ਏਕਨਾਥ ਸ਼ਿੰਦੇ ਲਈ ਆਸਾਨ ਨਹੀਂ ਹੋਵੇਗਾ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਕਰਨਾ
Friday, Jul 01, 2022 - 04:56 PM (IST)
ਜਲੰਧਰ(ਵਿਸ਼ੇਸ਼) : ਸ਼ਿਵ ਸੈਨਾ ਨੂੰ ਦੋਫਾੜ ਕਰ ਕੇ ਭਾਜਪਾ ਦੇ ਸਮਰਥਨ ਨਾਲ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣੇ ਏਕਨਾਥ ਸ਼ਿੰਦੇ ਲਈ ਕਾਰਜਕਾਲ ਪੂਰਾ ਕਰਨਾ ਅਤੇ ਸਰਕਾਰ ਚਲਾਉਣਾ ਆਸਾਨ ਨਹੀਂ ਹੋਵੇਗਾ। ਆਦਯਾ ਸ਼੍ਰੀ ਵਿਦਿਆ ਕੌਮਾਂਤਰੀ ਜੋਤਿਸ਼ ਸੰਸਥਾਨ, ਕੰਡਾਘਾਟ ਦੇ ਪ੍ਰਧਾਨ ਜੋਤਿਸ਼ਾਚਾਰੀਆ ਰਾਜੀਵ ਸ਼ਰਮਾ ‘ਸ਼ੂਰ’ ਧਰਮਗੁਰੂ ਨੇ ਕਿਹਾ ਕਿ ਏਕਨਾਥ ਸ਼ਿੰਦੇ ਨੇ ਵੀਰਵਾਰ ਨੂੰ ਮੁੰਬਈ ’ਚ ਸ਼ਾਮ 7.35 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦੀ ਸਹੁੰ ਚੁੱਕਣ ਦੀ ਕੁੰਡਲੀ ਧਨ ਲਗਨ ਦੀ ਬਣਦੀ ਹੈ ਅਤੇ ਲਗਨ ਦਾ ਸਵਾਮੀ ਚੌਥੇ ਘਰ ’ਚ ਆ ਕੇ 10ਵੇਂ ਘਰ ਨੂੰ ਦੇਖ ਰਿਹਾ ਹੈ। ਹਾਲਾਂਕਿ 10ਵਾਂ ਘਰ ਸ਼ਾਹੀ ਦਰਬਾਰ ਹੁੰਦਾ ਹੈ। ਇਸ ਵਿਚ ਸਭ ਤੋਂ ਵੱਡੀ ਸਮੱਸਿਆ ਲਗਨ ਦੇ ਮਾਲਕ ਗੁਰੂ ਦਾ ਪਾਪ ਕਤਰੀ ਯੋਗ ’ਚ ਫਸ ਜਾਣਾ ਹੈ।
ਇਹ ਵੀ ਪੜ੍ਹੋ- ਸੂਬੇ ’ਚ ਛੱਪੜਾਂ ਜਾਂ ਸ਼ਾਮਲਾਤ ਜ਼ਮੀਨ ’ਤੇ ਕਬਜ਼ੇ ਹਟਾਉਣ ਜਾਂ ਨਿਯਮਿਤ ਕਰਨ ਲਈ ਬਣਾਈ ਜਾ ਰਹੀ ਨੀਤੀ
ਜੋਤਿਸ਼ਾਚਾਰੀਆ ਰਾਜੀਵ ਸ਼ਰਮਾ ‘ਸ਼ੂਰ’ ਨੇ ਪਹਿਲਾਂ ਵੀ ਭਵਿੱਖਬਾਣੀ ਕੀਤੀ ਸੀ ਕਿ ਠਾਕਰੇ ਦਾ ਸਹੁੰ-ਚੁੱਕ ਸਮਾਗਮ ਗਲਤ ਮਹੂਰਤ ’ਚ ਹੋਇਆ, ਇਸ ਲਈ ਸਰਕਾਰ ਤੇ ਮੁੱਖ ਮੰਤਰੀ ਠਾਕਰੇ ਮੁਸ਼ਕਲ ਵਿਚ ਪੈ ਜਾਣਗੇ ਜੋ 5 ਸਾਲ ਵੀ ਪੂਰੇ ਨਹੀਂ ਕਰ ਸਕਣਗੇ। ਉਸ ਵੇਲੇ 28 ਨਵੰਬਰ 2019 ਨੂੰ ਠਾਕਰੇ ਦੇ ਵੇਲੇ ਵੀ ‘ਅਸ਼ਟਮ ਚੰਦਰਮਾ’ ਧਨ ਰਾਸ਼ੀ ਵਿਚ ਸੀ। ਉਸ ਵੇਲੇ ‘ਗਜ ਕੇਸਰੀ’ ਯੋਗ ਨੂੰ ਭੰਗ ਕਰਦਾ ਹੋਇਆ ‘ਗੁਰੂ ਚੰਡਾਲ’ ਖ਼ਤਰਨਾਕ ਯੋਗ ਬਣਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸੱਤਾ ਆਪਣੀ ਹੀ ਪਾਰਟੀ ਕਾਰਨ ਗਈ ਸੀ। ਉਨ੍ਹਾਂ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਸੀ। ਇਸ ਵਾਰ ਵੀ ਸ਼ਿੰਦੇ ਦੇ ਸਹੁੰ-ਚੁੱਕ ਸਮਾਗਮ ਵਿਚ ਉਹੀ ਗਲਤੀ ਦੁਹਰਾਈ ਗਈ ਹੈ। ਏਕਨਾਥ ਸ਼ਿੰਦੇ ਨੂੰ ‘ਅਸ਼ਟਮ ਚੰਦਰਮਾ’ ਧਨ ਲਗਨ ਵਿਚ ‘ਕਰਕ ਰਾਸ਼ੀ’ ’ਚ ਪੈ ਰਿਹਾ ਹੈ, ਜੋ ਕਿ ਖੁਦ ਅਤੇ ਸੂਬੇ ਲਈ ਖਤਰਨਾਕ ਹੋਵੇਗਾ, ਜਿਸ ਨਾਲ ਦੁਰਘਟਨਾਵਾਂ ਅਤੇ ਗੜਬੜੀਆਂ ਦਾ ਯੋਗ ਬਣੇਗਾ। ਇਸ ਤੋਂ ਇਲਾਵਾ ਰਾਹੂ-ਮੰਗਲ ਦੇ ਮਿਲਾਪ ਕਾਰਨ ਵੀ ਦੁਰਘਟਨਾ, ਜਲ-ਥਲ ’ਤੇ ਨੁਕਸਾਨ ਦੇ ਨਾਲ ਧਾਰਮਿਕ ਨੁਕਸਾਨ ਦਾ ਯੋਗ ਬਣੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।