ਕੋਰੋਨਾ ਵਾਇਰਸ ਕਾਰਨ ''ਅੰਤਰਰਾਸ਼ਟਰੀ ਪੰਜਾਬੀ ਫ਼ਿਲਮ ਫੈਸਟੀਵਲ'' ਮੁਲਤਵੀ
Saturday, Mar 07, 2020 - 03:48 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਅੰਤਰਰਾਸਟਰੀ ਪੰਜਾਬੀ ਫ਼ਿਲਮ ਫੈਸਟੀਵਲ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਇਥੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸੂਬੇ ਦੇ ਲੋਕਾਂ ਨੂੰ ਰੋਕਥਾਮ ਉਪਾਅ ਵਜੋਂ ਭੀੜ-ਭੜੱਕੇ ਵਾਲੇ ਸਥਾਨਾਂ ਤੋਂ ਦੂਰ ਰਹਿਣ ਲਈ ਇਕ ਅਡਵਾਈਜ਼ਰੀ ਜਾਰੀ ਕਰ ਚੁੱਕੇ ਹਨ। ਉਨ੍ਹ੍ਹਾਂ ਕਿਹਾ ਕਿ ਸਥਿਤੀ ਆਮ ਵਾਂਗ ਹੁੰਦੇ ਹੀ ਅੰਤਰਰਾਸ਼ਟਰੀ ਫ਼ਿਲਮ ਉਤਸਵ ਸਬੰਧੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਗਰੀਨ ਮੈਰਾਥਨ ਰੱਦ
ਕੋਰੋਨਾ ਵਾਇਰਸ ਦੇ ਚੱਲਦਿਆਂ 8 ਮਾਰਚ ਨੂੰ ਐੱਸ. ਬੀ. ਆਈ. ਵਲੋਂ ਕਰਵਾਈ ਜਾਣ ਵਾਲੀ ਗਰੀਨ ਮੈਰਾਥਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਹ ਹੀ ਨਹੀਂ, ਦੂਜੀਆਂ ਕਈ ਸੰਸਥਾਵਾਂ ਨੇ ਵੀ ਆਪਣੇ ਹੋਲੀ ਮਿਲਣ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ।
ਪੰਜਾਬ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ
ਪੰਜਾਬ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਦੇ ਗਲੇ ਲੱਗ ਕੇ ਨਾ ਮਿਲੋ, ਖੁੱਲ੍ਹੇ 'ਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ, ਉਸ ਨੂੰ ਭੀੜ 'ਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ, ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੀ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ, ਉਸ ਨੂੰ ਲਾਜ਼ਮੀ ਤੌਰ 'ਤੇ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਤਕ ਘਰ 'ਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ 'ਤੇ ਨਹੀਂ ਜਾਣਾ ਚਾਹੀਦਾ ਹੈ। ਜਾਰੀ ਸਿਹਤ ਐਡਵਾਈਜ਼ਰੀ ਅਨੁਸਾਰ ਸਿਹਤਮੰਦ ਵਿਅਕਤੀ, ਜਿਸ ਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਜਾਣਕਾਰੀ ਲਈ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੀ ਬਾਇਓਮੈਟ੍ਰਿਕ ਹਾਜ਼ਰੀ 'ਤੇ ਰੋਕ, ਹੈਲਪਲਾਈਨ ਨੰਬਰ ਹੋਵੇਗਾ ਜਾਰੀ