ISI ਦੀ ਹਮਾਇਤ ਪ੍ਰਾਪਤ KTF ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਦੋ ਆਪ੍ਰੇਟਿਵ ਕਾਬੂ

Monday, Oct 03, 2022 - 05:01 AM (IST)

ISI ਦੀ ਹਮਾਇਤ ਪ੍ਰਾਪਤ KTF ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਦੋ ਆਪ੍ਰੇਟਿਵ ਕਾਬੂ

ਚੰਡੀਗੜ੍ਹ/ਰੂਪਨਗਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਫ਼ੈਸਲਾਕੁੰਨ ਜੰਗ ਤਹਿਤ ਰੂਪਨਗਰ ਪੁਲਸ ਨੇ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੀ ਹਮਾਇਤ ਪ੍ਰਾਪਤ ਡ੍ਰੋਨ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਚਮਕੌਰ ਸਾਹਿਬ ਖੇਤਰ ਤੋਂ ਗ੍ਰਿਫ਼ਤਾਰ ਕਰਕੇ ਗਿਰੋਹ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਦਹਿਸ਼ਤੀ ਮਾਡਿਊਲ ਕੈਨੇਡਾ-ਆਧਾਰਿਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ ਡਾਲਾ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਕੇ. ਟੀ. ਐੱਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਅਜੇਤੂ ਬੜ੍ਹਤ

ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ ਦੋ ਨਾਜਾਇਜ਼ ਹਥਿਆਰ ਇਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਸਮਤੇ 21 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਕਾਰਵਾਈ ਫ਼ਿਰੋਜ਼ਪੁਰ ਪੁਲਸ ਵੱਲੋਂ ਫਿਰੋਜ਼ਪੁਰ ਦੇ ਪਿੰਡ ਆਰਿਫਕੇ ਦੇ ਝੋਨੇ ਦੇ ਖੇਤਾਂ ਤੋਂ ਇਕ ਆਧੁਨਿਕ ਏ.ਕੇ.-47 ਅਸਾਲਟ ਰਾਈਫਲ ਸਮੇਤ ਦੋ ਮੈਗਜ਼ੀਨਾਂ ਅਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਜਾਣ ਤੋਂ 4 ਦਿਨ ਬਾਅਦ ਅਮਲ ’ਚ ਲਿਆਂਦੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ’ਤੇ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਸੀ ਅਤੇ ਇਸ ਨੂੰ ਪਿੰਡ ਆਰਿਫਕੇ ਤੋਂ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ।

ਇਹ ਖ਼ਬਰ ਵੀ ਪੜ੍ਹੋ : ਰਾਸ਼ਟਰੀ ਖੇਡਾਂ : ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ, ਨਿਸ਼ਾਨੇਬਾਜ਼ੀ, ਤਲਵਾਰਬਾਜ਼ੀ ਤੇ ਵੇਟਲਿਫਟਿੰਗ ’ਚ ਜਿੱਤੇ ਸੋਨ ਤਮਗੇ

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਸੂਬੇ ਭਰ ’ਚ ਖੁਫ਼ੀਆ ਏਜੰਸੀ ਦੀ ਅਗਵਾਈ ’ਚ ਮੁਹਿੰਮ ਚਲਾਈ ਗਈ ਸੀ ਅਤੇ ਪੁਖਤਾ ਸੂਚਨਾ ਦੇ ਆਧਾਰ ’ਤੇ ਰੂਪਨਗਰ ਪੁਲਸ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਚਮਕੌਰ ਸਾਹਿਬ ਖੇਤਰ ਤੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ । ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਉਹ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ’ਤੇ ਇਹ ਖੇਪ ਬਰਾਮਦ ਕਰਨ ਲਈ ਪਿੰਡ ਆਰਿਫਕੇ ਗਏ ਸਨ ਪਰ ਅਸਫਲ ਰਹੇ ਅਤੇ ਬਾਅਦ ’ਚ ਖੇਤ ਦੇ ਮਾਲਕ ਦੀ ਇਤਲਾਹ ਦੇ ਆਧਾਰ ’ਤੇ ਫਿਰੋਜ਼ਪੁਰ ਪੁਲਸ ਵੱਲੋਂ ਇਸ ਖੇਪ ਨੂੰ ਬਰਾਮਦ ਕਰ ਲਿਆ ਗਿਆ। ਡੀ.ਜੀ.ਪੀ. ਨੇ ਕਿਹਾ ,“ਦੋਵਾਂ ਮੁਲਜ਼ਮਾਂ ਨੇ ਇਹ ਕਬੂਲਿਆ ਹੈ ਕਿ ਕੈਨੇਡਾ-ਆਧਾਰਿਤ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਵੱਲੋਂ ਦੱਸੇ ਖਾਸ ਟਿਕਾਣਿਆਂ ’ਤੇ ਅੱਗੇ ਪਹੁੰਚਾਉਣ ਲਈ ਕੁਝ ਡ੍ਰੋਨ-ਆਧਾਰਿਤ ਹਥਿਆਰਾਂ ਦੀ ਖੇਪਾਂ , ਜਿਨ੍ਹਾਂ ਦੀ ਵਰਤੋਂ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਟਾਰਗੇਟ ਕਤਲਾਂ ਲਈ ਕੀਤੀ ਜਾਣੀ ਸੀ।’’ ਸੀਨੀਅਰ ਕਪਤਾਨ ਪੁਲਸ (ਐੱਸ.ਐੱਸ.ਪੀ.) ਰੂਪਨਗਰ ਸੰਦੀਪ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ। ਇਸੇ ਦੌਰਾਨ ਥਾਣਾ ਚਮਕੌਰ ਸਾਹਿਬ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153ਏ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਿਤੀ 2.10.22 ਨੂੰ ਐਫਆਈਆਰ ਨੰਬਰ 74 ਦਰਜ ਕੀਤੀ ਗਈ ਹੈ।

 ਗੈਂਗਸਟਰ ਅਰਸ਼ ਡਾਲਾ ਦੀ ਹਵਾਲਗੀ ਲਈ ਕਾਰਵਾਈ ਜਾਰੀ

ਕੈਨੇਡਾ ਸਥਿਤ ਅਰਸ਼ ਡਾਲਾ, ਮੋਗਾ ਦੇ ਪਿੰਡ ਡਾਲਾ ਦਾ ਮੂਲ ਨਿਵਾਸੀ, ਪੰਜਾਬ ਅਤੇ ਵਿਦੇਸਾਂ ’ਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਇਕ ਖੂੰਖਾਰ ਗੈਂਗਸਟਰ/ਅੱਤਵਾਦੀ ਹੈ ਅਤੇ ਪੰਜਾਬ ਪੁਲਸ ਨੂੰ ਮੋਸਟ ਵਾਂਟਿਡ ਹੈ। ਉਸ ਦੀ ਸ਼ਮੂਲੀਅਤ ਪੰਜਾਬ ਦੇ ਸਰਹੱਦੀ ਸੂਬੇ ’ਚ ਵਾਪਰੀਆਂ ਵੱਖ-ਵੱਖ ਟਾਰਗੈੱਟ ਕਿਲਿੰਗਜ਼ (ਮਿੱਥਕੇ ਕੀਤੇ ਕਤਲ) ’ਚ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਆਯਾਤ ਕੀਤੇ ਆਰ.ਡੀ.ਐਕਸ, ਆਈ.ਈ.ਡੀਜ਼, ਏ.ਕੇ.-47 ਅਤੇ ਹੋਰ ਹਥਿਆਰਾਂ ਅਤੇ ਗੋਲੀ ਸਿੱਕੇ ਨੂੰ ਸੂਬੇ ’ਚ ਅੱਤਵਾਦੀ ਮਾਡਿਊਲਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ’ਚ ਵੀ ਸ਼ਾਮਲ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਅਰਸ਼ ਡਾਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਰਸ਼ ਡਾਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਮਈ 2022 ਨੂੰ ਜਾਰੀ ਕੀਤਾ ਜਾ ਚੁੱਕਾ ਹੈ।


author

Manoj

Content Editor

Related News