾਰਕ, ਸੱਭਿਆਚਾਰਕ, ਧਾਰਮਿਕ ਜਥੇਬੰਦੀਆਂ ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਲਈ ਸਾਰਿਆਂ ਨੂੰ ਚਿੱਠੀ ਲਿਖੀ ਗਈ ਹੈ।
ਪ੍ਰਧਾਨ ਮੰਤਰੀ ਨੂੰ ਡੱਲੇਵਾਲ ਨੇ ਫਿਰ ਲਿਖੀ ਚਿੱਠੀ
ਅੱਜ ਫਿਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਅਤੇ ਕਿਹਾ ਗਿਆ ਸੀ ਕਿ ਖੇਤੀਬਾੜੀ ਦੇ ਵਿਸ਼ੇ ’ਤੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਤੁਹਾਨੂੰ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 'ਮੈਂ ਤੁਹਾਡੀ ਲਿਮਟ ਮੁਆਫ਼ ਕਰਵਾ ਦਿੰਦਾ...' ਕਹਿ ਕੇ ਕਿਸਾਨਾਂ ਨਾਲ ਮਾਰ ਲਈ ਲੱਖਾਂ ਦੀ ਠੱਗੀ
ਉਨ੍ਹਾਂ ਨੇ ਕਿਹਾ, ''ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਦੇਸ਼ ਦੀ ਆਰਥਿਕਤਾ, ਖਾਸ ਕਰ ਕੇ ਪੇਂਡੂ ਅਰਥਚਾਰੇ ਨੂੰ ਬਹੁਤ ਫਾਇਦਾ ਹੋਵੇਗਾ। ਇਸ ਸੰਸਦੀ ਕਮੇਟੀ ’ਚ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ, ਜਾਣੀ ਕੇ ਦੇਸ਼ ਦੀ ਸਰਵਉੱਚ ਸੰਸਥਾ ਸੰਸਦ ਦੀ ਭਾਵਨਾ ਦੇਸ਼ ਦੇ ਕਿਸਾਨਾਂ ਲਈ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਣ ਦੇ ਹੱਕ ’ਚ ਹੈ, ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਮੇਟੀ ’ਚ ਸ਼ਾਮਲ ਸਾਰੇ ਸੰਸਦ ਮੈਂਬਰ ਨੇ ਸਰਬਸੰਮਤੀ ਨਾਲ ਇਹ ਰਿਪੋਰਟ ਤਿਆਰ ਕੀਤੀ ਹੈ।''
ਉਨ੍ਹਾਂ ਅੱਗੇ ਲਿਖਿਆ, ''ਮਾਣਯੋਗ ਪ੍ਰਧਾਨ ਮੰਤਰੀ ਜੀ, 20 ਮਈ, 2014 ਨੂੰ ਪਹਿਲੀ ਵਾਰ ਸੰਸਦ ਭਵਨ ’ਚ ਦਾਖਲ ਹੋਣ ਤੋਂ ਪਹਿਲਾਂ, ਤੁਸੀਂ ਪੌੜੀਆਂ ਦੇ ਅੱਗੇ ਮੱਥਾ ਟੇਕਿਆ ਸੀ, ਜਾਣੀ ਕੇ ਤੁਸੀਂ ਸੰਸਦ ਨੂੰ ਸਰਵਉੱਚ ਸੰਸਥਾ ਵਜੋਂ ਸਤਿਕਾਰ ਦਿੱਤਾ ਸੀ। ਅੱਜ ਦੇਸ਼ ਦੀ ਸਰਵਉੱਚ ਸੰਸਥਾ ‘ਸੰਸਦ’ ਦੀ ਸਰਬਪਾਰਟੀ ਕਮੇਟੀ ਨੇ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।''
''ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਓ ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਮਰਨ ਵਰਤ ਦੀ ਕੋਈ ਰਸਮੀ ਕਾਰਵਾਈ ਕਰ ਰਿਹਾ ਹਾਂ ਜਾਂ ਅਸੀਂ ਥੱਕ ਹਾਰ ਕੇ ਚਲੇ ਜਾਵਾਂਗੇ ਤਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅੱਜ ਮੇਰੇ ਮਰਨ ਵਰਤ ਦਾ 29ਵਾਂ ਦਿਨ ਹੈ ਜਾਂ ਤਾਂ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਨ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਮੈਂ ਆਪਣਾ ਮਰਨ ਵਰਤ ਖ਼ਤਮ ਕਰਾਂਗਾ, ਨਹੀਂ ਤਾਂ ਮੈਂ ਧਰਨੇ ਵਾਲੀ ਜਗ੍ਹਾ ਉੱਪਰ ਹੀ ਆਪਣੀ ਸ਼ਹਾਦਤ ਦੇਵਾਂਗਾ। ਮਾਣਯੋਗ ਪ੍ਰਧਾਨ ਮੰਤਰੀ ਜੀ, ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਗੇ ਜਾਂ ਮੇਰੀ ਸ਼ਹਾਦਤ ਦਾ ਇੰਤਜ਼ਾਰ ਕਰੋਗੇ।''
ਇਹ ਵੀ ਪੜ੍ਹੋ- ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ ; ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਧੜ ਤੋਂ ਵੱਖ ਹੋ ਗਈ ਧੌਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e