ਸਿੰਚਾਈ ਘੋਟਾਲਾ : ਅਦਾਲਤ ਨੇ ਠੇਕੇਦਾਰ ਦਾ ਪੁਲਸ ਰਿਮਾਂਡ 3 ਦਿਨ ਲਈ ਹੋਰ ਵਧਾਇਆ
Wednesday, Dec 20, 2017 - 12:09 AM (IST)

ਮੋਹਾਲੀ (ਕੁਲਦੀਪ) - ਸਿੰਚਾਈ ਵਿਭਾਗ ਪੰਜਾਬ ਵਿਚ ਟੈਂਡਰ ਅਲਾਟ ਕਰਨ ਦੌਰਾਨ ਹੋਏ ਘੋਟਾਲੇ ਵਿਚ ਵਿਜੀਲੈਂਸ ਕੋਲ ਰਿਮਾਂਡ 'ਤੇ ਚੱਲ ਰਹੇ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੂੰ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਉਸ ਨੂੰ ਵਿਜੀਲੈਂਸ ਦੀ ਮੰਗ 'ਤੇ 3 ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਵਿਜੀਲੈਂਸ ਨੇ ਦਲੀਲ ਦਿੱਤੀ ਕਿ ਮੁਲਜ਼ਮ ਠੇਕੇਦਾਰ ਤੋਂ ਅਜੇ ਹੋਰ ਪੁੱਛਗਿਛ ਕਰਨੀ ਬਾਕੀ ਹੈ। ਵਿਜੀਲੈਂਸ ਨੇ ਦੱਸਿਆ ਕਿ ਵਿਭਾਗ ਵਿਚ ਕਿਸੇ ਵੀ ਕੰਮ ਦੇ ਟੈਂਡਰਾਂ ਦੀ ਅਲਾਟਮੈਂਟ ਤੋਂ ਪਹਿਲਾਂ ਹੀ ਗੁਪਤ ਮੀਟਿੰਗ ਕਰ ਲਈ ਜਾਂਦੀ ਸੀ, ਜਿਸ ਤੋਂ ਬਾਅਦ ਠੇਕੇਦਾਰ ਗੁਰਿੰਦਰ ਸਿੰਘ ਦੀ ਮਰਜ਼ੀ ਮੁਤਾਬਕ ਕੰਪਨੀ ਨੂੰ ਕੰਮ ਅਲਾਟ ਕੀਤਾ ਜਾਂਦਾ ਸੀ। ਇਹ ਵੀ ਦੱਸਿਆ ਕਿ ਠੇਕੇਦਾਰ ਗੁਰਿੰਦਰ ਸਿੰਘ ਦੇ ਘਰ 'ਚੋਂ 2 ਕੰਪਿਊਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ ਤੇ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ।
ਉਥੇ ਹੀ ਦੂਜੇ ਪਾਸੇ ਠੇਕੇਦਾਰ ਗੁਰਿੰਦਰ ਸਿੰਘ ਦੇ ਵਕੀਲ ਨੇ ਪੁਲਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਵਿਜੀਲੈਂਸ ਬਿਨਾਂ ਮਤਲਬ ਹੀ ਉਸ ਦਾ ਰਿਮਾਂਡ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੰਚਾਈ ਵਿਭਾਗ ਵਿਚ ਟੈਂਡਰਾਂ ਦੀ ਅਲਾਟਮੈਂਟ ਵਿਚ ਕੋਈ ਘੋਟਾਲਾ ਹੁੰਦਾ ਰਿਹਾ ਹੈ ਤਾਂ ਉਸ ਸਮੇਂ ਵਿਭਾਗ ਦੇ ਆਡਿਟ ਵਿਚ ਇਹ ਗੱਲ ਕਿਉਂ ਨਹੀਂ ਆਈ। ਵਕੀਲ ਨੇ ਇਹ ਵੀ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਘੋਟਾਲਿਆਂ ਬਾਰੇ ਦੱਸਣ ਵਾਲੇ ਸਾਬਕਾ ਚੀਫ ਇੰਜੀਨੀਅਰ ਤੋਂ ਵਿਜੀਲੈਂਸ ਕੋਈ ਠੋਸ ਗੱਲ ਪਤਾ ਨਹੀਂ ਕਰ ਸਕੀ ਜਦੋਂਕਿ ਘੋਟਾਲੇ ਤਾਂ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਹੁੰਦੇ ਰਹੇ ਹੋਣਗੇ ਪਰ ਹੁਣ ਪ੍ਰਾਈਵੇਟ ਠੇਕੇਦਾਰ ਦਾ ਰਿਮਾਂਡ ਮੰਗ ਕੇ ਵਿਜੀਲੈਂਸ ਬਿਨਾਂ ਵਜ੍ਹਾ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ।