ਮਾਲ ਅਫਸਰਾਂ ਨੂੰ ਬਕਾਇਆ ਅਰਜ਼ੀਆਂ ਜਲਦੀ ਨਿਪਟਾਉਣ ਦੀ ਹਦਾਇਤ

01/16/2018 1:13:07 PM

ਨਵਾਂਸ਼ਹਿਰ (ਤ੍ਰਿਪਾਠੀ, ਮਹਿਤਾ, ਮਨੋਰੰਜਨ)— ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਅੱਜ ਜ਼ਿਲੇ ਦੇ ਐੱਸ. ਡੀ. ਐੱਮਜ਼ ਅਤੇ ਮਾਲ ਅਫਸਰਾਂ ਨਾਲ ਮੀਟਿੰਗ ਕਰਕੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪੈਮਾਇਸ਼, ਖਸਰਾ ਗਿਰਦਾਵਰੀ, ਜ਼ਮੀਨੀ ਤਕਸੀਮ ਅਤੇ ਹੋਰ ਬਕਾਇਆ ਪਏ ਮਾਮਲੇ ਪਹਿਲ ਦੇ ਆਧਾਰ 'ਤੇ ਨਿਪਟਾਉਣ ਲਈ ਆਖਿਆ। 
ਇਸ ਤੋਂ ਇਲਾਵਾ ਸਰਕਾਰੀ ਵਸੂਲੀਆਂ, ਜਿਨ੍ਹਾਂ ਵਿਚ ਚੌਕੀਦਾਰ ਟੈਕਸ, ਸਟੈਂਪ ਡਿਊਟੀ ਬਕਾਇਆ ਤੇ ਹੋਰ ਬਕਾਏ ਨਿਯਮਿਤ ਤੌਰ 'ਤੇ ਵਸੂਲਣ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਪੰਚਾਇਤੀ ਜ਼ਮੀਨਾਂ ਦੀ ਪੈਮਾਇਸ਼ 'ਚ ਪੰਚਾਇਤ ਵਿਭਾਗ ਦੇ ਪਟਵਾਰੀਆਂ ਦਾ ਸਹਿਯੋਗ ਲੈਣ ਲਈ ਵੀ ਕਿਹਾ। ਪੰਜਾਬ ਸਰਕਾਰ ਵੱਲੋਂ ਮਾਲ ਮਹਿਕਮੇ 'ਚ ਲੋਕਾਂ ਦੀਆਂ ਮੁਸ਼ਕਿਲਾਂ ਘਟਾਉਣ ਲਈ ਸ਼ੁਰੂ ਕੀਤੀ ਆਨਲਾਈਨ ਰਜਿਸਟਰੀ ਨੂੰ ਭਵਿੱਖ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ 'ਚ ਵੀ ਲਾਗੂ ਕਰਨ ਦੀ ਸੂਰਤ ਵਿਚ, ਮਾਲ ਅਧਿਕਾਰੀਆਂ ਨੂੰ ਤਿਆਰੀ ਮੁਕੰਮਲ ਕਰ ਕੇ ਰੱਖਣ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਜ਼ਿਲੇ 'ਚ ਮਾਲ ਰਿਕਾਰਡ ਲਈ ਨਵੀਨਤਮ ਤਕਨੀਕਾਂ ਨਾਲ ਲੈਸ ਰਿਕਾਰਡ ਰੂਮ ਤਿਆਰ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ 'ਚ ਸੜਕਾਂ 'ਤੇ ਨਾਜਾਇਜ਼ ਧਾਰਮਿਕ ਕਬਜ਼ਿਆਂ ਸਬੰਧੀ 12 ਮਾਮਲਿਆਂ ਦੀ ਸੂਚੀ ਸਾਹਮਣੇ ਆਈ ਸੀ, ਜਿਸ ਵਿਚੋਂ 5 ਕੇਸ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸੜਕਾਂ ਦੇ ਹਨ ਤੇ 7 ਕੇਸ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨਾਲ ਸਬੰਧਤ ਹਨ। ਇਨ੍ਹਾਂ ਮਾਮਲਿਆਂ 'ਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਈ-ਗਵਰਨੈਂਸ ਤੇ ਸੇਵਾ ਕੇਂਦਰਾਂ ਦੇ ਜਾਇਜ਼ੇ ਨਾਲ ਸਬੰਧਤ ਮੀਟਿੰਗ 'ਚ ਸਹਾਇਕ ਜ਼ਿਲਾ ਸੂਚਨਾ ਅਫਸਰ ਵਿਸ਼ਾਲ ਸ਼ਰਮਾ ਵੱਲੋਂ ਦੱਸਿਆ ਕਿ ਜ਼ਿਲੇ 'ਚ ਈ-ਆਫਿਸ ਤਹਿਤ ਡੀ. ਸੀ. ਦਫਤਰ ਦੀਆਂ 3 ਬ੍ਰਾਂਚਾਂ 'ਚ ਈ-ਆਫਿਸ ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ ਜੋ ਕਿ ਕਾਮਯਾਬੀ ਨਾਲ ਚੱਲ ਰਹੀ ਹੈ।
ਇਸ ਮੌਕੇ ਐੱਸ. ਡੀ. ਐੱਮ. ਜਗਜੀਤ ਸਿੰਘ ਬਲਾਚੌਰ, ਐੱਸ. ਡੀ. ਐੱਮ. ਆਦਿਤਿਆ ਉੱਪਲ ਨਵਾਂਸ਼ਹਿਰ ਤੇ ਬੰਗਾ, ਐੱਸ. ਪੀ. (ਡੀ) ਮਨਵਿੰਦਰ ਸਿੰਘ, ਈ. ਏ. ਸੀ. (ਸਿਖਲਾਈ ਅਧੀਨ) ਅਰਸ਼ਦੀਪ ਸਿੰਘ ਲੁਬਾਣਾ, ਜ਼ਿਲਾ ਅਟਾਰਨੀ ਧਰਮਪਾਲ, ਜ਼ਿਲਾ ਮਾਲ ਅਫਸਰ ਮੇਜਰ (ਸੇਵਾਮੁਕਤ) ਗੁਰਜਿੰਦਰ ਬੈਨੀਪਾਲ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਤਹਿਸੀਲਦਾਰ ਚੇਤਨ ਬੰਗੜ ਬਲਾਚੌਰ, ਨਵਪ੍ਰੀਤ ਸਿੰਘ ਸ਼ੇਰਗਿੱਲ ਨਵਾਂਸ਼ਹਿਰ, ਸ਼ੀਸ਼ਪਾਲ ਬੰਗਾ, ਨਾਇਬ ਤਹਿਸੀਲਦਾਰ ਸੰਜੇ ਕੁਮਾਰ ਸ਼ਰਮਾ ਨਵਾਂਸ਼ਹਿਰ, ਧਰਮਿੰਦਰ ਕੁਮਾਰ ਬੰਗਾ ਅਤੇ ਗੁਰਲੀਨ ਕੌਰ ਬਲਾਚੌਰ, ਜ਼ਿਲਾ ਮੈਨੇਜਰ ਐੱਸ. ਸੀ. ਕਾਰਪੋਰੇਸ਼ਨ ਰਾਣਾ ਧਰਿੰਦਰ ਸਿੰਘ ਅਤੇ ਜ਼ਿਲਾ ਭਲਾਈ ਅਫਸਰ ਰਜਿੰਦਰ ਕੁਮਾਰ ਮੌਜੂਦ ਸਨ।


Related News