ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ. ਟੀ. ਐੱਫ. ਦੀ ਚੁੱਪ ਸ਼ੱਕ ਦੇ ਘੇਰੇ ''ਚ
Friday, Sep 29, 2017 - 09:55 AM (IST)
ਜਲੰਧਰ (ਰਵਿੰਦਰ ਸ਼ਰਮਾ)—ਡਰੱਗ ਮਾਫੀਆ ਦੇ ਨਾਲ ਵਰਦੀ ਦੀ ਆੜ ਵਿਚ ਆਪਣੇ ਸੰਬੰਧ ਬਣਾਉਣ ਵਾਲੇ ਇੰਸ. ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਟਾਸਕ ਫੋਰਸ ਦੀ ਚੁੱਪ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ. ਟੀ. ਐੱਫ. ਨਾਲ ਜੁੜੀ ਕਿਸੇ ਵੀ ਵੱਡੀ ਮੱਛੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਹੀ ਨਹੀਂ, ਇੰਦਰਜੀਤ ਸਿੰਘ ਨੂੰ ਸਰਪ੍ਰਸਤੀ ਦੇਣ ਵਾਲੇ ਪੁਲਸ ਅਧਿਕਾਰੀਆਂ ਦੇ ਖਿਲਾਫ ਵੀ ਐੱਸ. ਟੀ. ਐੱਫ. ਕੋਈ ਸਬੂਤ ਨਹੀਂ ਜੁਟਾ ਸਕੀ ਤੇ ਇੰਦਰਜੀਤ ਸਿੰਘ ਦੇ ਮਾਮਲੇ ਦੀਆਂ ਪਰਤਾਂ ਵੀ ਸਾਫ ਤੌਰ 'ਤੇ ਸਾਹਮਣੇ ਨਹੀਂ ਆ ਸਕੀਆਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥਾਂ ਵਿਚ ਲੈ ਕੇ ਇਕ ਮਹੀਨੇ ਵਿਚ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਸੀ। ਸਰਕਾਰ ਬਣਨ ਤੋਂ ਬਾਅਦ ਕੈਪਟਨ ਨੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਸੀ ਤੇ ਐੱਸ. ਟੀ. ਐੱਫ. ਦੀ ਕਮਾਨ ਆਈ. ਪੀ. ਐੱਸ. ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪੀ ਸੀ। ਗਠਨ ਤੋਂ ਬਾਅਦ ਦੋ ਮਹੀਨਿਆਂ ਤੱਕ ਐੱਸ. ਟੀ. ਐੱਫ. ਨੇ ਸੂਬੇ ਵਿਚ ਆਪਣੀ ਪੂਰੀ ਛਾਪ ਛੱਡੀ ਤੇ ਆਪਣੇ ਹੀ ਵਿਭਾਗ ਦੀਆਂ ਕਾਲੀਆਂ ਭੇਡਾਂ 'ਤੇ ਸ਼ਿਕੰਜਾ ਕੱਸਿਆ ਸੀ। ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਸਰਪ੍ਰਸਤੀ ਦੇਣ ਵਾਲੇ ਅਧਿਕਾਰੀਆਂ ਦੇ ਨਾਂ ਵੀ ਡਰੱਗ ਮਾਮਲੇ ਵਿਚ ਸਾਹਮਣੇ ਆ ਰਹੇ ਸਨ ਤੇ ਕਈ ਪੁਲਸ ਅਧਿਕਾਰੀਆਂ ਦੇ ਖਿਲਾਫ ਕਾਫੀ ਸਬੂਤ ਵੀ ਇਕੱਠੇ ਕਰ ਲਏ ਗਏ ਸਨ ਪਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ. ਟੀ. ਐੱਫ. ਦੀ ਲੰਬੀ ਚੁੱਪ ਹੁਣ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਪਿਛਲੇ ਦੋ ਮਹੀਨਿਆਂ ਤੋਂ ਐੱਸ. ਟੀ. ਐੱਫ. ਕਿਸੇ ਵੀ ਵੱਡੀ ਮੱਛੀ ਨੂੰ ਸ਼ਿਕੰਜੇ ਵਿਚ ਨਹੀਂ ਲੈ ਸਕੀ ਹੈ। ਅਜਿਹੇ ਵਿਚ ਐੱਸ. ਟੀ. ਐੱਫ. ਦੇ ਵਜੂਦ ਤੇ ਕਾਰਜ ਪ੍ਰਣਾਲੀ 'ਤੇ ਹੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਇਕ ਪਾਸੇ ਐੱਸ. ਟੀ. ਐੱਫ. ਅੰਦਰ ਇਸ ਗੱਲ ਨੂੰ ਲੈ ਕੇ ਰੋਸ ਚੱਲ ਰਿਹਾ ਹੈ ਕਿ ਵਿਭਾਗ ਕੋਲ ਪੂਰਾ ਸਟਾਫ ਨਹੀਂ ਹੈ। ਦੂਜੇ ਪਾਸੇ ਕਿਸੇ ਤਰ੍ਹਾਂ ਦੀ ਕਾਰਗੁਜ਼ਾਰੀ ਨਾ ਹੋਣਾ ਵੀ ਵਿਵਾਦਾਂ ਵਿਚ ਆ ਰਹੇ ਹਨ।
ਡਰੱਗ ਮਾਫੀਆ ਦਾ ਸੂਬੇ 'ਚੋਂ ਖਾਤਮਾ ਹੋ ਚੁੱਕੈ : ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਵਿਚ ਐੱਸ. ਟੀ. ਐੱਫ. ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰ ਰਹੀ ਹੈ ਤੇ ਐੱਸ. ਟੀ. ਐੱਫ. ਦੇ ਗਠਨ ਤੋਂ ਬਾਅਦ ਹੀ ਸੂਬੇ ਵਿਚ ਡਰੱਗ ਮਾਫੀਆ ਦਾ ਖਾਤਮਾ ਹੋਇਆ ਹੈ ਤੇ ਹੁਣ ਐੱਸ. ਟੀ. ਐੱਫ. ਭਵਿੱਖ ਦੀ ਪਲਾਨਿੰਗ ਵਿਚ ਰੁੱਝੀ ਹੈ, ਜਿਸ ਵਿਚ ਦੂਜੇ ਸੂਬਿਆਂ ਤੇ ਦੂਜੇ ਦੇਸ਼ਾਂ ਵਿਚੋਂ ਆਉਣ ਵਾਲੀ ਡਰੱਗ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਕੱਟਣ ਦੀ ਯੋਜਨਾ ਵੀ ਹੈ।
