ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਥਾ ਮਾਰਚ 12 ਤੋਂ 21 ਤੱਕ

11/10/2018 11:01:57 AM

ਜਲੰਧਰ (ਜ. ਬ.)— ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵੱਲੋਂ 12 ਤੋਂ 21 ਨਵੰਬਰ ਤੱਕ ਪੰਜਾਬ ਅੰਦਰ ਜਥਾ ਮਾਰਚ ਕਰਕੇ ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਹ ਐਲਾਨ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਬੀਤੇ ਦਿਨ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਜਥਾ ਮਾਰਚ ਦਾ ਮੁੱਖ ਨਾਅਰਾ ਹੈ 'ਲੋਕ ਜਗਾਓ-ਲੁਟੇਰੇ ਭਜਾਓ!'

ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਪਾਰਟੀ ਆਗੂਆਂ ਦੀਆਂ ਦੋ ਟੀਮਾਂ ਜਲਿਆਂਵਾਲਾ ਬਾਗ, ਅੰਮ੍ਰਿਤਸਰ ਤੋਂ ਜਥਿਆਂ ਦੇ ਰੂਪ 'ਚ ਚੱਲਣਗੀਆਂ। ਇਕ ਜਥੇ ਦੀ ਅਗਵਾਈ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਕਰਨਗੇ ਅਤੇ ਦੂਜੇ ਜਥੇ ਦੀ ਅਗਵਾਈ ਉਹ ਖੁਦ ਕਰਨਗੇ। ਪਹਿਲਾ ਜਥਾ ਤਰਨਤਾਰਨ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਬਰਨਾਲਾ ਜ਼ਿਲਿਆਂ 'ਚ ਮਾਰਚ ਕਰੇਗਾ ਅਤੇ ਦਰਜਨਾਂ ਦੀ ਗਿਣਤੀ 'ਚ ਪਿੰਡ ਪੱਧਰੀ ਮੀਟਿੰਗਾਂ ਤੋਂ ਇਲਾਵਾ 30 ਵਿਸ਼ਾਲ ਜਲਸੇ ਕਰੇਗਾ। ਜਦੋਂਕਿ ਦੂਜਾ ਜਥਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਮੋਹਾਲੀ, ਜਲੰਧਰ ਅਤੇ ਕਪੂਰਥਲਾ ਜ਼ਿਲਿਆਂ 'ਚ ਅਨੇਕਾਂ ਪਿੰਡ ਪੱਧਰੀ ਮੀਟਿੰਗਾਂ ਤੋਂ ਇਲਾਵਾ 30 ਤੋਂ 35 ਦੇ ਕਰੀਬ ਵੱਡੇ ਜਲਸੇ ਕਰਕੇ ਲੋਕਾਂ ਨੂੰ 10 ਦਸੰਬਰ ਨੂੰ ਪਾਰਟੀ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗਾ ।

ਸਾਥੀ ਪਾਸਲਾ ਨੇ ਕਿਹਾ ਕਿ ਇਸ ਜਥਾ ਮਾਰਚ ਰਾਹੀਂ ਕਿਰਤੀ ਜਨ ਸਮੂਹਾਂ ਨੂੰ ਮੌਜੂਦਾ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ, ਜੋ ਕਿ ਉਨ੍ਹਾਂ ਦੀ ਲਗਾਤਾਰ ਵਧ ਰਹੀ ਮੰਦਹਾਲੀ, ਬੇਰੁਜ਼ਗਾਰੀ , ਮਹਿੰਗਾਈ, ਕੁਪੋਸ਼ਣ ਅਤੇ ਭ੍ਰਿਸ਼ਟਾਚਾਰ ਆਦਿ ਲਈ ਜ਼ਿੰਮੇਵਾਰ ਹਨ, ਵਿਰੁੱਧ ਜਾਗਰੂਕ ਕਰਨ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਾਸਤੇ ਇਕਜੁੱਟ ਹੋ ਕੇ ਜਨਤਕ ਸੰਘਰਸ਼ ਤਿੱਖੇ ਕਰਨ ਦਾ ਸੱਦਾ ਦੇਵੇਗਾ। ਇਸ ਦੇ ਨਾਲ ਹੀ ਇਹ ਦੋਵੇਂ ਜਥੇ ਪ੍ਰਾਂਤ ਅੰਦਰ ਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਸਰਮਾਏਦਾਰ ਪੱਖੀ ਪਾਰਟੀਆਂ ਦੀ ਥਾਂ ਇਕ ਲੋਕ ਪੱਖੀ ਖੱਬੇ-ਜਮਹੂਰੀ ਰਾਜਸੀ ਬਦਲ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਨਗੇ। 

ਉਨ੍ਹਾਂ ਇਹ ਵੀ ਦੱਸਿਆ ਕਿ ਇਸ 10 ਰੋਜ਼ਾ ਨਿਰੰਤਰ ਪ੍ਰੋਗਰਾਮ ਰਾਹੀਂ ਪਾਰਟੀ ਸਮੁੱਚੇ ਦੇਸ਼ ਅੰਦਰ ਵਧ ਰਹੇ ਫਿਰਕੂ ਤਣਾਅ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕਰੇਗੀ। ਉਨ੍ਹਾਂ ਕਿਹਾ ਕਿ ਸੰਘ ਪਰਿਵਾਰ ਵੱਲੋਂ ਜ਼ਹਿਰੀਲੇ ਫਿਰਕੂ ਮੁੱਦੇ ਉਭਾਰ ਕੇ ਭਾਰਤ ਦੀ ਕੌਮੀ ਇਕਜੁੱਟਤਾ ਅਤੇ ਭਾਈਚਾਰਕ ਇਕਸੁਰਤਾ ਨੂੰ ਮਾਰੂ ਸੱਟ ਮਾਰੀ ਜਾ ਰਹੀ ਹੈ। ਦੂਜੇ ਪਾਸੇ ਇਸ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਨੇ, ਵਿਸ਼ੇਸ਼ ਤੌਰ 'ਤੇ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਮਾਰੂ ਅਤੇ ਮੂਰਖਤਾ ਭਰਪੂਰ ਕਦਮਾਂ ਨੇ ਛੋਟੇ ਕਾਰੋਬਾਰਾਂ ਸਮੇਤ ਰੁਜ਼ਗਾਰ ਦੇ ਕਰੋੜ ਵਸੀਲੇ ਬੁਰੀ ਤਰ੍ਹਾਂ ਤਬਾਹ ਕਰ ਦਿੱਤੇ ਹਨ। ਇਥੇ ਹੀ ਬਸ ਨਹੀਂ, ਇਸ ਸਰਕਾਰ ਨੇ ਦੇਸ਼ ਦੇ ਸਮੁੱਚੇ ਪ੍ਰਸ਼ਾਸਨਿਕ, ਸੁਰੱਖਿਆ ਅਤੇ ਸਿੱਖਿਆ ਢਾਂਚੇ ਨੂੰ ਵੀ ਫਿਰਕੂ ਰੰਗ 'ਚ ਰੰਗ ਦਿੱਤਾ ਹੈ। 

ਪੰਜਾਬ ਦੀ ਕਾਂਗਰਸ ਸਰਕਾਰ ਬਾਰੇ ਟਿੱਪਣੀ ਕਰਦਿਆਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਮਹਾਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਨਾਲ ਚੋਣਾਂ ਸਮੇਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੀਆਂ ਧੱਕੇਸ਼ਾਹੀਆਂ ਅਤੇ ਲੁੱਟ-ਖਸੁੱਟ ਤੋਂ ਸਤਾਏ ਹੋਏ ਆਮ ਲੋਕਾਂ ਨੂੰ ਇਸ ਨਵੀਂ ਸਰਕਾਰ ਤੋਂ ਬੜੀਆਂ ਉਮੀਦਾਂ ਸਨ ਪਰ ਇਸ ਸਰਕਾਰ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਅਧਿਆਪਕਾਂ, ਮੁਲਾਜ਼ਮਾਂ, ਕਿਸਾਨਾਂ, ਦਿਹਾਤੀ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ਾਂ ਦੇ ਚਲ ਰਹੇ ਸੰਘਰਸ਼ ਸਰਕਾਰ ਦੀ ਇਸ ਲੋਕਮਾਰੂ ਪਹੁੰਚ ਦਾ ਹੀ ਸਿੱਟਾ ਹਨ। ਇਸ ਤੋਂ ਇਲਾਵਾ ਇਹ ਸਰਕਾਰ ਆਪਣੀਆਂ ਪ੍ਰਸ਼ਾਸਨਿਕ ਘਾਟਾਂ-ਕਮਜ਼ੋਰੀਆਂ 'ਤੇ ਕਾਬੂ ਪਾਉਣ ਦੀ ਥਾਂ, ਆਪਣੇ ਸੌੜੇ ਸਿਆਸੀ ਹਿੱਤਾਂ ਲਈ, ਪ੍ਰਾਂਤ ਅੰਦਰਲੇ ਵੱਖਵਾਦੀ ਤੱਤਾਂ ਨੂੰ ਵੀ ਸਪੱਸ਼ਟ ਰੂਪ ਵਿਚ ਹਵਾ ਦੇ ਰਹੀ ਹੈ, ਜਿਸ ਨਾਲ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਵਰਗੇ ਖਤਰੇ ਮੁੜ ਉਭਰ ਸਕਦੇ ਹਨ। 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਇਹ ਜਥੇ ਇਨ੍ਹਾਂ ਸਾਰੇ ਮੁੱਦਿਆਂ ਬਾਰੇ ਲੋਕਾਂ ਨਾਲ ਪਾਰਟੀ ਦੀ ਪਹੁੰਚ ਸਾਂਝੀ ਕਰਨਗੇ ਅਤੇ ਉਨ੍ਹਾਂ ਨੂੰ ਇਕ ਖੱਬਾ ਅਤੇ ਜਮਹੂਰੀ ਰਾਜਸੀ ਬਦਲ ਉਭਾਰਨ ਦਾ ਸੱਦਾ ਦੇਣਗੇ।


shivani attri

Content Editor

Related News