ਯੂ.ਕੇ. ''ਚ ਭਾਰਤੀ ਮੂਲ ਦੇ ਸੰਸਦ ਮੈਂਬਰ ਜਗਤਾਰ ਨੂੰ ਬਚਾਉਣ ਲਈ ਹੋਏ ਇਕਜੁੱਟ

Tuesday, Nov 14, 2017 - 01:17 AM (IST)

ਯੂ.ਕੇ. ''ਚ ਭਾਰਤੀ ਮੂਲ ਦੇ ਸੰਸਦ ਮੈਂਬਰ ਜਗਤਾਰ ਨੂੰ ਬਚਾਉਣ ਲਈ ਹੋਏ ਇਕਜੁੱਟ

ਜਲੰਧਰ (ਪ੍ਰੀਤ)— ਪਿਛਲੇ ਇਕ ਸਾਲ ਤੋਂ ਸੂਬੇ ਵਿਚ ਹੋਏ ਇਕ ਤੋਂ ਬਾਅਦ ਇਕ ਹਿੰਦੂ ਆਗੂਆਂ ਦੇ ਕਤਲਾਂ ਦੀ ਸਾਜ਼ਿਸ਼ ਵਿਚ ਫੜੇ ਗਏ ਬ੍ਰਿਟਿਸ਼ ਸਿਟੀਜ਼ਨ ਜਗਤਾਰ ਸਿੰਘ ਉਰਫ ਜੱਗੀ ਜੌਹਲ ਦੇ ਸਮਰਥਨ ਵਿਚ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਮਾਰਟਿਨ ਡੋਕਰਟੀ ਹਿਊਜੇਸ ਤੇ ਯੂ. ਕੇ. ਦੀ ਸਿੱਖ ਫੈੱਡਰੇਸ਼ਨ ਯੂਨੀਅਨ ਸਾਹਮਣੇ ਆਈ ਹੈ। ਜੱਗੀ ਜੌਹਲ ਨੂੰ ਬਚਾਉਣ ਲਈ ਯੂ. ਕੇ. ਦੀ ਸਿੱਖ ਫੈਡਰੇਸ਼ਨ ਵਲੋਂ ਵੀ ਸੋਸ਼ਲ ਮੀਡੀਆ 'ਤੇ ਮੁਹਿੰਮ ਛੇੜੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਸ ਨੇ ਜੱਗੀ ਜੌਹਲ, ਉਸਦੇ ਸਾਥੀ ਜਿਮੀ ਸਿੰਘ, ਗੈਂਗਗਟਰ ਧਰਮਿੰਦਰ ਗਗਨੀ, ਰਮਨਦੀਪ ਸਿੰਘ, ਸ਼ੇਰਾ ਸਣੇ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਪਿਛਲੇ ਇਕ ਸਾਲ ਵਿਚ ਸੂਬੇ ਵਿਚ ਹਿੰਦੂ ਆਗੂਆਂ ਦੇ ਕਤਲ ਦੀਆਂ ਵਾਰਦਾਤਾਂ ਵਿਚ ਸ਼ਾਮਲ ਹਨ। ਐੱਨ. ਆਰ. ਆਈ. ਜੱਗੀ ਜੌਹਲ 'ਤੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਫੰਡਿੰਗ ਦਾ ਵੀ ਗੰਭੀਰ ਦੋਸ਼ ਹੈ। ਪਤਾ ਲੱਗਾ ਹੈ ਕਿ ਪੀੜਤ ਪਰਿਵਾਰ ਨੇ ਜੱਗੀ ਜੌਹਲ ਦੀ ਗ੍ਰਿਫਤਾਰੀ ਸਬੰਧੀ ਇੰਗਲੈਂਡ ਵਿਚ ਸਿਆਸਤਦਾਨਾਂ ਨਾਲ ਗੱਲ ਕੀਤੀ। 
PunjabKesari
ਮਿਲ ਕੇ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ : ਤਨਮਨਜੀਤ ਸਿੰਘ ਢੇਸੀ
ਭਾਰਤੀ ਮੂਲ ਦੇ ਯੂ. ਕੇ. ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਭਾਰਤ ਵਿਚ ਹੋਈ ਜਗਤਾਰ ਸਿੰਘ ਜੱਗੀ ਜੌਹਲ ਦੀ ਗ੍ਰਿਫਤਾਰੀ ਦੇ ਸਬੰਧ ਵਿਚ ਉਨ੍ਹਾਂ ਵਲੋਂ ਬ੍ਰਿਟਿਸ਼ ਅੰਬੈਸੀ ਅਤੇ ਬ੍ਰਿਟਿਸ਼ ਸਿੱਖਾਂ ਲਈ ਗਠਿਤ ਏ. ਪੀ. ਪੀ. ਜੀ. (ਆਲ ਪਾਰਟੀ ਪਾਰਲੀਮੈਂਟ ਗਰੁੱਪ) ਯੂ. ਕੇ. ਦੇ ਸਾਰੇ ਮੈਂਬਰਾਂ ਨਾਲ ਸੰਪਰਕ ਕੀਤਾ ਹੈ। ਉਮੀਦ ਹੈ ਕਿ ਇਸ ਸਮੱਸਿਆ ਦਾ ਇਕਜੁੱਟਤਾ ਨਾਲ ਹੱਲ ਕਰ ਲਿਆ ਜਾਵੇਗਾ। ਤਨਮਨਜੀਤ ਢੇਸੀ ਨੇ ਇਸ ਸਬੰਧ ਵਿਚ ਆਪਣੀ ਸਰਕਾਰੀ ਈਮੇਲ ਆਈਡੀ ਜਾਰੀ ਕਰਦੇ ਹੋਏ ਲੋਕਾਂ ਦੇ ਸੁਝਾਅ ਵੀ ਮੰਗੇ ਹਨ ਤਾਂ ਜੋ ਜੱਗੀ ਨੂੰ ਬਚਾਉਣ ਦੀ ਮੁਹਿੰਮ ਜਾਰੀ ਰਹੇ। 

ਬ੍ਰਿਟਿਸ਼ ਸੰਸਦ ਮੈਂਬਰ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਇਸ ਦੌਰਾਨ ਬ੍ਰਿਟਿਸ਼ ਸੰਸਦ ਮੈਂਬਰ ਮਾਰਟਿਨ ਨੇ ਵੀ ਟਵੀਟ ਕਰ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਜੱਗੀ ਜੌਹਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਮੁੱਦਾ ਉਠਾਇਆ ਹੈ। ਬ੍ਰਿਟਿਸ਼ ਸੰਸਦ ਮੈਂਬਰ ਮਾਰਟਿਨ ਡੋਕਰਟੀ ਹਿਊਜੇਸ ਨੇ ਟਵੀਟ ਵਿਚ ਲਿਖਿਆ ਕਿ ਜੱਗੀ ਜੌਹਲ ਦੀ ਗ੍ਰਿਫਤਾਰੀ ਸਬੰਧੀ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਨੇ ਜਾਣਕਾਰੀਆਂ ਛੁਪਾਈਆਂ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਮੁੱਦਾ ਭਾਰਤ ਵਿਚ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸਾਹਮਣੇ ਵੀ ਉਠਾਇਆ ਗਿਆ ਹੈ ਤਾਂ ਜੋ ਜੌਹਲ ਦੀ ਮਦਦ ਕੀਤੀ ਜਾ ਸਕੇ।

ਪਰਿਵਾਰ ਨੇ ਕਿਹਾ-ਸਾਡੇ ਕੋਲ ਸਟ੍ਰਾਂਗ ਲੀਗਲ ਟੀਮ, ਫੰਡ ਦੀ ਜ਼ਰੂਰਤ ਨਹੀਂ
ਜੱਗੀ ਜੌਹਲ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਹੋਰਨਾਂ ਪ੍ਰਚਾਰ ਦੇ ਮਾਧਿਅਮਾਂ ਨਾਲ ਮਿਲ ਰਹੇ ਸਮਰਥਨ ਤੋਂ ਬਾਅਦ ਜੱਗੀ ਦੇ ਪਰਿਵਾਰ ਨੇ ਸਾਰੇ ਲੋਕਾਂ, ਸਿੱਖ ਸੰਗਠਨਾਂ ਅਤੇ ਸਿੱਖ ਸਮਾਜ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਆਰਥਕ ਸਹਾਇਤਾ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਸਾਰਿਆਂ ਨੂੰ ਬੇਨਤੀ ਕਰਦੇ ਹਨ ਕਿ ਜਗਤਾਰ ਦੇ ਨਾਂ 'ਤੇ ਪਰਿਵਾਰਕ ਮੈਂਬਰਾਂ ਦੀ ਸਲਾਹ ਤੋਂ ਬਿਨਾਂ ਕੋਈ ਫੰਡ ਇਕੱਠਾ ਨਾ ਕੀਤਾ ਜਾਵੇ। ਜੱਗੀ ਜੌਹਲ ਦੇ ਪਰਿਵਾਰ ਨੇ ਬਿਆਨ ਵਿਚ ਕਿਹਾ ਕਿ ਜਗਤਾਰ ਜੌਹਲ ਦੇ ਭਾਰਤ ਆਉਣ 'ਤੇ ਗ੍ਰਿਫਤਾਰੀ ਦੀ ਸੂਚਨਾ ਨਾਲ ਸਾਰਾ ਪਰਿਵਾਰ ਸਦਮੇ ਵਿਚ ਹੈ। ਪਰਿਵਾਰਕ ਮੈਂਬਰਾਂ ਨੇ ਬਿਆਨ ਵਿਚ ਦੱਸਿਆ ਕਿ ਜੱਗੀ ਜੌਹਲ ਦੀ ਗ੍ਰਿਫਤਾਰੀ ਦਾ ਪਤਾ ਲੱਗਦੇ ਹੀ ਤੁਰੰਤ ਉਸ ਦੇ ਦੋਵੇਂ ਭਰਾ ਭਾਰਤ ਆਏ ਤਾਂ ਜੋ ਜੇਕਰ ਕੋਈ ਗਲਤਫਹਿਮੀ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇ ਪਰ ਇਥੇ ਉਨ੍ਹਾਂ ਨੂੰ ਨਾ ਤਾਂ ਜੱਗੀ ਜੌਹਲ ਦੀ ਲੋਕੇਸ਼ਨ ਦਾ ਪਤਾ ਲੱਗਾ ਅਤੇ ਨਾ ਹੀ ਉਸ ਨੂੰ ਕਿਸੇ ਨੇ ਮਿਲਣ ਦਿੱਤਾ। ਜਗਤਾਰ ਦੀ ਪਤਨੀ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ। ਇਸ ਦੌਰਾਨ ਜੱਗੀ ਨੂੰ ਮਿਲੇ ਬਿਨਾਂ ਉਨ੍ਹਾਂ ਨੂੰ ਵਾਪਸ ਯੂ. ਕੇ. ਪਰਤਣਾ ਪਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਅਤੇ ਚੰਡੀਗੜ੍ਹ ਵਿਖੇ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਜੱਗੀ ਦਾ ਬ੍ਰਿਟਿਸ਼ ਪਾਸਪੋਰਟ ਵੀ ਖੁਦ ਉਨ੍ਹਾਂ ਦੇ ਹੈਂਡਓਵਰ ਕੀਤਾ। ਜੱਗੀ ਦੇ ਪਰਿਵਾਰ ਨੇ ਸਾਰੇ ਵੱਖ-ਵੱਖ ਸਿੱਖ ਸੰਗਠਨਾਂ, ਸਿੱਖ ਸਮਾਜ ਦੇ ਲੋਕਾਂ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਅਤੇ ਸਮਰਥਨ ਦੇ ਲਈ ਧੰਨਵਾਦ ਕਰਦੇ ਹੋਏ ਸਪੱਸ਼ਟ ਕੀਤਾ ਕਿ ਜਗਤਾਰ ਨੂੰ ਬਚਾਉਣ ਲਈ ਉਨ੍ਹਾਂ ਦੇ ਕੋਲ ਸਟ੍ਰਾਂਗ ਲੀਗਲ ਟੀਮ ਉਪਲਬਧ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਕੋਲ ਰਾਜਨੀਤਕ ਮਾਹਿਰਾਂ ਅਤੇ ਮੀਡੀਆ ਦਾ ਵੀ ਸਮਰਥਨ ਹੈ।

ਸਾਜ਼ਿਸ਼ ਤਹਿਤ ਫਸਾਇਆ ਜੱਗੀ ਨੂੰ : ਸਿੱਖ ਫੈੱਡਰੇਸ਼ਨ 
ਬ੍ਰਿਟਿਸ਼ ਸੰਸਦ ਮੈਂਬਰ ਦੇ ਨਾਲ-ਨਾਲ ਇੰਗਲੈਂਡ 'ਚ ਸਰਗਰਮ ਸਿੱਖ ਫੈੱਡਰੇਸ਼ਨ ਨੇ ਵੀ ਸੋਸ਼ਲ ਮੀਡੀਆ 'ਤੇ 'ਜੱਗੀ ਮੁਕਤ ਮੁਹਿੰਮ' ਜੱਗੀ ਨੂੰ ਬੇਕਸੂਰ ਦੱਸਦੇ ਹੋਏ ਸ਼ੁਰੂ ਕੀਤੀ ਹੈ। ਕਿਹਾ ਗਿਆ ਹੈ ਕਿ ਜੱਗੀ ਜੌਹਲ ਨੇ 1984 ਵਿਚ ਹੋਏ ਸਿੱਖ ਕਤਲੇਆਮ ਦਾ ਮੁੱਦਾ ਉਠਾਇਆ ਸੀ। ਇਸ ਲਈ ਉਸਨੂੰ ਸਾਜ਼ਿਸ਼ ਦੇ ਅਧੀਨ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਜੱਗੀ ਜੌਹਲ ਨੂੰ ਭਾਰਤ ਵਿਚ ਕਾਨੂੰਨੀ ਸਹਾਇਤਾ ਵੀ ਨਹੀਂ ਲੈਣ ਦਿੱਤੀ ਜਾ ਰਹੀ ਹੈ ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ। 
ਨਾਲ ਹੀ ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਵੀ ਬ੍ਰਿਟਿਸ਼ ਹਾਈਕਮਾਨ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਝੂਠੇ ਕੇਸ ਵਿਚ ਫਸਾਏ ਗਏ ਜੱਗੀ ਜੌਹਲ ਨੂੰ ਛੁਡਾਇਆ ਜਾਵੇ। ਚਿੱਠੀ ਵਿਚ ਗੁਰਪ੍ਰੀਤ ਸਿੰਘ ਨੇ ਲਿਖਿਆ ਕਿ ਜੱਗੀ ਨੂੰ ਜਿਨ੍ਹਾਂ ਕੇਸਾਂ ਵਿਚ ਫਸਾਇਆ ਗਿਆ ਹੈ, ਉਨ੍ਹਾਂ ਕੇਸਾਂ ਦੀ ਐੱਫ. ਆਈ. ਆਰ. 'ਚ ਕਿਤੇ ਜੱਗੀ ਜੌਹਲ ਦਾ ਨਾਂ ਤੱਕ ਨਹੀਂ ਹੈ। ਪੁਲਸ ਨੇ ਬਿਨਾਂ ਕਿਸੇ ਸਬੂਤ ਦੇ ਉਸਨੂੰ ਹਿਰਾਸਤ ਵਿਚ ਰੱਖਿਆ ਹੋਇਆ ਹੈ।


Related News