ਖ਼ੁਫੀਆ ਵਿਭਾਗ ਦੀ ਵੱਡੀ ਕਾਰਵਾਈ, ਜੇਲ੍ਹ ’ਚੋਂ ਚੱਲ ਰਹੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

Wednesday, Oct 05, 2022 - 05:16 PM (IST)

ਖ਼ੁਫੀਆ ਵਿਭਾਗ ਦੀ ਵੱਡੀ ਕਾਰਵਾਈ, ਜੇਲ੍ਹ ’ਚੋਂ ਚੱਲ ਰਹੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ/ਅੰਮ੍ਰਿਤਸਰ (ਸੰਜੀਵ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁਨ ਜੰਗ ਤਹਿਤ ਇੱਕ ਹੋਰ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਸ ਨੇ ਬੁੱਧਵਾਰ ਨੂੰ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ , ਡਰੋਨ ਆਧਾਰਤ ਹਥਿਆਰਾਂ/ਗੋਲ਼ੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਭਿੱਖੀਵਿੰਡ ਦੇ ਜਸਕਰਨ ਸਿੰਘ, ਜੋ ਇਸ ਸਮੇਂ ਸਬ-ਜੇਲ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ ਅਤੇ ਰਤਨਬੀਰ ਸਿੰਘ ਵਾਸੀ ਤਰਨਤਾਰਨ, ਖੇਮਕਰਨ ਜਮਾਨਤ ’ਤੇ ਰਿਹਾਅ ਹੈ, ਵਜੋਂ ਹੋਈ ਹੈ । ਪੁਲਸ ਨੇ ਦੋਵਾਂ ਕੋਲੋਂ ਪੰਜ .30 ਬੋਰ (ਚਾਈਨਾ ਵਿੱਚ ਬਣੇ) ਅਤੇ ਪੰਜ 9 ਐਮ. ਐਮ (ਯੂ.ਐਸ.ਏ ਅਧਾਰਤ ਬਰੇਟਾ ) ਸਮੇਤ 10 ਵਿਦੇਸ਼ੀ ਪਿਸਤੌਲਾਂ ਅਤੇ 8 ਸਪੇਅਰ ਮੈਗਜੀਨਾਂ ਤੋਂ ਇਲਾਵਾ ਜਸਕਰਨ ਵੱਲੋਂ ਆਪਣੀ ਬੈਰਕ ਵਿੱਚ ਛੁਪਾਇਆ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ- ਵਿਆਹ ਤੋਂ 7 ਦਿਨ ਬਾਅਦ ਮਿਲੀ ਧੀ ਦੀ ਮੌਤ ਦੀ ਖ਼ਬਰ, ਲਾਡਲੀ ਧੀ ਨੂੰ ਮ੍ਰਿਤਕ ਦੇਖ ਉੱਡੇ ਪਰਿਵਾਰ ਦੇ ਹੋਸ਼

ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਜਸਕਰਨ ਸਿੰਘ ਨੂੰ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਇੱਕ ਕੇਸ, ਜੋ ਅਗਸਤ 2022 ਵਿੱਚ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ , ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ ।ਪੁੱਛਗਿੱਛ ਦੌਰਾਨ, ਦੋਸ਼ੀ ਜਸਕਰਨ ਨੇ ਕਬੂਲਿਆ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ / ਗੋਲ਼ੀ ਸਿੱਕੇ ਦੀ ਤਸਕਰੀ ਸਬੰਧੀ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਕਰਨ ਲਈ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ। ਏ. ਆਈ. ਜੀ. ਨੇ ਦੱਸਿਆ ਕਿ ਇਸ ਮੰਤਵ ਲਈ ਮੁਲਜ਼ਮ ਰਤਨਬੀਰ ਦੀ ਮਦਦ ਲੈ ਰਿਹਾ ਸੀ, ਜੋ ਵੱਖ-ਵੱਖ ਸਰਹੱਦੀ ਇਲਾਕਿਆਂ ਤੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਖੇਪਾਂ ਨੂੰ ਹਾਸਲ ਕਰਦਾ ਸੀ। ਜ਼ਿਕਰਯੋਗ ਹੈ ਕਿ ਰਤਨਬੀਰ ਵੀ ਜਸਕਰਨ ਸਿੰਘ ਨਾਲ ਐੱਨ. ਡੀ. ਪੀ. ਐੱਸ. ਦੇ ਕਈ ਕੇਸਾਂ ਵਿੱਚ ਸਹਿ-ਮੁਲਜ਼ਮ ਹੈ।

ਇਹ ਵੀ ਪੜ੍ਹੋ- ਰਾਮਲੀਲਾ ਦੌਰਾਨ ਹੋਈ 'ਮਹਾਭਾਰਤ' , ਦੋ ਧਿਰਾਂ ਵਿਚਾਲੇ ਚੱਲੀਆਂ ਕੁਰਸੀਆਂ (ਵੀਡੀਓ)

ਉਨ੍ਹਾਂ ਦੱਸਿਆ ਕਿ ਮੁਲਜ਼ਮ ਜਸਕਰਨ ਵੱਲੋਂ ਤਰਨਤਾਰਨ-ਫਿਰੋਜਪੁਰ ਰੋਡ ’ਤੇ ਸਥਿਤ ਪਿੰਡ ਪਿੱਧੀ ਵਿਖੇ ਦੱਸੇ ਟਿਕਾਣੇ ਤੋਂ ਪੰਜ 30 ਬੋਰ ਦੇ ਪਿਸਤੌਲ ਅਤੇ ਚਾਰ ਵਾਧੂ ਮੈਗਜੀਨਾਂ ਸਮੇਤ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜਿਸ ਨੂੰ ਰਤਨਬੀਰ ਵੱਲੋਂ 28 ਸਤੰਬਰ ਦੀ ਦਰਮਿਆਨੀ ਰਾਤ ਨੂੰ ਛੁਪਾਇਆ ਗਿਆ ਸੀ। ਏ. ਆਈ. ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਸਕਰਨ ਵੱਲੋਂ ਦਿੱਤੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੇ ਰਤਨਬੀਰ ਨੂੰ ਖੇਮਕਰਨ ਤੋਂ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸਦੇ ਖ਼ੁਲਾਸੇ ‘ਤੇ 9 ਐੱਮ. ਐੱਮ. ਦੇ ਪੰਜ ਹੋਰ ਪਿਸਤੌਲਾਂ ਸਮੇਤ ਚਾਰ ਵਾਧੂ ਮੈਗਜੀਨ ਬਰਾਮਦ ਕੀਤੇ ਹਨ, ਜੋ ਕਿ ਉਸ ਨੇ ਖੇਮਕਰਨ ਦੇ ਪਿੰਡ ਮਾਛੀਕੇ ਵਿਖੇ ਡਰੇਨ ਨੇੜੇ ਲੁਕਾਏ ਹੋਏ ਸਨ।  ਜ਼ਿਕਰਯੋਗ ਹੈ ਕਿ ਥਾਣਾ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐੱਫ. ਆਈ. ਆਰ. ਨੰਬਰ 30 ਮਿਤੀ 04.10.2022 ਨੂੰ ਦਰਜ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News