ਜਲੰਧਰ ਕਾਂਗਰਸ ''ਚ ਉੱਠੀ ਬਗਾਵਤ, ਮੇਅਰ ਜਗਦੀਸ਼ ਰਾਜਾ ਨੇ ਵਿਧਾਇਕ ਬੇਰੀ ਖ਼ਿਲਾਫ਼ ਖੋਲ੍ਹਿਆ ਮੋਰਚਾ

Sunday, Jan 16, 2022 - 02:17 PM (IST)

ਜਲੰਧਰ (ਚੋਪੜਾ)– ਵਿਧਾਇਕ ਰਾਜਿੰਦਰ ਬੇਰੀ ਨੇ ਸੈਂਟਰਲ ਹਲਕੇ ਤੋਂ ਟਿਕਟ ਹਾਸਲ ਕਰਕੇ ਪਹਿਲੀ ਲੜਾਈ ਤਾਂ ਜਿੱਤ ਲਈ ਹੈ ਪਰ ਟਿਕਟ ਦੇ ਦੂਜੇ ਦਾਅਵੇਦਾਰ ਮੇਅਰ ਜਗਦੀਸ਼ ਰਾਜ ਰਾਜਾ ਉਨ੍ਹਾਂ ਦੇ ਚੋਣਾਵੀ ਰਾਹ ਵਿਚ ਵੱਡਾ ਅੜਿੱਕਾ ਸਾਬਿਤ ਹੋ ਸਕਦੇ ਹਨ। ਸ਼ਾਮੀਂ ਮੇਅਰ ਰਾਜਾ ਨੇ ਆਪਣੇ ਸਮਰਥਕ ਕੌਂਸਲਰਾਂ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਡਾ. ਜਸਲੀਨ ਸੇਠੀ, ਬੰਟੀ ਨੀਲਕੰਠ, ਮਨਮੋਹਨ ਸਿੰਘ ਰਾਜੂ ਅਤੇ ਬੱਬੀ ਚੱਢਾ ਸ਼ਾਮਲ ਹਨ, ਨਾਲ ਮੀਟਿੰਗ ਕੀਤੀ ਅਤੇ ਹਾਈਕਮਾਨ ਦੇ ਫੈਸਲੇ ਸਬੰਧੀ ਸਲਾਹ-ਮਸ਼ਵਰਾ ਕੀਤਾ।

ਮੇਅਰ ਰਾਜਾ ਨੇ ਦੱਸਿਆ ਕਿ ਉਨ੍ਹਾਂ ਅਤੇ ਕੌਂਸਲਰਾਂ ਦੇ ਵਿਰੋਧ ਦੇ ਬਾਵਜੂਦ ਟਿਕਟ ਰਾਜਿੰਦਰ ਬੇਰੀ ਨੂੰ ਦਿੱਤੀ ਗਈ ਹੈ। ਹੁਣ ਉਹ ਆਪਣੇ ਸਾਰੇ ਸਮਰਥਕ ਕੌਂਸਲਰਾਂ ਨਾਲ ਐਤਵਾਰ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਕਰਨਗੇ। ਸਾਰੇ ਕੌਂਸਲਰਾਂ ਦੀ ਜਿਹੜੀ ਵੀ ਰਾਏ ਹੋਵੇਗੀ, ਉਸੇ ਅਨੁਸਾਰ ਸਾਰੇ ਇਕਜੁੱਟ ਹੋ ਕੇ ਕੰਮ ਕਰਨਗੇ। ਜੋ ਵੀ ਹੋਵੇ, ਰਾਜਿੰਦਰ ਬੇਰੀ ਨੂੰ ਚੋਣਾਂ ਵਿਚ ਜਿੱਥੇ ਅਕਾਲੀ ਦਲ, ‘ਆਪ’ ਅਤੇ ਭਾਜਪਾ ਨਾਲ ਲੜਾਈ ਲੜਨੀ ਹੋਵੇਗੀ, ਉਥੇ ਹੀ ਉਨ੍ਹਾਂ ਨੂੰ ਆਪਣਿਆਂ ਨਾਲ ਜੰਗ ਲੜਦੇ ਹੋਏ ਉਨ੍ਹਾਂ ਨੂੰ ਮਨਾਉਣਾ ਹੋਵੇਗਾ, ਨਹੀਂ ਤਾਂ ਅੰਦਰੂਨੀ ਕਲੇਸ਼ ਕਾਂਗਰਸ ਦੀ ਬੇੜੀ ਡੋਬਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

PunjabKesari

ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ 3-3 ਸਰਵੇ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦੇ ਦਾਅਵਿਆਂ ਨੇ ਠੱਗੇ ਕਈ ਦਾਅਵੇਦਾਰ

ਜ਼ਿਕਰਯੋਗ ਹੈ ਕਿ ਮੇਅਰ ਰਾਜਾ ਦੇ ਪੱਖ ਵਿਚ ਪਿਛਲੇ ਦਿਨੀਂ ਹਲਕੇ ਦੇ 10 ਕੌਂਸਲਰਾਂ ਨੇ ਮੀਟਿੰਗ ਕਰਕੇ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਕੌਂਸਲਰ ਅਤੇ ਕੌਂਸਲਰ ਪੁੱਤਰ ਸ਼ਾਮ ਢਲਦੇ ਹੀ ਮੁੱਕਰ ਗਏ ਸਨ। ਮੇਅਰ ਰਾਜਾ ਦੇ ਸਮਰਥਨ ਵਿਚ ਖੜ੍ਹੇ ਕਈ ਕੌਂਸਲਰ ਵਿਧਾਇਕ ਬੇਰੀ ਦੀ ਮੀਟਿੰਗ ਵਿਚ ਵੀ ਸ਼ਾਮਲ ਰਹੇ, ਜਦਕਿ ਹਲਕੇ ਤੋਂ ਟਿਕਟ ਦੀ ਇਕ ਹੋਰ ਦਾਅਵਦਾਰ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਵੀ ਰਾਜਿੰਦਰ ਬੇਰੀ ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਭਰੋਸਾ ਦਿੱਤਾ ਸੀ ਕਿ ਹਾਈਕਮਾਨ ਜਿਸ ਨੂੰ ਟਿਕਟ ਦੇਵੇਗੀ, ਸਾਰੇ ਉਸ ਦਾ ਡਟ ਕੇ ਸਮਰਥਨ ਕਰਨਗੇ ਪਰ ਅੱਜ ਉਹ ਵੀ ਬੇਰੀ ਨੂੰ ਟਿਕਟ ਮਿਲਣ ਤੋਂ ਬਾਅਦ ਮੇਅਰ ਰਾਜਾ ਦੇ ਖੇਮੇ ਵਿਚ ਖੜ੍ਹੇ ਨਜ਼ਰ ਆਏ। ਸੂਤਰਾਂ ਦੀ ਮੰਨੀਏ ਤਾਂ ਐਤਵਾਰ ਡਾ. ਜਸਲੀਨ ਸੇਠੀ ਦੇ ਘਰ ਬੇਰੀ ਵਿਰੋਧੀ ਕੌਂਸਲਰਾਂ ਵੱਲੋਂ ਮੀਟਿੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 'ਆਪ' 'ਤੇ ਰੰਧਾਵਾ ਦਾ ਵੱਡਾ ਹਮਲਾ, ਕਿਹਾ-ਕੇਜਰੀਵਾਲ ਬਾਹਰਲੇ ਵਿਅਕਤੀ, ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਨਹੀਂ ਪਵੇਗੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News