ਸਵਾਰੀਆਂ ਨਾਲ ਭਰੀਆਂ ਬੱਸਾਂ ’ਚ ਸਾਹ ਲੈਣਾ ਔਖਾ, ਬੱਚੇ ਦੀ ਵਿਗੜਦੀ ਹਾਲਤ ਵੇਖ ਰਾਹ ’ਚ ਉਤਰਿਆ ਪਰਿਵਾਰ

Sunday, Jun 05, 2022 - 01:15 PM (IST)

ਸਵਾਰੀਆਂ ਨਾਲ ਭਰੀਆਂ ਬੱਸਾਂ ’ਚ ਸਾਹ ਲੈਣਾ ਔਖਾ, ਬੱਚੇ ਦੀ ਵਿਗੜਦੀ ਹਾਲਤ ਵੇਖ ਰਾਹ ’ਚ ਉਤਰਿਆ ਪਰਿਵਾਰ

ਜਲੰਧਰ(ਪੁਨੀਤ): ਗਰਮੀ ਜਿਸ ਤਰ੍ਹਾਂ ਆਪਣਾ ਕਹਿਰ ਵਰ੍ਹਾਅ ਰਹੀ ਹੈ, ਉਸ ਨਾਲ ਸਾਰਿਆਂ ਦੀ ਹਾਲਤ ਖਰਾਬ ਹੋ ਰਹੀ ਹੈ। ਖਾਸ ਤੌਰ ’ਤੇ ਬੱਚਿਆਂ ਨੂੰ ਗਰਮੀ ਵਿਚ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਹੂਲਤ ਦੇ ਮੱਦੇਨਜ਼ਰ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ। ਮਾਪੇ ਬੱਚਿਆਂ ਨੂੰ ਦੁਪਹਿਰ ਸਮੇਂ ਬਾਹਰ ਜਾਣ ਤੋਂ ਰੋਕ ਰਹੇ ਹਨ। ਅਜਿਹੇ ਹਾਲਾਤ ਵਿਚ ਬਹੁਤ ਮਜ਼ਬੂਰੀ ਵਿਚ ਲੋਕ ਬੱਚਿਆਂ ਨੂੰ ਨਾਲ ਲੈ ਕੇ ਸਫ਼ਰ ਕਰ ਰਹੇ ਹਨ ਪਰ ਸਰਕਾਰੀ ਬੱਸਾਂ ਵਿਚ ਬੱਚਿਆਂ ਨਾਲ ਸਫਰ ਕਰਨ ਦਾ ਮਤਲਬ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਘੱਟ ਨਹੀਂ ਹੈ। ਖਚਾਖਚ ਭਰੀਆਂ ਬੱਸਾਂ ਵਿਚ ਆਮ ਇਨਸਾਨ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ ਤਾਂ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੋਵੇਗਾ।ਬੱਚਿਆਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪਰਿਵਾਰ ਨਾਲ ਸਰਕਾਰੀ ਬੱਸ ਵਿਚ ਚੜ੍ਹਿਆ ਇਕ ਪਰਿਵਾਰ ਰਾਮਾ ਮੰਡੀ ਜਾ ਕੇ ਉਤਰ ਗਿਆ ਕਿਉਂਕਿ ਗਰਮੀ ਵਿਚ ਬੱਚੇ ਦੀ ਹਾਲਤ ਖਰਾਬ ਹੋਣ ਲੱਗੀ ਸੀ ਅਤੇ ਪਰਿਵਾਰ ਤੋਂ ਇਹ ਦੇਖਿਆ ਨਹੀਂ ਗਿਆ, ਇਸ ਲਈ ਉਨ੍ਹਾਂ ਬੱਸ ਵਿਚੋਂ ਉਤਰਨਾ ਹੀ ਉਚਿਤ ਸਮਝਿਆ।

ਇਹ ਵੀ ਪੜ੍ਹੋ- ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਬੱਸ ਅੱਡੇ ਵਿਚ ਕਾਊਂਟਰਾਂ ’ਤੇ ਪ੍ਰਾਈਵੇਟ ਬੱਸਾਂ ਭਾਵੇਂ ਲੱਗੀਆਂ ਹੋਣ ਪਰ ਕਈ ਲੋਕ ਫਾਇਦੇ ਕਾਰਨ ਸਰਕਾਰੀ ਬੱਸਾਂ ਦੀ ਉਡੀਕ ਕਰਦੇ ਹਨ ਕਿਉਂਕਿ ਉਨ੍ਹਾਂ ਵਿਚ ਔਰਤਾਂ ਦੀ ਟਿਕਟ ਨਹੀਂ ਲੱਗਦੀ। ਸਰਕਾਰੀ ਬੱਸ ਦੇ ਆਉਣ ਤੋਂ ਪਹਿਲਾਂ ਲੰਮੀ ਉਡੀਕ ਕਰਨੀ ਪੈਂਦੀ ਹੈ। ਇਸ ਭਿਆਨਕ ਗਰਮੀ ਵਿਚ ਬੱਸਾਂ ਦੀ ਉਡੀਕ ਕਰਨੀ ਬਹੁਤ ਮੁਸ਼ਕਿਲ ਹੈ। ਲੋਕ ਕਿਸੇ ਨਾ ਕਿਸੇ ਤਰ੍ਹਾਂ ਬੱਸਾਂ ਦੀ ਉਡੀਕ ਕਰਦੇ ਹਨ ਅਤੇ ਖਚਾਖਚ ਭਰੀਆਂ ਆ ਰਹੀਆਂ ਬੱਸਾਂ ਵਿਚ ਧੱਕਾਮੁੱਕੀ ਕਰ ਕੇ ਚੜ੍ਹ ਜਾਂਦੇ ਹਨ।  ਆਲਮ ਇਹ ਹੈ ਕਿ ਬੱਸਾਂ ਵਿਚ ਬੈਠਣ ਲਈ ਸੀਟਾਂ ਨਹੀਂ ਮਿਲ ਪਾਉਂਦੀਆਂ ਪਰ ਵਧੇਰੇ ਲੋਕ ਬੱਚਿਆਂ ਨੂੰ ਨਾਲ ਬਿਠਾ ਹੀ ਲੈਂਦੇ ਹਨ ਪਰ ਇਸਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ 50 ਦੇ ਲਗਭਗ ਸੀਟਾਂ ਵਾਲੀਆਂ ਬੱਸਾਂ ਵਿਚ 80 ਤੋਂ ਵਧੇਰੇ ਲੋਕ ਸਵਾਰ ਹੁੰਦੇ ਹਨ। ਅਜਿਹੇ ਹਾਲਾਤ ਵਿਚ ਜਦੋਂ ਤੱਕ ਬੱਸ ਚੱਲ ਨਹੀਂ ਪੈਂਦੀ, ਉਦੋਂ ਤੱਕ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। 

 

ਇਹ ਵੀ ਪੜ੍ਹੋ- ED ਦੀ ਕਾਰਵਾਈ, ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ CM ਚੰਨੀ ਦੇ ਭਾਣਜੇ ਹਨੀ ਦਾ ਸਾਥੀ ਕੀਤਾ ਗ੍ਰਿਫ਼ਤਾਰ

ਇਕ ਸਰਕਾਰੀ ਬੱਸ ਦੇ ਚਾਲਕ ਦਲ ਨੇ ਦੱਸਿਆ ਕਿ ਪੀ. ਏ. ਪੀ. ਤੋਂ ਪਹਿਲਾਂ ਰਸਤੇ ਵਿਚ ਭੀੜ ਹੋਣ ਕਾਰਨ ਬੱਸ ਕੁਝ ਦੇਰ ਲਈ ਰੁਕੀ ਰਹੀ। ਇਸ ਦੌਰਾਨ ਬੱਚਾ ਰੋਣ ਲੱਗਾ ਕਿਉਂਕਿ ਗਰਮੀ ਵਿਚ ਉਸ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ। ਪਰਿਵਾਰ ਨੇ ਸੋਚਿਆ ਕਿ ਬੱਸ ਚੱਲੇਗੀ ਤਾਂ ਬੱਚਾ ਚੁੱਪ ਹੋ ਜਾਵੇਗਾ ਪਰ ਉਹ ਲਗਾਤਾਰ ਰੋਂਦਾ ਰਿਹਾ। ਇਸ ਤੋਂ ਬਾਅਦ ਉਕਤ ਪਰਿਵਾਰ ਰਾਮਾ ਮੰਡੀ ਨੇੜੇ ਉਤਰ ਗਿਆ। ਉਥੇ ਹੀ, 1-2 ਔਰਤਾਂ ਨੇ ਵੀ ਪ੍ਰੇਸ਼ਾਨੀ ਕਾਰਨ ਬੱਸ ਵਿਚੋਂ ਉਤਰਨਾ ਹੀ ਮੁਨਾਸਿਬ ਸਮਝਿਆ।

‘ਭੀੜ ’ਚ ਔਰਤਾਂ ਦੀ ਤਬੀਅਤ ਹੋ ਰਹੀ ਖਰਾਬ’

ਚਾਲਕ ਦਲਾਂ ਦਾ ਕਹਿਣਾ ਹੈ ਕਿ ਜਿਸ ਨੂੰ ਸਾਹ ਲੈਣ ਸਬੰਧੀ ਕੋਈ ਦਿੱਕਤ ਹੋਵੇ, ਉਹ ਭਰੀ ਬੱਸ ਵਿਚ ਚੜ੍ਹਨ ਤੋਂ ਗੁਰੇਜ਼ ਕਰੇ ਕਿਉਂਕਿ ਪਿਛਲੇ ਦਿਨਾਂ ਦੌਰਾਨ ਕਈ ਔਰਤਾਂ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਹੈ। ਖਾਸ ਕਰ ਕੇ ਬਜ਼ੁਰਗ ਔਰਤਾਂ ਨੂੰ ਭਰੀਆਂ ਬੱਸਾਂ ਵਿਚ ਸਫ਼ਰ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ- ਨਸ਼ੇ ਨਾਲ ਮਰੇ ਮੁੰਡੇ ਦਾ ਮਾਮਲਾ ਗਰਮਾਇਆ, ਸਿਵਲ ਵਰਦੀ 'ਚ ਆਏ ਮੁਲਾਜ਼ਮਾਂ ਨੇ ਮਾਂ ਤੋਂ ਕੋਰੇ ਕਾਗਜ਼ 'ਤੇ ਲਗਵਾਏ ਅੰਗੂਠੇ

ਚਾਲਕ ਦਲਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਦੇਖ ਕੇ ਔਰਤਾਂ ਆਪਣੇ ਨਾਲ ਬਿਠਾ ਲੈਂਦੀਆਂ ਹਨ ਪਰ ਔਰਤਾਂ ਨੂੰ ਸੀਟਾਂ ਨਹੀਂ ਮਿਲ ਪਾਉਂਦੀਆਂ। ਇਸ ਦਾ ਕਾਰਨ ਇਹ ਹੈ ਕਿ ਸਰਕਾਰੀ ਬੱਸਾਂ ਵਿਚ 80 ਫੀਸਦੀ ਤੋਂ ਵਧੇਰੇ ਔਰਤਾਂ ਸਫ਼ਰ ਕਰ ਰਹੀਆਂ ਹੁੰਦੀਆਂ ਹਨ। ਅਜਿਹੇ ਵਿਚ ਔਰਤ ਦੂਜੀ ਔਰਤ ਲਈ ਸੀਟ ਨਹੀਂ ਛੱਡਦੀ। ਬਜ਼ੁਰਗ ਔਰਤਾਂ ਨੂੰ ਵੀ ਘੰਟਿਆਬੱਧੀ ਖੜ੍ਹੇ ਹੋ ਕੇ ਸਫ਼ਰ ਕਰਨਾ ਪੈਂਦਾ ਹੈ। ਪਿਛਲੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਔਰਤਾਂ ਧੱਕਾਮੁੱਕੀ ਕਰ ਕੇ ਬੱਸਾਂ ਵਿਚ ਚੜ੍ਹ ਤਾਂ ਜਾਂਦੀਆਂ ਹਨ ਪਰ ਬਾਅਦ ਵਿਚ ਉਨ੍ਹਾਂ ਨੂੰ ਪ੍ਰੇਸ਼ਾਨ ਹੋ ਕੇ ਸਫਰ ਦਾ ਸਮਾਂ ਬਤੀਤ ਕਰਨਾ ਪੈਂਦਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

shivani attri

Content Editor

Related News