ਮੰਤਰੀ ਧਾਲੀਵਾਲ ਨੇ ਔਰਤਾਂ ਨੂੰ ਪਿੰਡਾਂ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ

Wednesday, Sep 21, 2022 - 06:21 PM (IST)

ਅੰਮ੍ਰਿਤਸਰ : ਪੰਚਾਇਤੀ ਰਾਜ ਸੰਸਥਾਵਾਂ 'ਚ ਔਰਤਾਂ ਦੀ ਮਜ਼ਬੂਤ ਭਾਈਵਾਲੀ 'ਤੇ ਕਰਵਾਏ ਪੰਜਾਬ ਦੇ ਪਲੇਠੇ ਸੈਮੀਨਾਰ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਪਿੰਡਾਂ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੇਰੀਆਂ ਮਾਵਾਂ, ਭੈਣਾਂ, ਧੀਆਂ ਜੋ ਕਿ ਪਿੰਡਾਂ ਦੀ ਸਰਪੰਚ ਲੋਕਾਂ ਵੱਲੋਂ ਚੁਣੀਆਂ ਗਈਆਂ ਹਨ, ਪਿੰਡਾਂ ਦੀ ਵਾਗਡੋਰ ਹਕੀਕਤ ਵਿਚ ਸੰਭਾਲ ਲੈਂਦੀਆਂ ਤਾਂ ਅੱਜ ਸਾਡੇ ਪਿੰਡਾਂ ਦੀ ਹਾਲਤ ਕਿਤੇ ਬਿਹਤਰ ਹੋਣੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਪੰਚਾਂ ਦਾ ਰਾਖਵਾਂਕਰਨ 50 ਫੀਸਦੀ ਕਰ ਦਿੱਤਾ, ਲੋਕਾਂ ਨੇ ਵੋਟਾਂ ਪਾ ਕੇ ਮਹਿਲਾ ਸਰਪੰਚ ਚੁਣ ਲਏ, ਪਰ ਇੰਨਾਂ ਨੂੰ ਪੂਰੀ ਤਰ੍ਹਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਉਨਾਂ ਕਿਹਾ ਕਿ ਜੇਕਰ ਪਿੰਡਾਂ 'ਚ ਕਮਾਂਡ ਔਰਤਾਂ ਦੇ ਹੱਥ ਹੁੰਦੀ ਤਾਂ ਪਿੰਡਾਂ 'ਚ ਨਸ਼ਾ, ਨਾਜਾਇਜ਼ ਕਬਜ਼ੇ, ਸ਼ਰੀਕੇਬਾਜ਼ੀ, ਵੈਰ-ਵਿਰੋਧ ਇੰਨੇ ਨਾ ਹੁੰਦੇ, ਜਿੰਨੇ ਕਿ ਹੁਣ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਤਿੰਨ ਮਾਵਾਂ, ਜਿਸ ਵਿਚ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਤੇ ਮਾਂ ਬੋਲੀ ਸ਼ਾਮਲ ਹਨ, ਸੰਕਟ ਵਿਚ ਹਨ।

PunjabKesari

ਮਾਂ ਨੂੰ ਪੁੱਤਰ ਧੀਆਂ ਦੇ ਭਵਿੱਖ ਦੀ ਚਿੰਤਾ ਹੈ, ਧਰਤੀ ਮਾਂ ਪਲੀਤ ਹੁੰਦੇ ਵਾਤਵਰਣ ਤੋਂ ਪੀੜਤ ਹੈ ਅਤੇ ਸਾਡੀ ਮਾਂ ਬੋਲੀ ਨੂੰ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਤੋਂ ਖ਼ਤਰਾ ਪੈਦਾ ਹੋ ਚੁੱਕਾ ਹੈ, ਸੋ ਅੱਜ ਲੋੜ ਹੈ ਕਿ ਆਪਣੀ ਮਾਵਾਂ ਨੂੰ ਬਚਾਉਣ ਲਈ ਪੁੱਤਰਾਂ ਦੇ ਨਾਲ-ਨਾਲ ਧੀਆਂ ਵੀ ਬਰਾਬਰ ਦੀ ਸਹਿਯੋਗੀ ਬਣਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਹਾਲਤ ਵਿਚ ਮਹਿਲਾ ਸਰਪੰਚ ਜਾਂ ਪੰਚ ਦੀ ਥਾਂ ਉਸਦੇ ਪਤੀ ਨੂੰ ਦਫ਼ਤਰ ਕੰਮ 'ਚ ਦਖ਼ਲ ਨਾ ਦੇਣ ਦਿੱਤਾ ਜਾਵੇ, ਸੋ ਹੁਣ ਤੁਸੀਂ ਪਿੰਡਾਂ ਦੇ ਵਿਕਾਸ ਲਈ ਅੱਗੇ ਆਓ ਤਾਂ ਮੇਰੇ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਤੁਹਾਡਾ ਗਰਮਜੋਸ਼ੀ ਨਾਲ ਸਵਾਗਤ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਪੰਚਾਂ ਦਾ ਭੱਤਾ ਵੀ ਛੇਤੀ ਰਿਲੀਜ਼ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬਹੁਜਨ ਸਮਾਜ ਪਾਰਟੀ SYLਦੇ ਮਾਮਲੇ ’ਚ ਕੋਈ ਦਖ਼ਲ ਨਹੀਂ ਦੇਵੇਗੀ : ਜਸਵੀਰ ਗੜ੍ਹੀ

ਉਨ੍ਹਾਂ ਕਿਹਾ ਕਿ ਅੱਜ ਦਾ ਸੈਮੀਨਾਰ ਸਰਪੰਚਾਂ ਦੀ ਮੁੱਢਲੀ ਸਿਖਲਾਈ ਹੈ ਅਤੇ ਅਜਿਹੀ ਸਿਖਲਾਈ ਮਹਿਲਾ ਸਰਪੰਚਾਂ ਨੂੰ ਤਾਕਤ ਦੇਣ ਲਈ ਹਰੇਕ ਜ਼ਿਲ੍ਹੇ 'ਚ ਦਿੱਤੀ ਜਾਵੇਗੀ। ਉਨ੍ਹਾਂ ਵਿਭਾਗ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਪਹਿਲਾਂ ਮੈਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ, ਜੋ ਨਿਰੰਤਰ ਜਾਰੀ ਹੈ। ਫਿਰ ਪੰਜਾਬ ਦੇ ਲਗਭਗ 95 ਫੀਸਦੀ ਪਿੰਡਾਂ 'ਚ 35 ਸਾਲ ਬਾਅਦ ਗ੍ਰਾਮ ਸਭਾਵਾਂ ਕਰਵਾਈਆਂ ਤੇ ਹੁਣ ਮੋਰਚਾ ਮਹਿਲਾ ਸਰਪੰਚਾਂ ਨੂੰ ਉਨ੍ਹਾਂ ਦੀ ਕੁਰਸ ਦੀ ਤਾਕਤ ਸਮਝਾਉਣ ਦਾ ਖੋਲ੍ਹਿਆ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ ਦੀ ਅਗਵਾਈ ਹੇਠ ਕਰਵਾਏ ਗਏ ਅੱਜ ਦੇ ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੀ ਹੈ ਕਿ ਸਾਰੀਆਂ ਬੁਲਾਰਾ ਔਰਤਾਂ ਹੀ ਸਨ, ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕਾ, ਏ ਆਈ ਜੀ ਕੰਵਰਦੀਪ ਕੌਰ ਆਈ ਪੀ ਐਸ, ਸਹਾਇਕ ਪ੍ਰੋਫੈਸਰ ਡਾ ਨਿਰਮਲਾ, ਡਾ. ਅਮਿਕਾ ਵਰਮਾ, ਬੀ ਡੀ ਪੀ ਓ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਕੌਰ, ਸੀ ਡੀ ਪੀ ਓ ਖੁਸ਼ਮੀਤ ਕੌਰ, ਹਰਸਿਮਰਨ ਕੌਰ ਜ਼ਿਲ੍ਹਾ ਕੁਆਰਡੀਨੇਟਰ ਮਨਰੇਗਾ, ਸਖੀ ਵੰਨ ਸਟਾਪ ਸੈਂਟਰ ਦੇ ਪ੍ਰਬੰਧਕ ਪ੍ਰੀਤੀ ਸ਼ਰਮਾ, ਸ੍ਰੀਮਤੀ ਵਿਬੂਤੀ ਸੈਨੀਟੇਸ਼ਨ ਅਧਿਕਾਰੀ, ਡਿਪਟੀ ਡੀ ਈ ਓ ਰੇਖਾ ਮਹਾਜ਼ਨ, ਸਰਪੰਚ ਖਿਲਚੀਆਂ ਮਨਰੀਤ ਕੌਰ ਸ਼ਾਮਲ ਸਨ।

PunjabKesari

ਹੋਰਨਾਂ ਤੋਂ ਇਲਾਵਾ ਇਸ ਮੌਕੇ ਜਗਦੀਸ਼ ਕੌਰ ਧਾਲੀਵਾਲ, ਨਿਧੀ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਵੀਨਾ ਚਤਰਥ, ਮੈਡਮ ਸ਼ੈਰੀ ਮਲਹੋਤਰਾ ਐਸ ਡੀ ਐਮ ਬਟਾਲਾ, ਜਸਵਿੰਦਰ ਕੌਰ ਗਿੱਲ, ਚੇਤਨਪੁਰਾ, ਸੀਮਾ ਸੋਢੀ ਆਪ ਦੇ ਪ੍ਰਧਾਨ, ਸਤਪਾਲ ਸੋਖੀ, ਰਵਿੰਦਰ ਹੰਸ, ਸਤਵਿੰਦਰ ਸਿੰਘ ਜੌਹਲ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਅਜੀਵਕਾ ਮਿਸ਼ਨ ਅਧੀਨ 62 ਸੈਲਫ ਹੈਲਪ ਗਰੁੱਪਾਂ ਨੂੰ ਕਰੀਬ 20 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਵੀ ਤਕਸੀਮ ਕੀਤੇ ਗਏ।


Mandeep Singh

Content Editor

Related News