ISIS ਦੇ ਹਮਲਿਆਂ ਦਾ ਸਿਲਸਿਲਾ ਅਤੇ ਅਫਗਾਨਿਸਤਾਨ ਵਿਚ ਸਿੱਖਾਂ ਦੇ ਹਾਲਾਤ

Thursday, Apr 23, 2020 - 09:28 PM (IST)

ISIS ਦੇ ਹਮਲਿਆਂ ਦਾ ਸਿਲਸਿਲਾ ਅਤੇ ਅਫਗਾਨਿਸਤਾਨ ਵਿਚ ਸਿੱਖਾਂ ਦੇ ਹਾਲਾਤ

ਹਰਪ੍ਰੀਤ ਸਿੰਘ ਕਾਹਲੋਂ 
ਜਗਬਾਣੀ ਸੰਵਾਦ ਇੰਦਰਜੀਤ ਸਿੰਘ ਦੇ ਨਾਲ 

ISIS ਵਲੋਂ ਪਿਛਲੇ ਮਹੀਨੇ ਮਾਰਚ ਦੀ 25 ਤਾਰੀਖ ਨੂੰ ਕਾਬੁਲ ਗੁਰਦੁਆਰੇ ’ਤੇ ਹਮਲਾ ਹੋਇਆ। ਇਸ ਹਮਲੇ ਵਿਚ 25 ਸਿੱਖਾਂ ਦਾ ਬਹੁਤ ਬੇਰਹਿਮੀ ਨਾਲ ISIS ਅੱਤਵਾਦੀ ਗੁੱਟ ਨੇ ਕਤਲ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਅਫਗਾਨਿਸਤਾਨ ਵਿਚ ਸਿੱਖਾਂ ਦੇ ਹਾਲਾਤਾਂ ਨੂੰ ਲੈ ਕੇ ਨਵੀਂ ਚਰਚਾ ਛਿੜੀ ਹੈ। ਅਫਗਾਨਿਸਤਾਨ ਵਿਚ ਸਿੱਖਾਂ ਦਾ ਇਤਿਹਾਸ ਕੀ ਰਿਹਾ ਹੈ। ਅਫ਼ਗਾਨਿਸਤਾਨ ਵਿਚ ਇਸ ਹਮਲੇ ਤੋਂ ਪਹਿਲਾਂ ਸਿੱਖਾਂ ਦੀ ਸਿਆਸੀ ਜ਼ਮੀਨ ਕਿਹੋ ਜਿਹੀ ਸੀ ਅਤੇ ਇਸ ਹਮਲੇ ਤੋਂ ਬਾਅਦ ਇਹ ਜ਼ਮੀਨ ਸਾਨੂੰ ਕਿੰਜ ਵਿਚਾਰਨ ਦੀ ਲੋੜ ਹੈ। ਇਸ ਦੇ ਲਈ ਅਸੀਂ ਇੰਦਰਜੀਤ ਸਿੰਘ ਨਾਲ ਖਾਸ ਮੁਲਾਕਾਤ ਕੀਤੀ ਹੈ। ਇੰਗਲੈਂਡ ਤੋਂ ਇੰਦਰਜੀਤ ਸਿੰਘ ਅਫ਼ਗ਼ਾਨਿਸਤਾਨ ਦੇ ਸਿੱਖ ਸੰਦਰਭਾਂ ਦੇ ਜਾਣਕਾਰ ਹਨ। ਉਨ੍ਹਾਂ ਦੀ ਕਿਤਾਬ 'ਅਫ਼ਗਾਨ ਹਿੰਦੂਜ਼ ਐਂਡ ਸਿੱਖ-ਹਿਸਟਰੀ ਆਫ ਏ ਥਾਊਸੈਂਡ ਈਅਰਜ਼' ਸਮੁੱਚੇ ਇਤਿਹਾਸ ਨੂੰ ਰੌਸ਼ਨੀ ਵਿਚ ਲਿਆਉਂਦੀ ਹੈ। 

ISIS ਅੱਤਵਾਦੀ ਗੁੱਟ ਅਤੇ ਕਾਫ਼ਰ 
ਅਫਗਾਨਿਸਤਾਨ ਵਿਚ ਸਿੱਖਾਂ ਦੇ ਹਾਲਾਤ ਨੂੰ ਦੇਖਦਿਆਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇੱਥੇ ISIS ਨਾਲ ਕਿਸੇ ਵੀ ਤਰ੍ਹਾਂ ਦੀ ਦੁਵੱਲੀ ਗੱਲਬਾਤ ਨਹੀਂ ਹੋ ਰਹੀ ਅਤੇ ਨਾ ਹੀ ਇਹ ਗੁੱਟ ਕਿਸੇ ਤਰ੍ਹਾਂ ਦੀ ਗੱਲਬਾਤ ਕਰਨਾ ਚਾਹੁੰਦਾ ਹੈ। ਅਫ਼ਗਾਨਿਸਤਾਨ ਵਿਚ ਇਨ੍ਹਾਂ ਘਟਨਾਵਾਂ ਦਾ ਪਿਛਲੇ ਦੋ ਸਾਲਾਂ ਦਾ ਪਿਛੋਕੜ ਦੇਖਣ ਤੋਂ ਬਿਨਾਂ ਸਾਨੂੰ ਸਮੁੱਚੀ ਗੱਲ ਸਮਝ ਨਹੀਂ ਆਉਣੀ। ਇੱਥੇ ਲਗਾਤਾਰ ਮੁਸਲਮਾਨਾਂ ਵਿਚ ਸ਼ੀਆ ਬਰਾਦਰੀ ਦੀਆਂ ਥਾਵਾਂ ’ਤੇ ਵੀ ਹਮਲੇ ਹੁੰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਕਿਸੇ ਵੀ ਸਮਾਜਿਕ ਇਕੱਠ ਅਤੇ ਉਨ੍ਹਾਂ ਦੇ ਵਿਆਹਾਂ ਦੌਰਾਨ ਹਮਲੇ ਹੁੰਦੇ ਰਹੇ ਹਨ। ਆਮ ਸਮਝ ਵਾਲੇ ਲੋਕਾਂ ਨੂੰ ਇਹ ਸਮਝਾਉਣਾ ਔਖਾ ਹੈ ਕਿ ਸ਼ੀਆ ਅਤੇ ਸੁੰਨੀ ਵਿਚ ਕੀ ਫ਼ਰਕ ਹੈ, ਕਿਉਂਕਿ ਇਹ ਫਰਕ ਕਿਸੇ ਵੀ ਤਰ੍ਹਾਂ ਸਰੀਰਕ ਤੌਰ ’ਤੇ ਨਜ਼ਰ ਨਹੀਂ ਆਉਂਦਾ। ਇਹ ਵਿਚਾਰਾਂ ਦਾ ਭੇੜ ਹੈ। 

ਅਫ਼ਗਾਨਿਸਤਾਨ ਵਿਚ ਇਕ ਹਜ਼ਾਰਾ ਕਬੀਲਾ ਹੈ। ਇਨ੍ਹਾਂ ਦੀਆਂ ਅੱਖਾਂ ਨਿੱਕੀਆਂ ਹੁੰਦੀਆਂ ਹਨ ਅਤੇ ਇਹ ਮੰਗੋਲ ਕਬੀਲੇ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਕੁਝ ਸ਼ੀਆ ਹਨ ਕੋਈ ਸੁੰਨੀ ਹਨ ਪਰ ਇਨ੍ਹਾਂ ਦੀਆਂ ਇਬਾਦਤਗਾਹਾਂ ਉੱਤੇ ਵੀ ਹਮਲੇ ਹੁੰਦੇ ਰਹੇ ਹਨ। ਅਫ਼ਗਾਨਿਸਤਾਨ ਵਿਚ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਹਿੰਦੂ ਸਿੱਖਾਂ ਦਾ ਫ਼ਰਕ ਉਹ ਇਨ੍ਹਾਂ ਸਭ ਨੂੰ ਹਿੰਦਵੀ ਮੰਨਦੇ ਹਨ।

ਇਹ ਇਕ ਸਿਲਸਿਲਾ ਹੈ ਇਸ ਵਿਚ ISIS ਲਈ ਸ਼ੀਆ ਵੀ ਕਾਫ਼ਰ ਹਨ ਅਤੇ ਹਿੰਦੂ ਸਿੱਖ ਵੀ ਕਾਫ਼ਰ ਹਨ। ਬੇਸ਼ੱਕ ਇਕ ਨਜ਼ਰੀਆ ਇਸ ਬਾਰੇ ਇਹ ਕਹਿੰਦਾ ਹੈ ਕਿ ਜਦੋਂ ਦਿੱਲੀ ਵਿਖੇ ਮੁਸਲਮਾਨਾਂ ’ਤੇ ਹਮਲੇ ਹੋਏ, ਉਸ ਦੇ ਜਵਾਬ ਵਿਚ ਘਟਨਾਵਾਂ ਹੋਈਆਂ ਹਨ। ਇਹ ਹੋ ਸਕਦਾ ਹੈ ਕਿ ਇਹ ਵੀ ਇਕ ਪਹਿਲੂ ਹੋਵੇ ਪਰ ਇਸ ਤੋਂ ਪਹਿਲਾਂ ਜੁਲਾਈ 2018 ਵਿਚ ਜਲਾਲਾਬਾਦ ਹਮਲਾ ਹੋਇਆ ਸੀ। ਉਸ ਸਮੇਂ ਤਾਂ ਦਿੱਲੀ ਵਿਚ ਕੋਈ ਏਦਾਂ ਦੀ ਘਟਨਾ ਨਹੀਂ ਹੋਈ ਸੀ ਪਰ ਇਹ ਹਮਲਾ ਫੇਰ ਵੀ ਹੋਇਆ ਸੀ। ਅਸੀਂ ਇਹ ਇੱਕ ਕੜੀ ਜੋੜ ਸਕਦੇ ਹਾਂ ਪਰ ਸੰਦਰਭ ਕੁਝ ਹੋਰ ਹੈ। ISIS ਦੇ ਨਜ਼ਰੀਏ ਵਿਚ ਜਿਹੜਾ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਉਹ ਕਾਫਰ ਹੈ। ਇਸ ਵਿਚ ਸ਼ੀਆ ਵੀ ਹਨ। ਹਿੰਦੂ ਸਿੱਖ ਵੀ ਹਨ ਅਤੇ ਹੋਰ ਉਨ੍ਹਾਂ ਦੇ ਨਜ਼ਰੀਏ ਮੁਤਾਬਕ ਹੋਰ ਗੈਰ ਧਰਮੀ ਲੋਕ ਵੀ ਹਨ। 

ਪੜ੍ਹੋ ਇਹ ਵੀ ਖਬਰ - ISIS ਦਾ ਸਿੱਖਾਂ 'ਤੇ ਹਮਲਾ ਅਤੇ ਕਾਬੁਲ 'ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1

ਪੜ੍ਹੋ ਇਹ ਵੀ ਖਬਰ - World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ 

 PunjabKesari

ਖ਼ੌਫ਼ ਅਤੇ ਹਮਲਿਆਂ ਦਾ ਲੰਮਾ ਪਿਛੋਕੜ
ਇਸ ਹਮਲੇ ਤੋਂ ਦੋ ਹਫ਼ਤੇ ਪਹਿਲਾਂ ਦੀ ਗੱਲ ਹੈ ਜਦੋਂ ਸ਼ੋਰੂ ਬਾਜ਼ਾਰ ਵਿਚ ਦੋ ਦੁਕਾਨਾਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਦਾ ਸਾਰਾ ਸਮਾਨ ਖਿੰਡਾ ਦਿੱਤਾ। ਇਸ ਹਮਲੇ ਬਾਰੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦਿੱਲੀ ਹਮਲੇ ਦਾ ਜਵਾਬ ਹੈ। ਉਸ ਸਮੇਂ ਸੱਚ ਇਹੋ ਸੀ ਕਿ ਦਿੱਲੀ ਵਿਖੇ ਮੁਸਲਮਾਨਾਂ ’ਤੇ ਹੋਏ ਹਮਲਿਆਂ ਦੌਰਾਨ ਸਿੱਖ ਭਾਈਚਾਰਾ ਉਨ੍ਹਾਂ ਦੇ ਨਾਲ ਆ ਕੇ ਖੜ੍ਹਾ ਵੀ ਹੋਇਆ ਸੀ ਅਤੇ ਲੰਗਰ ਵੀ ਲਾਏ ਸਨ। ਅਫ਼ਗਾਨਿਸਤਾਨ ਵਿਚ ਬੈਠੇ ਇਹ ਬੰਦੇ ਇਸ ਗੱਲ ਨੂੰ ਨਹੀਂ ਸਮਝਣਗੇ ਉਨ੍ਹਾਂ ਲਈ ਇਹ ਘਟਨਾ ਸਿਰਫ਼ ਬਹਾਨਾ ਸੀ, ਜੋ ਉਨ੍ਹਾਂ ਦੀ ਨਜ਼ਰ ਵਿਚ ਕਾਫ਼ਰ ਹੈ, ਉਨ੍ਹਾਂ ’ਤੇ ਹਮਲਾ ਕਰ ਸਕਣ। 

ਇਹ ਸਮਝਣ ਦੀ ਲੋੜ ਹੈ ਕਿ ਅਫ਼ਗਾਨਿਸਤਾਨ ਵਿਚ ਸਿੱਖ ਪਿਛਲੇ ਚਾਲੀ ਸਾਲਾਂ ਤੋਂ ਅਣਗੌਲਿਆ ਸਮਾਜ ਹੈ, ਜੋ ਹਮਲੇ ਉਨ੍ਹਾਂ ’ਤੇ ਹੋਏ ਉਹ ਕਿਸੇ ਮੁਸਲਿਮ ਸਮਾਜ ਦੇ ਨਹੀਂ, ਇਕ ਅੱਤਵਾਦੀ ਗੁੱਟ ਦੇ ਹਨ। ਇਸ ਗੱਲ ਦਾ ਨਿਖੇੜਾ ਕਰਨਾ ਪਵੇਗਾ ਨਹੀਂ ਤਾਂ ਅਸੀਂ ਬਹੁਤ ਅਜੀਬ ਫਿਰਕੂ ਸਿਆਸਤ ਵਿਚ ਫਸ ਜਾਵਾਂਗੇ।

ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ’ਚ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਦੀ ਜਾਣੋ ਸ਼ਮੂਲੀਅਤ (ਵੀਡੀਓ) 

ਪੜ੍ਹੋ ਇਹ ਵੀ ਖਬਰ - ਕੋਵਿਡ–19 : ਲੌਕਡਾਊਨ ਦੇ ਸਮੇਂ ਦੇਸ਼ ਭਰ ’ਚ ਜ਼ਰੂਰੀ ਵਸਤਾਂ ਦੀ ਬੇਰੋਕ ਸਪਲਾਈ  

ਪੜ੍ਹੋ ਇਹ ਵੀ ਖਬਰ - ਜਗਬਾਣੀ ਸਾਹਿਤ ਵਿਸ਼ੇਸ਼ : ਪੰਜਾਬ ਦੇ ਦੁਆਬੇ ਖਿੱਤੇ ਦਾ ਲੋਕ ਨਾਇਕ ਕਰਮਾ ਡਾਕੂ 

ਸਿੱਖਾਂ ਦੇ ਹਲਾਤ ਅਤੇ ਯੋਗਦਾਨ
ਵੱਡਾ ਸੱਚ ਤਾਂ ਇਹ ਹੈ ਕਿ ਅਫ਼ਗਾਨਿਸਤਾਨ ਵਿਚ ਹਿੰਦੂ ਤੇ ਸਿੱਖਾਂ ਦੀ ਹਾਲਤ ਬਹੁਤ ਮਾੜੀ ਹੈ। ਅਫਗਾਨਿਸਤਾਨ ਦੇ 3 ਖਾਸ ਸ਼ਹਿਰਾਂ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਕੁੱਲ ਆਬਾਦੀ 850 ਹੈ। ਸਿੱਖ ਭਾਈਚਾਰੇ ਦੀ ਇਹ ਗਿਣਤੀ ਅੱਧੀ ਕਾਬੁਲ ਸ਼ਹਿਰ ਵਿਚ ਹੈ ਅਤੇ ਬਾਕੀ ਜਲਾਲਾਬਾਦ ਅਤੇ ਗ਼ਜ਼ਨੀ ਸ਼ਹਿਰ ਵਿਚ ਹੈ। ਅਫਗਾਨਿਸਤਾਨ ਦੇ ਸਿੱਖਾਂ ਦੇ ਅਸੀਂ ਸਦਾ ਰਿਣੀ ਰਹਾਂਗੇ ਕਿ ਉਨ੍ਹਾਂ ਨੇ ਏਨੇ ਔਖੇ ਹਾਲਾਤ ਵਿਚ ਇੱਥੋਂ ਦੀ ਸਿੱਖ ਵਿਰਾਸਤ ਨੂੰ ਸੰਭਾਲਿਆ ਹੈ। ਸਿੱਖਾਂ ਦੇ ਵੱਡੇ ਵਿਦਵਾਨ ਭਾਈ ਨੰਦ ਲਾਲ ਹੁਣਾਂ ਦਾ ਜਨਮ ਗਜ਼ਨੀ ਸ਼ਹਿਰ ਵਿਚ ਹੋਇਆ ਉਨ੍ਹਾਂ ਦੀ ਯਾਦ ਵਿਚ ਇੱਥੇ ਇਕ ਗੁਰਦੁਆਰਾ ਹੈ। ਅਫ਼ਗਾਨਿਸਤਾਨ ਵਿਚ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਅਤੇ ਉਨ੍ਹਾਂ ਦੀਆਂ ਉਦਾਸੀਆਂ ਦੇ ਮੁਕੱਦਸ ਥਾਂ ਜਲਾਲਾਬਾਦ ਅਤੇ ਕਾਬੁਲ ਵਿਚ ਹਨ। ਇਸ ਤੋਂ ਇਲਾਵਾ ਇਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਕੰਧਾਰ ਵਿਖੇ ਹੈ।

ਉਦਾਸੀ ਸੰਪਰਦਾਇ ਵਿਚੋਂ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਕਾਬੁਲ ਅਤੇ ਦੂਜਾ ਕੰਧਾਰ ਵਿਖੇ ਹੈ। ਇੱਥੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਸਮੇਂ ਸਿੱਖੀ ਦਾ ਖ਼ੂਬ ਪ੍ਰਚਾਰ ਹੋਇਆ ਅਤੇ ਉਨ੍ਹਾਂ ਦੇ ਸਿੱਖ ਭਾਈ ਗੌਂਡਾ ਜੀ ਕਾਬੁਲ ਪਹੁੰਚ ਕੇ ਧਰਮਸਾਲ ਬਣਵਾਉਂਦੇ ਹਨ। ਉਸ ਸਮੇਂ ਗੁਰਦੁਆਰਿਆਂ ਨੂੰ ਧਰਮਸਾਲ ਕਿਹਾ ਜਾਂਦਾ ਸੀ ਅਤੇ ਇਸਦਾ ਜ਼ਿਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਹੈ। ਕਾਬੁਲ ਦੇ ਇਸੇ ਗੁਰਦੁਆਰੇ ’ਤੇ ਹਮਲਾ ਹੋਇਆ। 

PunjabKesari

1992 ਤੋਂ ਬਾਅਦ ਅਤੇ 2020 
1992 ਦਾ ਸਮਾਂ ਅਫਗਾਨਿਸਤਾਨ ਦਾ ਸਮਝਣ ਵਾਲਾ ਹੈ। ਇਹ ਸਾਲ 90 ਫੀਸਦੀ ਸਿੱਖ ਤੇ ਹਿੰਦੂ ਅਫਗਾਨਿਸਤਾਨ ਛੱਡ ਕੇ ਭਾਰਤ ਆ ਗਏ ਸਨ। ਇਹ ਉਹ ਸਮਾਂ ਸੀ ਜਦੋਂ ਅਫ਼ਗ਼ਾਨਿਸਤਾਨ ਦੀ ਧਰਤ ਤੇ ਮੁਜਾਹਦੀਨ ਰੂਸੀਆਂ ਨਾਲ ਲੜ ਰਹੇ ਸੀ। ਇਸ ਤੋਂ ਬਾਅਦ ਇੱਥੇ ਨਜੀਬੁੱਲਾ ਦੀ ਸਰਕਾਰ ਸੀ ਅਤੇ ਇਹੋ ਮੁਜਾਹਿਦੀਨ ਉਨ੍ਹਾਂ ਨਾਲ ਵੀ ਲੜਦੇ ਰਹੇ। ਇਸ ਦੌਰਾਨ ਡਾਕਟਰ ਨਜੀਬੁੱਲਾ ਨੂੰ ਲੱਗਿਆ ਕਿ ਮੈਂ ਹੁਣ ਅਫਗਾਨਿਸਤਾਨ ਵਿਚ ਸਿੱਖਾਂ ਦੀ ਹਿਫ਼ਾਜ਼ਤ ਨਹੀਂ ਕਰ ਸਕਦਾ ਤਾਂ ਉਹਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਨ੍ਹਾਂ ਨੂੰ ਆਪਣੇ ਦੇਸ਼ ਬੁਲਾ ਲਓ। ਉਸ ਸਮੇਂ ਚਾਰ ਦਿਨਾਂ ਦੇ ਅੰਦਰ ਅਫਗਾਨਿਸਤਾਨ ਤੋਂ ਬਹੁਤ ਸਾਰੇ ਬੰਦੇ ਭਾਰਤ ਆ ਗਏ। 

ਜਿਹੜੇ ਬੰਦੇ ਇਸ ਸਮੇਂ ਅਫ਼ਗਾਨਿਸਤਾਨ ਵਿਚ ਰਹਿ ਰਹੇ ਹਨ ਇਹ ਗਰੀਬ ਸਿੱਖ ਹਨ, ਜਿਨ੍ਹਾਂ ਕੋਲ ਘਰ ਨਹੀਂ ਹਨ। ਇਨ੍ਹਾਂ ਨੇ ਆਪਣਾ ਆਪ ਬਚਾਉਣ ਲਈ ਆਪਣੇ ਘਰ ਛੱਡ ਦਿੱਤੇ। ਇਨ੍ਹਾਂ ਸਿੱਖਾਂ ਦੇ ਘਰ ਇਨ੍ਹਾਂ ਦੇ ਗੁਆਂਢੀਆਂ ਨੇ ਹੀ ਕਬਜ਼ਾ ਕਰ ਲਿਆ। ਇਹ ਸਿੱਖ ਬਹੁਤੇ ਗੁਰਦੁਆਰਿਆਂ ਵਿਚ ਰਹਿ ਰਹੇ ਹਨ। 

ਪੜ੍ਹੋ ਇਹ ਵੀ ਖਬਰ - CIPT ਖੇਤੀਬਾੜੀ ਖੋਜ ਸੰਸਥਾ ਵੰਡ ਰਹੀ ਹੈ ਕਿਸਾਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ 

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਦਾ ਰਾਹ : ‘ਘਰ ’ਚ ਟਾਈਮ ਟੇਬਲ ਬਣਾ ਕੇ ਪੜ੍ਹਾਈ ਕਰੀਏ’ 

ਪੜ੍ਹੋ ਇਹ ਵੀ ਖਬਰ - ਪੰਜਾਬ ਡਾਇਰੀ 3 : ਲਹਿੰਦੇ ਪੰਜਾਬ ਦੀਆਂ ਮੁਹੱਬਤੀ ਤਸਵੀਰਾਂ 

ਗੁਰਦੁਆਰੇ ਹੀ ਆਖ਼ਰੀ ਆਸਰਾ 
1992 ਤੋਂ ਬਾਅਦ ਹਾਲਾਤ ਇੰਝ ਹੀ ਰਹੇ ਅਤੇ ਗੁਰਦੁਆਰਿਆਂ ਦੀ ਇਮਾਰਤਾਂ ਨੂੰ ਸੁਧਾਰਨ ਦਾ ਸਹੀ ਵੇਲਾ 2001 ਤੋਂ ਬਾਅਦ ਆਇਆ, ਜਦੋਂ ਤਾਲਿਬਾਨੀ ਸਰਕਾਰ ਚਲੇ ਗਈ। ਉਸ ਸਮੇਂ ਦੁਬਈ ਰਹਿੰਦੇ ਸਿੱਖਾਂ ਨੇ ਸੇਵਾ ਕਰਕੇ ਇਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਬਿਹਤਰ ਬਣਾਉਣਾ ਸ਼ੁਰੂ ਕੀਤਾ। ਗੁਰਦੁਆਰਿਆਂ ਦੀ ਸੇਵਾ ਵਿਚ ਯੂਰਪ ਅਤੇ ਹੋਰ ਪ੍ਰਵਾਸੀ ਸਿੱਖਾਂ ਦਾ ਵੀ ਯੋਗਦਾਨ ਰਿਹਾ ਹੈ। 2000 ਵਿਚ ਇਨ੍ਹਾਂ ਗੁਰਦੁਆਰਿਆਂ ਦੀ ਕੁਮਾਰ ਤਾਂ ਬਹੁਤ ਵੱਡੇ ਵਿਹੜੇ ਸਨ। ਇਨ੍ਹਾਂ ਦੇ ਇਕ ਹਿੱਸੇ ਤੇ ਅਹਿਮਦ ਸ਼ਾਹ ਮਸੂਦ ਹੁਣਾਂ ਨੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਮੁੜ ਚੰਗੀ ਤਰ੍ਹਾਂ ਬਣਾਉਣ ਦਾ ਫਾਇਦਾ ਇਹ ਹੋਇਆ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ ਵਿਚ ਸਿੱਖਾਂ ਦੇ ਰਹਿਣ ਦਾ ਸੋਹਣਾ ਹੀਲਾ ਵਸੀਲਾ ਬਣ ਗਿਆ। ਇਹ ਸਭ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਕਾਬੁਲ ਵਿਖੇ ਇਨ੍ਹਾਂ ਗੁਰਦੁਆਰਿਆਂ ਵਿਚ ਸਿੱਖ ਸੰਗਤ ਰਹਿ ਰਹੀ ਹੈ। ਇਹ ਅੰਦਾਜ਼ਾ ਹੈ ਕਿ ਇਨ੍ਹਾਂ ਗੁਰਦੁਆਰਿਆਂ ਵਿਚ ਲਗਭਗ 40 ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਦੀ ਗਿਣਤੀ 150 ਬਣਦੀ ਹੈ। 

ਸਿੱਖਾਂ ਦੀ ਸੰਘਰਸ਼ ਭਰੀ ਜ਼ਿੰਦਗੀ
ਕਾਬੁਲ ਵਿਖੇ ਸਿੱਖ ਭਾਈਚਾਰੇ ਦੇ ਇਹ ਲੋਕ ਗੁਰਦੁਆਰਿਆਂ ਵਿਚ ਰਹਿੰਦੇ ਹਨ ਇਨ੍ਹਾਂ ਦੀਆਂ ਨੇੜੇ ਤੇੜੇ ਕੁਝ ਦੁਕਾਨਾਂ ਹਨ। ਇਨ੍ਹਾਂ ਦੀ ਪੜ੍ਹਾਈ ਅਤੇ ਰੁਜ਼ਗਾਰ ਦਾ ਮਸਲਾ ਬਹੁਤ ਵੱਡਾ ਹੈ। ਸਕੂਲਾਂ ਵਿਚ ਸਿੱਖ ਬੱਚਿਆਂ ਦਾ ਕਾਫੀ ਮਜ਼ਾਕ ਬਣਦਾ ਹੈ, ਇਸ ਬਾਰੇ ਬਾਕਾਇਦਾ ਰਿਪੋਰਟਾਂ ਆਉਂਦੀਆਂ ਰਹੀਆਂ ਹਨ। ਅਫ਼ਗਾਨਿਸਤਾਨ ਵਿਚ ਰਹਿ ਕੇ ਅਫ਼ਗਾਨੀ ਸਿੱਖ ਹੋ ਕੇ ਵੀ ਇਨ੍ਹਾਂ ਨੂੰ ਕਾਫ਼ਰ ਕਿਹਾ ਜਾਂਦਾ ਹੈ ਜਾਂ ਹਿੰਦੁਸਤਾਨੀ ਕਿਹਾ ਜਾਂਦਾ ਹੈ। ਸਿਰ ’ਤੇ ਜੂੜਾ ਹੋਣ ਕਰਕੇ ਬੱਚਿਆਂ ਨੂੰ ਕਚਾਲੂ ਵੀ ਕਿਹਾ ਜਾਂਦਾ ਹੈ। ਬੇਸ਼ੱਕ ਸਰਕਾਰ ਨੇ ਜਲਾਲਾਬਾਦ ਸ਼ਹਿਰ ਵਿਚ ਹਿੰਦੂ ਸਿੱਖ ਬੱਚਿਆਂ ਲਈ ਪ੍ਰਾਇਮਰੀ ਸਕੂਲ ਵੀ ਖੋਲ੍ਹੇ ਹਨ ਪਰ ਇਸ ਤੋਂ ਉੱਪਰ ਵਿੱਦਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ।

ਦੂਜੇ ਪਾਸੇ ਇਹ ਵੀ ਸਮਝਣ ਦੀ ਲੋੜ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਜਾਣ ਤੋਂ ਬਾਅਦ ਹਾਮਿਦ ਕਰਜ਼ਾਈ ਦੀ ਸਰਕਾਰ ਆਈ, ਅਹਿਮਦ ਗਨੀ ਦੀ ਸਰਕਾਰ ਆਈ ਅਤੇ ਇਨ੍ਹਾਂ ਸਰਕਾਰਾਂ ਨੇ ਘੱਟ ਗਿਣਤੀਆਂ ਲਈ ਕਾਫੀ ਪ੍ਰੋਗਰਾਮ ਚਲਾਏ ਅਤੇ ਉਪਰਾਲੇ ਵੀ ਕੀਤੇ ਹਨ। ਇਸ ਸਭ ਦੇ ਬਾਵਜੂਦ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਫਗਾਨਿਸਤਾਨ ਦੇ ਇਹ ਹਾਲਾਤ ਇਕੱਲੇ ਘੱਟ ਗਿਣਤੀਆਂ ਦੇ ਲਈ ਨਹੀਂ ਸਗੋਂ ਗਰੀਬ ਦੇਸ਼ ਹੋਣ ਕਰਕੇ ਇੱਥੇ ਇਹ ਚੁਣੌਤੀਆਂ ਸਮੁੱਚੇ ਦੇਸ਼ ਲਈ ਬਣੀਆਂ ਹੋਈਆਂ ਹਨ।

ਇੱਥੋਂ ਦੀ ਸਿਆਸੀ ਜ਼ਮੀਨ ਦੇ ਲਿਹਾਜ਼ ਨਾਲ ਇਹ ਵੀ ਸਮਝਣ ਦੀ ਲੋੜ ਹੈ ਕਿ ਮਸਲਾ ਇਹ ਨਹੀਂ ਕਿ ਇਨ੍ਹਾਂ ਸਿੱਖਾਂ ਦੀ ਅਗਵਾਈ ਕੋਈ ਕਰ ਰਿਹਾ ਹੈ ਜਾਂ ਨਹੀਂ। ਜ਼ਮੀਨੀ ਸੱਚਾਈ ਇਹ ਹੈ ਕਿ ਇੱਥੋਂ ਦੇ ਗੁਰਦੁਆਰੇ ਅਤੇ ਸਿੱਖਾਂ ਦੀਆਂ ਥਾਵਾਂ ਤੇ ਅਣਗਿਣਤ ਕਬਜ਼ੇ ਹੋਏ ਹਨ। ਅਫਗਾਨਿਸਤਾਨ ਨੂੰ ਆਪਣੇ ਗੁਆਂਢੀ ਪਾਕਿਸਤਾਨ ਸਰਕਾਰ ਵਾਂਗੂੰ ਹੀ ਗੁਰਦੁਆਰਿਆਂ ਦੀ ਸੁਰੱਖਿਆ ਲਈ ਖਾਸ ਕਦਮ ਚੁੱਕਣ ਦੀ ਲੋੜ ਹੈ। ਅਫਗਾਨਿਸਤਾਨ ਵਿਚ ਕਾਬੁਲ ਗਜਨੀ ਅਤੇ ਜਲਾਲਾਬਾਦ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿੱਚ ਪੈਂਦੇ ਗੁਰਦੁਆਰਿਆਂ ਤੇ ਜ਼ਿਆਦਾਤਰ ਕਬਜ਼ਾ ਕੀਤਾ ਹੋਇਆ ਹੈ। 

ਸਿੱਖਾਂ ਲਈ ਇੱਥੇ ਸਮੱਸਿਆ ਤਾਂ ਇਸ ਹੱਦ ਤੱਕ ਬਣੀ ਹੋਈ ਹੈ ਕਿ ਸਿੱਖ ਭਾਈਚਾਰੇ ਵਿਚ ਕਿਸੇ ਦੇ ਸਸਕਾਰ ਕਰਨ ਵੇਲੇ ਵੀ ਸੁਰੱਖਿਆ ਦਸਤਾ ਨਾਲ ਲੈ ਕੇ ਜਾਣਾ ਪੈਂਦਾ ਹੈ। ਅਫ਼ਗਾਨ ਸਰਕਾਰ ਇਹ ਸਾਰੀ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਪਰ ਸਮਝਣ ਦੀ ਇਹ ਲੋੜ ਹੈ ਕਿ ਕਿਸੇ ਵੀ ਦੇਸ਼ ਵਿਚ ਸੁਰੱਖਿਆ ਨਾਲੋਂ ਗੁਆਂਢੀ ਭਾਈਚਾਰੇ ਨਾਲ ਸਹਿਚਾਰ ਵਧਾਉਣ ਕਰਕੇ ਹਾਲਾਤ ਸੁਖਾਵੇਂ ਬਣਦੇ ਹਨ। ਹਾਲਾਤ ਇਹ ਹਨ ਕਿ ਕਈ ਵਾਰ ਸਸਕਾਰ ਕਰਨ ਵੇਲੇ ਕਾਫਲੇ ’ਤੇ ਵੱਟੇ ਵੀ ਵੱਜਦੇ ਹਨ। 

29 ਫਰਵਰੀ ਨੂੰ ਇਸ ਸਾਲ ਅਮਰੀਕਨ ਸਰਕਾਰ ਅਤੇ ਤਾਲਿਬਾਨ ਵਿਚ ਸ਼ਾਂਤੀ ਸਮਝੌਤਾ ਹੋਇਆ ਹੈ। ਸਿੱਖਾਂ ਦੇ ਗੁਰਦੁਆਰੇ ਵਿਚ ਹੋਏ ਇਸ ਹਮਲੇ ਦੀ ਤਾਲਿਬਾਨ, ਅਫਗਾਨਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਸਮੇਤ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਹੈ। 

ਇਸ ਤੋਂ ਬਾਅਦ ਦੀ ਸਿਆਸੀ ਜ਼ਮੀਨ ਨੂੰ ਬਹੁਤ ਜਾਗਰੂਕ ਹੋ ਕੇ ਸਮਝਣ ਦੀ ਲੋੜ ਹੈ :-ਇਸ ਦੌਰਾਨ ਖ਼ਾਸ ਭਾਈਚਾਰੇ ਵਲੋਂ ਇਹ ਤਨਜ਼ ਵੀ ਕੱਸੀ ਗਈ ਕਿ ਤੁਸੀਂ CAA ਦਾ ਵਿਰੋਧ ਕਰਦੇ ਸੀ ਪਰ ਸਿੱਖਾਂ ’ਤੇ ਹਮਲਾ ਹੀ ਮੁਸਲਮਾਨਾਂ ਨੇ ਕੀਤਾ।

ਪਰ ਸਿਟੀਜ਼ਨ ਐਕਟ ਪਿੱਛੇ ਐੱਨ.ਆਰ.ਸੀ ਵੀ ਸੀ। ਇਸ ਦਾ ਪ੍ਰਭਾਵ ਅਸਾਮ ਵਿਚ ਪੰਦਰਾਂ ਲੱਖ ਬੰਦਿਆਂ ’ਤੇ ਵੀ ਪਿਆ ਹੈ। ਸੋ ਅਫਗਾਨਿਸਤਾਨ ਵਿਚ ਹੋਏ ਹਮਲੇ ਦੇ ਸੰਦਰਭ ਹੋਰ ਹਨ ਅਤੇ ਭਾਰਤ ਵਿਚ ਨਾਗਰਿਕਤਾ ਕਾਨੂੰਨ ਦੇ ਸੰਦਰਭ ਹੋਰ ਹਨ। ਸਿਆਸਤ ਇਸ ਨੂੰ ਰਲਗੱਡ ਕਰਦੀ ਹੋਈ ਤਨਜ਼ ਕੱਸਦੀ ਹੈ, ਜੋ ਅਫ਼ਗਾਨਿਸਤਾਨ ਵਿਚ ਸਿੱਖਾਂ ਦੇ ਗੰਭੀਰ ਮਸਲੇ ਨੂੰ ਰੋਲਣ ਵਾਲੀ ਗੱਲ ਹੋਵੇਗੀ।

ISIS ਦੇ ਹਮਲਿਆਂ ਦੀਆਂ ਖ਼ੂਨੀ ਤਾਰੀਖ਼ਾਂ
ਅਫਗਾਨਿਸਤਾਨ ਦੀ ਜ਼ਮੀਨ ਨੂੰ ਸਮਝਣ ਦੇ ਲਈ ਇਹ ਵੀ ਸਮਝਣਾ ਪਵੇਗਾ ਕਿ ਇੱਥੋਂ ਦੀ ਅਫਗਾਨਿਸਤਾਨ ਸਰਕਾਰ ਸਿੱਖਾਂ ਦੀ ਹਮਦਰਦ ਹੈ। ਦੂਜੇ ਪਾਸੇ ISIS ਅੱਤਵਾਦੀ ਗੁੱਟ ਹੈ ਅਤੇ ਉਨ੍ਹਾਂ ਦਾ ਕਿਸੇ ਇੱਕ ਥਾਂ ਸੰਗਠਿਤ ਦਫਤਰ ਨਹੀਂ ਹੈ। ਅਫ਼ਗਾਨਿਸਤਾਨ ਵਿਚ ਹਾਲਾਤ ਸੁਖਾਵੇਂ ਬਣਾਉਣ ਲਈ ਇਸ ਅੱਤਵਾਦੀ ਗੁੱਟ ’ਤੇ ਮਿਲਟਰੀ ਕਾਰਵਾਈ ਕਰਨੀ ਹੀ ਪਵੇਗੀ। ਦੂਜੇ ਪਾਸੇ ਸਾਨੂੰ ਅਜਿਹੇ ਅੱਤਵਾਦੀ ਗੁੱਟ ਦੀ ਵਿਚਾਰ ਧਾਰਾ ਨੂੰ ਹਰਾਉਣ ਲਈ ਬਰਾਬਰ ਸੰਵਾਦ ਵੀ ਖੜ੍ਹਾ ਕਰਨਾ ਪਵੇਗਾ ਤਾਂ ਕਿ ਅਸੀਂ ਦੱਸ ਸਕੀਏ ਉਨ੍ਹਾਂ ਬੱਚਿਆਂ ਨੂੰ, ਜੋ ਅਜਿਹੇ ਅੱਤਵਾਦੀ ਗੁੱਟਾਂ ਦੇ ਪ੍ਰਭਾਵ ਵਿੱਚ ਆਉਂਦੇ ਹਨ। ਇਹ ਸੰਵਾਦ ਕੋਈ ਹਿੰਦੂ ਜਾਂ ਸਿੱਖ ਨਹੀਂ ਖੜ੍ਹਾ ਕਰ ਸਕਦਾ ਇਹ ਮੁਸਲਮਾਨਾਂ ਵਿਚੋਂ ਹੀ ਸੱਚੇ ਸੁੱਚੇ ਰੱਬ ਦੇ ਬੰਦਿਆਂ ਨੂੰ ਤੋਰਨਾ ਪਵੇਗਾ। ਇਸ ਅੱਤਵਾਦੀ ਗੁੱਟ ਵਲੋਂ 2015 ਤੋਂ ਲੈ ਕੇ 2017 ਤੱਕ 60 ਹਮਲੇ ਕੀਤੇ ਗਏ ਹਨ। 2017 ਤੋਂ ਬਾਅਦ ਇਹ ਸਿਲਸਿਲਾ 25 ਮਾਰਚ 2020 ਤੱਕ ਸਿਲਸਿਲੇਵਾਰ ਬਰਕਰਾਰ ਹੈ।

. 1 ਜੁਲਾਈ 2018 : ਜਲਾਲਾਬਾਦ ਵਿਖੇ 21 ਜਣਿਆਂ ਦਾ ਕਤਲ ਕੀਤਾ ਗਿਆ, ਜਿਨ੍ਹਾਂ ਵਿਚੋਂ 17 ਸਿੱਖ ਅਤੇ  4 ਹਿੰਦੂ ਸਨ।
. 18 ਅਪ੍ਰੈਲ 2015 : ਜਲਾਲਾਬਾਦ 33 ਜਣਿਆਂ ਦਾ ਕਤਲ ਕੀਤਾ ਗਿਆ।
. 23 ਜੁਲਾਈ  2016 : ਕਾਬੁਲ 80 ਜਣੇ ਮਾਰ ਦਿੱਤੇ ਗਏ।
. 11 ਅਕਤੂਬਰ 2016 : ਕਾਬੁਲ ਵਿਖੇ ਸ਼ੀਆ ਬਰਾਦਰੀ ਦੀ ਇਬਾਦਤਗਾਹ ’ਤੇ ਹਮਲਾ ਕੀਤਾ ਅਤੇ 14 ਜਣਿਆਂ ਦਾ ਕਤਲ ਕਰ ਦਿੱਤਾ।
. 21 ਨਵੰਬਰ 2016 : ਕਾਬੁਲ ਵਿਖੇ ਸ਼ੀਆ ਬਰਾਦਰੀ ਦੀ ਮਸੀਤ ’ਤੇ ਹਮਲਾ ਕੀਤਾ, ਜਿਸ ਵਿਚ 30 ਜਣੇ ਮਾਰੇ ਗਏ।
.15 ਜੂਨ 2017 : ਸ਼ੀਆ ਮਸੀਤ ’ਤੇ ਹਮਲਾ ਕਾਬੁਲ ਵਿਖੇ 4 ਜਣਿਆਂ ਦਾ ਕਤਲ ਹੋਇਆ।
. 1 ਅਗਸਤ 2017 : ਹੈਰਾਤ ਵਿਖੇ ਸ਼ੀਰਾ ਮਸੀਤ ’ਤੇ ਹਮਲਾ ਅਤੇ 29 ਜਣਿਆਂ ਦਾ ਕਤਲ ਕੀਤਾ ਗਿਆ।
. 26 ਅਗਸਤ  2017 : ਸ਼ੀਆ ਮਸੀਤ ’ਤੇ ਕਾਬੁਲ ਵਿਖੇ ਹਮਲਾ 28 ਮਰ ਗਏ।
. 28 ਦਸੰਬਰ  2017 : ਕਾਬੁਲ ਹਮਲੇ ਵਿਚ 40 ਜਣੇ ਮਾਰੇ ਗਏ।
. 3 ਅਗਸਤ 2018 : ਸ਼ੀਆ ਮਸੀਤ ’ਤੇ ਹਮਲਾ, 40 ਮਰ ਗਏ।
. 26 ਨਵੰਬਰ 2018 : ਕਾਬੁਲ ਵਿਖੇ ਟਿਊਸ਼ਨ ਸੈਂਟਰ ’ਤੇ ਹਮਲਾ 50 ਵਿਦਿਆਰਥੀਆਂ ਦੀ ਮੌਤ ਹੋ ਗਈ।
. 6 ਮਾਰਚ 2019 : ਕਾਬੁਲ ਵਿਖੇ ਸਿਆਸੀ ਰੈਲੀ ਵਿਚ 11 ਜਣਿਆਂ ਦਾ ਕਤਲ ਹੋਇਆ।
. 6  ਜੁਲਾਈ 2019 : ਕਾਬੁਲ ਸ਼ੀਆ ਮਸੀਤ ’ਤੇ ਹਮਲੇ ਵਿਚ 2 ਜਣਿਆਂ ਦਾ ਕਤਲ ਹੋ ਗਿਆ।
. 17 ਅਗਸਤ 2019 : ਸ਼ੀਆ ਬਰਾਦਰੀ ਦੇ ਵਿਆਹ ਵਿਚ ਕਾਬੁਲ ਵਿਖੇ ਹਮਲਾ ਹੋਇਆ, ਜਿਸ ਵਿਚ 63 ਜਣਿਆਂ ਦਾ ਕਤਲ ਹੋਇਆ।
. 6 ਮਾਰਚ 2020 : ਕਾਬੁਲ ਦੇ ਇਸ ਹਮਲੇ ਵਿਚ 32 ਜਣੇ ਮਾਰੇ ਗਏ।

ਅੱਤਵਾਦ ਖਿਲਾਫ਼ ਵੱਡੀ ਤਿਆਰੀ ਦੀ ਲੋੜ
ਇਸ ਗੁੱਟ ਦਾ ਇੰਨਾ ਅਸਰ ਰਿਹਾ ਹੈ ਕਿ ਯੂਰਪ ਵਿਚੋਂ ਬਹੁਤ ਸਾਰੇ ਮੁਸਲਮਾਨ ਬੱਚੇ ਇਸ ਕੁੱਟ ਦੇ ਪ੍ਰਭਾਵ ਵਿਚ ਆ ਕੇ ਸੀਰੀਆ ਵੱਲ ਨੂੰ ਕੂਚ ਕਰ ਗਏ ਹਨ। ਅਜਿਹੇ ਅੱਤਵਾਦੀ ਗੁੱਟ ਵੱਲ ਬਹੁਤ ਸਾਰੇ ਬੱਚੇ ਪ੍ਰਭਾਵਿਤ ਕਿਉਂ ਹੁੰਦੇ ਹਨ। ਉਨ੍ਹਾਂ ਦੀਆਂ ਵੀਡੀਓ ਇਨ੍ਹਾਂ ਨੂੰ ਪ੍ਰਭਾਵਿਤ ਕਿਉਂ ਕਰਦੀਆਂ ਹਨ। ਇਸ ਵਿਚ ਮੇਰੀ ਸਮਝ ਇਹ ਕਹਿੰਦੀ ਹੈ ਕਿ ਸਾਨੂੰ ਕਾਊਂਟਰ ਨੈਰੇਟਿਵ ਪੇਸ਼ ਕਰਨ ਦੀ ਲੋੜ ਹੈ, ਜੋ ਸਮਝਾਵੇ ਕਿ ਧਰਮ ਦਾ ਮੂਲ ਤੱਥ ਇਨਸਾਨੀਅਤ ਵਿਚ ਹੁੰਦਾ ਹੈ ਨਾ ਕਿ ਇਸ ਤਰ੍ਹਾਂ ਦੇ ਖ਼ੂਨ ਖਰਾਬੇ ਵਿਚ ਹੈ। ਅਜਿਹਾ ਕਾਊਂਟਰ ਨੈਰੇਟਿਵ ਨਾ ਖੜ੍ਹਾ ਕਰਨਾ ਵੀ ਸਾਡੀ ਨਾ ਕਾਮਯਾਬੀ ਹੈ।

ਤਸਵੀਰ ਨੂੰ ਸਮਝਣ ਦੀ ਵੀ ਲੋੜ
ਇਸ ਤਸਵੀਰ ਨੂੰ ਸਮਝਣ ਲਈ ਇਹ ਵੀ ਸਮਝਣਾ ਪਵੇਗਾ ਕਿ ਅਫਗਾਨਿਸਤਾਨ ਤੋਂ ਜਿਹੜੇ ਬੰਦਿਆਂ ਨੇ ਭਾਰਤ ਆ ਕੇ ਸ਼ਰਨ ਲਈ ਉਨ੍ਹਾਂ ਨੂੰ ਇੱਥੇ ਵੀਹ ਪੱਚੀ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਬੱਚਿਆਂ ਨੇ ਵੀ ਇੱਥੇ ਜਨਮ ਲਿਆ ਹੈ। ਪਰ ਬਹੁਤ ਸਾਰਿਆਂ ਨੂੰ ਅਜੇ ਤੱਕ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ। ਨਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਸਮੁੱਚਾ ਵਿਕਾਸ ਹੋਇਆ ਹੈ। ਸੋ ਸਾਡੇ ਲਈ ਵੀ ਇਹ ਸਵਾਲ ਹੈ ਕਿ ਅਸੀਂ ਉਸ ਭਾਈਚਾਰੇ ਲਈ ਕਿੰਨੇ ਹੰਭਲੇ ਮਾਰੇ ਹਨ। 
ਇਸ ਵਿਚ ਕਈ ਤਰ੍ਹਾਂ ਦੀ ਖੱਜ਼ਲ ਖੁਆਰੀ ਹੈ। ਜੇ ਪਰਿਵਾਰ ਵਿਚ 10 ਜਣੇ ਹਨ ਤਾਂ ਪ੍ਰਤੀ ਮੈਂਬਰ 5 ਹਜ਼ਾਰ ਰੁਪਏ ਸਾਲਾਨਾ ਅਦਾ ਕਰਨੇ ਪੈਂਦੇ ਹਨ। ਜਦੋਂ ਤੱਕ ਨਾਗਰਿਕਤਾ ਨਹੀਂ ਮਿਲਦੀ ਉਹ ਇੰਝ ਹੀ 50 ਹਜ਼ਾਰ ਰੁਪਏ ਸਾਲਾਨਾ ਦੇ ਰਿਹਾ ਹੈ। ਇੰਦਰਜੀਤ ਸਿੰਘ ਮੁਤਾਬਕ ਇਸ ਤਸਵੀਰ ਨੂੰ ਫਰਾਖਦਿਲੀ ਨਾਲ ਸਮਝਣ ਦੀ ਲੋੜ ਹੈ। ਸੀ. ਏ. ਏ.ਦਾ ਫਾਇਦਾ ਖਾਸ ਹਿੱਸਿਆਂ ਵਿਚ ਮਿਲੇਗਾ ਪਰ ਇਸ ਨਾਲ ਜੁੜੀ ਹੋਈ ਸਿਆਸਤ ਦਾ ਹੱਲ ਹੋਣਾ ਚਾਹੀਦਾ ਹੈ। ਇਸ ਕਾਨੂੰਨ ਦੇ ਫਾਇਦੇ ਤੋਂ ਪਰ੍ਹਾਂ ਬਹੁਤ ਸਾਰੇ ਬੰਦੇ ਸਟੇਟ ਲੈੱਸ ਵੀ ਹੋਣਗੇ ਇਸ ਡਰ ਨੂੰ ਖਤਮ ਕਰਨ ਦੀ ਲੋੜ ਹੈ। ਅਫ਼ਗਾਨਿਸਤਾਨ ਵਿਚ ਜਿਹੜੇ ਮਾੜੇ ਹਾਲਾਤ ਸਿੱਖਾਂ ਦੇ ਹਨ, ਉਸੇ ਤਰ੍ਹਾਂ ਦੇ ਪਾਕਿਸਤਾਨ ਵਿਚ ਸਿੰਧ ਦੇ ਇਲਾਕੇ ਵਿਚ ਹਿੰਦੂਆਂ ਦੇ ਹਾਲਾਤ ਹਨ।


author

rajwinder kaur

Content Editor

Related News