ਡਰੋਨ ਤੇ ਟਿਫਿਨ ਬੰਬ ਹਮਲੇ ਦੇ ਖ਼ਤਰੇ ਨੂੰ ਵੇਖਦੇ ਹੋਏ DGP ਸਹੋਤਾ ਦਾ ਵੱਡਾ ਫ਼ੈਸਲਾ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

Sunday, Nov 07, 2021 - 10:53 AM (IST)

ਡਰੋਨ ਤੇ ਟਿਫਿਨ ਬੰਬ ਹਮਲੇ ਦੇ ਖ਼ਤਰੇ ਨੂੰ ਵੇਖਦੇ ਹੋਏ DGP ਸਹੋਤਾ ਦਾ ਵੱਡਾ ਫ਼ੈਸਲਾ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਜਲੰਧਰ (ਸੁਨੀਲ ਧਵਨ)– ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਉੱਚ ਪੁਲਸ ਅਧਿਕਾਰੀਆਂ ਨੂੰ ਸਰਹੱਦੀ ਖੇਤਰਾਂ ’ਚ ਫੀਲਡ ’ਚ ਪਹੁੰਚਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਕਿ ਡਰੋਨ ਜਾਂ ਟਿਫਿਨ ਬੰਬ ਹਮਲੇ ਦੇ ਖ਼ਤਰੇ ਨੂੰ ਪੂਰੀ ਤਰ੍ਹਾਂ ਨਕਾਰਿਆਂ ਜਾ ਸਕੇ। ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਬਰਾਮਦ ਹੋਏ ਟਿਫਿਨ ਬੰਬ ਨੂੰ ਵੇਖਦੇ ਹੋਏ ਹੁਣ ਸੂਬਾ ਪੁਲਸ ਨੇ ਸਰਹੱਦੀ ਖੇਤਰਾਂ ’ਚ ਹਾਈ ਅਲਰਟ ਕਰ ਦਿੱਤਾ ਹੈ।

ਸਹੋਤਾ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਨਾਈਟ ਡੋਮਿਨਜ਼ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਇਸ ਨਾਲ ਸਰਹੱਦੀ ਖੇਤਰਾਂ ’ਚ ਦੇਸ਼ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦਾ ਮੌਕਾ ਨਹੀਂ ਮਿਲੇਗਾ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ’ਚ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਫ਼ਤੇ ’ਚ ਰੋਜ਼ਾਨਾ ਆਪਣੇ-ਆਪਣੇ ਖੇਤਰਾਂ ’ਚ ਫੀਲਡ ’ਚ ਜਾ ਕੇ ਪੁਲਸ ਸੁਰੱਖਿਆ ਨੂੰ ਮਜ਼ਬੂਤੀ ਦੇਣ। ਇਸੇ ਤਰ੍ਹਾਂ ਨਾਲ ਆਈ. ਜੀ. ਰੈਂਕ ਦੇ ਅਧਿਕਾਰੀ ਹਫ਼ਤੇ ’ਚ 2 ਵਾਰ ਸਰਹੱਦੀ ਖੇਤਰਾਂ ’ਚ ਜਾ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਕਰਣਗੇ। ਸਹੋਤਾ ਨੇ ਕਿਹਾ ਕਿ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਤੋਂ ਹਫ਼ਤੇ ’ਚ ਇਕ ਵਾਰ ਸਰਹੱਦੀ ਖੇਤਰਾਂ ’ਚ ਪੁਲਸ ਸੁਰੱਖਿਆ ਦੀ ਚੈਕਿੰਗ ਕਰਨ ਲਈ ਖ਼ਾਸ ਤੌਰ ’ਤੇ ਭੇਜਿਆ ਜਾਵੇਗਾ। ਇਸ ਨਾਲ ਜਿੱਥੇ ਲੋਕਾਂ ਦੇ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ, ਉਥੇ ਹੀ ਦੇਸ਼ ਅਤੇ ਪੰਜਾਬ ਵਿਰੋਧੀ ਅਨਸਰਾਂ ’ਤੇ ਮਨੋਵਿਗਿਆਨਿਕ ਦਬਾਅ ਪਾ ਕੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਰੋਕਿਆ ਜਾ ਸਕੇਗਾ। ਸਹੋਤਾ ਨੇ ਕਿਹਾ ਕਿ ਪੂਰੀ ਦੀ ਪੂਰੀ ਬਾਰਡਰ ਬੈਲਟ ’ਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਬਣਾ ਦਿੱਤਾ ਗਿਆ ਹੈ। ਇਸ ਨਾਲ ਦੁਸ਼ਮਣ ਦੇਸ਼ ਨੂੰ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਗੜਬੜ ਕਰਨ ਦਾ ਮੌਕਾ ਨਹੀਂ ਮਿਲੇਗਾ। ਡੀ. ਜੀ. ਪੀ. ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਪੁਲਸ ਸੂਬੇ ’ਚ ਅਮਨ ਅਤੇ ਸ਼ਾਂਤੀ ਬਣਾ ਕੇ ਰੱਖਣ ’ਚ ਪੂਰੀ ਤਰ੍ਹਾਂ ਸਮਰੱਥ ਹੈ। ਸਹੋਤਾ ਨੇ ਕਿਹਾ ਕਿ ਸੂਬੇ ’ਚ ਅਮਨ ਅਤੇ ਸ਼ਾਂਤੀ ਬਣਾ ਕੇ ਰੱਖਣਾ ਉਨ੍ਹਾਂ ਦੇ ਏਜੰਡੇ ’ਚ ਸਭ ਤੋਂ ਉੱਪਰ ਹੈ। ਪੰਜਾਬ ਪੁਲਸ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਸੂਬਾ ਪੁਲਸ ਨੇ ਅੱਤਵਾਦ ’ਤੇ ਕਾਬੂ ਪਾਇਆ ਅਤੇ ਉਸ ਤੋਂ ਬਾਅਦ ਲਗਾਤਾਰ ਸੂਬੇ ’ਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ ਹੈ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਡੀ. ਜੀ. ਪੀ. ਸਹੋਤਾ ਖ਼ੁਦ ਜ਼ਿਲ੍ਹਿਆਂ ਦੇ ਦੌਰੇ ਕਰਣਗੇ, ਬੁੱਧਵਾਰ ਨੂੰ ਬਠਿੰਡਾ ਰੇਂਜ ਦੇ ਅਧਿਕਾਰੀਆਂ ਨਾਲ ਬੈਠਕ
ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਹੁਣ ਖ਼ੁਦ ਜ਼ਿਲ੍ਹਿਆਂ ਦੇ ਦੌਰੇ ਕਰਣਗੇ, ਇਸ ਨਾਲ ਜਿੱਥੇ ਪੁਲਸ ਅਧਿਕਾਰੀਆਂ ਦਾ ਮਨੋਬਲ ਉੱਚਾ ਹੋਵੇਗਾ, ਉਥੇ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸੂਬਾ ਪੁਲਸ ਵੱਲੋਂ ਸ਼ਿਕੰਜਾ ਮਜ਼ਬੂਤ ਕਰਨ ’ਚ ਵੀ ਮਦਦ ਮਿਲੇਗੀ। ਡੀ. ਜੀ. ਪੀ. ਸਹੋਤਾ ਨੇ ਕਿਹਾ ਕਿ ਬੁੱਧਵਾਰ ਨੂੰ ਉਹ ਬਠਿੰਡਾ ’ਚ ਬਠਿੰਡਾ ਰੇਂਜ ਦੇ ਪੁਲਸ ਅਧਿਕਾਰੀਆਂ ਨਾਲ ਬੈਠਕ ਕਰਨ ਜਾ ਰਹੇ ਹਨ, ਜਿਸ ’ਚ ਰੇਂਜ ’ਚ ਪੈਂਦੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕਰਕੇ ਕਾਨੂੰਨ ਵਿਵਸਥਾ ਦੀ ਹਾਲਤ ਦਾ ਜਾਇਜ਼ਾ ਲਿਆ ਜਾਵੇਗਾ। ਸਹੋਤਾ ਨੇ ਕਿਹਾ ਕਿ ਰੇਂਜਾਂ ਦੀਆਂ ਬੈਠਕਾਂ ਪੂਰੀਆਂ ਕਰਨ ਤੋਂ ਬਾਅਦ ਉਹ ਇਕ-ਇਕ ਕਰ ਕੇ ਜ਼ਿਲ੍ਹਿਆਂ ’ਚ ਜਾਣਗੇ ਅਤੇ ਪੁਲਸ ਅਧਿਕਾਰੀਆਂ ਨਾਲ ਬੈਠਕਾਂ ਕਰਣਗੇ।

ਸ਼ਾਂਤੀ ਨਾਲ ਪੈਣਗੀਆਂ ਵਿਧਾਨ ਸਭਾ ਚੋਣਾਂ
ਡੀ. ਜੀ. ਪੀ. ਸਹੋਤਾ ਨੇ ਕਿਹਾ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ਸ਼ਾਂਤੀ ਨਾਲ ਪੈਣਗੀਆਂ। ਰੇਂਜਾਂ ’ਚ ਪੁਲਸ ਅਧਿਕਾਰੀਆਂ ਨਾਲ ਬੈਠਕਾਂ ਕਰਦੇ ਸਮੇਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਹੁਣ ਤੋਂ ਸ਼ੁਰੂ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਪੁਲਸ ਦੇ ਏਜੰਡੇ ’ਚ ਇਸ ਸਮੇਂ ਚੋਣਾਂ ਨੂੰ ਸ਼ਾਂਤੀ ਨਾਲ ਕਰਵਾਉਣਾ ਸਭ ਤੋਂ ਉੱਪਰ ਹੈ ਅਤੇ ਪਹਿਲਾਂ ਵੀ ਸੂਬਾ ਪੁਲਸ ਨੇ ਚੋਣਾਂ ਦੌਰਾਨ ਕਦੇ ਵੀ ਗੜਬੜ ਨਹੀਂ ਹੋਣ ਦਿੱਤੀ ਹੈ।

ਇਹ ਵੀ ਪੜ੍ਹੋ: ਜਦੋਂ ਪੈਸੇ ਮੰਗ ਕੀਤਾ ਜਵਾਈ ਦਾ ਸਸਕਾਰ ਤੇ ਫੁੱਲ ਚੁਗਣ ਤੋਂ ਪਹਿਲਾਂ ਦੇਣੀ ਪਈ ਰਿਸ਼ਵਤ, ਜਾਣੋ ਪੂਰਾ ਮਾਮਲਾ

ਲੁਧਿਆਣਾ ਸਮੇਤ ਸਾਰੇ ਮਹਾਨਗਰਾਂ ’ਚ ਟ੍ਰੈਫਿਕ ਵਿਵਸਥਾ ਸੁਧਾਰਾਂਗੇ
ਡੀ. ਜੀ. ਪੀ. ਸਹੋਤਾ ਨੇ ਸੰਕੇਤ ਦਿੱਤੇ ਕਿ ਲੁਧਿਆਣਾ ਸਮੇਤ ਸਾਰੇ ਮਹਾਨਗਰਾਂ ’ਚ ਟ੍ਰੈਫਿਕ ਵਿਵਸਥਾ ’ਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ’ਚ ਟ੍ਰੈਫਿਕ ਵਿਵਸਥਾ ’ਚ ਕਾਫ਼ੀ ਸੁਧਾਰ ਲਿਆਉਣ ਦੀ ਲੋੜ ਹੈ ਅਤੇ ਇਸ ਸਬੰਧ ’ਚ ਉਹ ਪੁਲਸ ਅਧਿਕਾਰੀਆਂ ਨਾਲ ਬੈਠਕ ਕਰਕੇ ਰੋਡ ਮੈਪ ਤਿਆਰ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹੋਰ ਮਹਾਨਗਰਾਂ ’ਚ ਵੀ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਵੱਲ ਸੂਬਾ ਪੁਲਸ ਵੱਲੋਂ ਧਿਆਨ ਦਿੱਤਾ ਜਾਵੇਗਾ ਤੇ ਇਸ ਸਬੰਧ ’ਚ ਉਹ ਟ੍ਰੈਫਿਕ ਨੂੰ ਦੇਖ ਰਹੇ ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਤੌਰ ’ਤੇ ਡਿਊਟੀਆਂ ਲਗਾਉਣਗੇ।

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News