''ਭੂਮੀ ਸਿਹਤ ਕਾਰਡ'' ਤਹਿਤ ਭਾਰਤ ਸਰਕਾਰ ਦੀ ਟੀਮਾਂ ਸਰਗਰਮ
Tuesday, Dec 10, 2019 - 06:02 PM (IST)
ਜਲੰਧਰ—ਜ਼ਿਲਾ ਜਲੰਧਰ 'ਚ 'ਭੂਮੀ ਸਿਹਤ ਕਾਰਡ' ਸਕੀਮ ਅਧੀਨ ਕੀਤੇ ਗਏ ਉਪਰਾਲਿਆਂ ਨੂੰ ਹੋਰ ਗਤੀ ਦੇਣ ਵਾਸਤੇ ਭਾਰਤ ਸਰਕਾਰ ਦੀ ਇੱਕ ਟੀਮ ਨੇ ਜ਼ਿਲਾ ਜਲੰਧਰ ਦਾ ਦੌਰਾ ਕੀਤਾ। ਭੂਮੀ ਸਿਹਤ ਕਾਰਡ ਸਕੀਮ ਅਧੀਨ ਸਮੁੱਚੇ ਜ਼ਿਲੇ 'ਚ ਕਿਸਾਨਾਂ ਨੂੰ ਮਿੱਟੀ ਦੀ ਪ੍ਰਖ ਕਰਵਾਉਣ ਉਪਰੰਤ ਭੂਮੀ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਪਿੰਡਾਂ 'ਚ ਭੂਮੀ ਸਿਹਤ ਨੂੰ ਦਰਸਾਉਂਦੇ ਨਕਸ਼ੇ ਵੀ ਲਗਾਏ ਜਾ ਚੁੱਕੇ ਹਨ। ਇਸ ਸਕੀਮ ਅਧੀਨ ਸਰਕਾਰੀ ਹਦਾਇਤਾਂ ਅਨੁਸਾਰ ਇਸ ਸਾਲ ਜ਼ਿਲੇ ਭਰ ਦੇ ਹਰੇਕ ਬਲਾਕ ਤੋਂ ਇੱਕ-ਇੱਕ ਪਿੰਡ ਨੂੰ ਵਿਸ਼ੇਸ਼ ਤੌਰ 'ਤੇ ਚੁਣਿਆ ਗਿਆ ਹੈ ਅਤੇ ਇਨ੍ਹਾਂ ਚੁਣੇ ਗਏ ਪਿੰਡਾਂ 'ਚ ਭੂਮੀ ਸਿਹਤ ਸੁਧਾਰ ਕਾਰਡਾਂ ਅਨੁਸਾਰ ਰਸਾਇਣਿਕ ਖਾਦਾਂ ਦੀ ਵਰਤੋਂ ਕਰਵਾਉਂਦੇ ਹੋਏ ਖੇਤੀਬਾੜੀ ਵਿਭਾਗ ਵੱਲੋਂ ਪ੍ਰਦਰਸ਼ਨੀ ਪਲਾਂਟ ਵੀ ਬਿਜਵਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਪ੍ਰੇਰਿਤ ਕੀਤਾ ਜਾ ਸਕੇ।
ਡਾ. ਨਾਜਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲਾ ਜਲੰਧਰ 'ਚ ਵੱਖੋ-ਵੱਖ ਤਿੰਨ ਪੜਾਵਾਂ 'ਚ ਗਰਿਡ ਸਿਸਟਮ ਰਾਹੀਂ ਲਗਭਗ 63,000 ਮਿੱਟੀ ਦੇ ਸੈਂਪਲ ਪ੍ਰਾਪਤ ਕੀਤੇ ਗਏ ਸਨ, ਜਿਸ ਅਧੀਨ ਜ਼ਿਲੇ ਭਰ ਦੇ ਕਿਸਾਨਾਂ ਨੂੰ ਮਿੱਟੀ ਪ੍ਰਖ ਕਾਰਡ ਵੀ ਵੰਡੇ ਜਾ ਚੁੱਕੇ ਹਨ। ਇਸੇ ਸਕੀਮ ਅਧੀਨ ਸਰਕਾਰੀ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਪਿੰਡਾਂ 'ਚ 908 ਭੂਮੀ ਸਿਹਤ ਨੂੰ ਦਰਸਾਉਂਦੇ ਨਕਸ਼ੇ ਵੀ ਲਗਾਏ ਜਾ ਚੁੱਕੇ ਹਨ। ਇਸ ਸਕੀਮ ਅਧੀਨ ਜ਼ਿਲੇ 'ਚ ਚੁਣੇ ਗਏ 10 ਪਿੰਡਾਂ 'ਚ ਕਿਸਾਨਾਂ ਦੇ ਖੇਤਾਂ 'ਚ 941 ਮਿੱਟੀ ਦੇ ਸੈਂਪਲ ਲਏ ਗਏ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਚੁਣੇ ਗਏ ਪਿੰਡਾਂ 'ਚ 342 ਖਾਦਾਂ ਦੀ ਵਰਤੋਂ ਬਾਰੇ ਕਣਕ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਦਰਸ਼ਨੀਆਂ ਅਧੀਨ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਦੇ ਹੋਏ ਕਣਕ ਦੀ ਸਫਲ ਕਾਸ਼ਤ ਘੱਟ ਖਰਚੇ 'ਤੇ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।
ਭਾਰਤ ਸਰਕਾਰ ਦੀ ਭੂਮੀ ਸਿਹਤ ਵਿਭਾਗ ਤੋਂ ਆਏ ਡਾ. ਬੀ.ਐੱਸ. ਚੈਫਲੇ ਸਹਾਇਕ ਭੂਮੀ ਸਰਵੇ ਅਫਸਰ ਨੇ ਜ਼ਿਲਾ ਜਲੰਧਰ 'ਚ ਭੂਮੀ ਸਿਹਤ ਕਾਰਡ ਦੀ ਸਕੀਮ ਦੀ ਕਾਰਗੁਜ਼ਾਰੀ ਬਾਰੇ ਤਸੱਲੀਬਖਸ਼ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਇਸ ਸਕੀਮ ਦਾ ਮਕਸਦ ਕਿਸਾਨਾਂ ਨੂੰ ਉਨ੍ਹਾਂ ਦੀ ਮਿੱਟੀ ਦੀ ਸਿਹਤ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਨਾ ਦਿੱਤੀ ਹੈ। ਟੀਮ ਵੱਲੋਂ ਜਲੰਧਰ ਪੂਰਬੀ ਬਲਾਕ ਦੇ ਪਿੰਡ ਨੰਗਲ ਸ਼ਾਮਾ, ਆਦਮਪੁਰ ਬਲਾਕ ਦੇ ਪਿੰਡ ਸਾਂਗਰਾ ਅਤੇ ਭੋਗਪੁਰ ਬਲਾਕ ਦੇ ਪਿੰਡ ਚਾਹੜਕੇ ਦਾ ਦੌਰਾ ਕਰਦੇ ਹੋਏ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਵਿਭਾਗ ਵੱਲੋਂ ਲਗਾਏ ਕਣਕ ਦੇ ਪ੍ਰਦਰਸ਼ਨੀ ਪਲਾਟ ਦੇਖੇ ਅਤੇ ਨਾਲ ਹੀ ਬਲਾਕ ਭੋਗਪੁਰ ਵਿਖੇ ਭੂਮੀ ਪ੍ਰਖ ਪ੍ਰਯੋਗਸ਼ਾਲਾ ਦਾ ਵੀ ਦੌਰਾ ਕੀਤਾ। ਇਸ ਭੂਮੀ ਸਿਹਤ ਕਾਰਡ ਸਕੀਮ ਅਧੀਨ ਟੀਮ ਦੇ ਨਾਲ ਡਾ. ਗਰੀਸ਼ ਖੇਤੀਬਾੜੀ ਵਿਕਾਸ ਅਫਸਰ ਮੋਹਾਲੀ, ਡਾ. ਗੁਰਚਰਨ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇਨਫ.) ਤੋਂ ਇਲਾਵਾ ਸ੍ਰੀ ਸੁਖਪਾਲ ਸਿੰਘ ਖੇਤੀਬਾੜੀ ਉਪ ਨਿਰੀਖਕ ਵੀ ਸ਼ਾਮਲ ਸਨ।
-ਮੁੱਖ ਖੇਤੀਬਾੜੀ ਅਫਸਰ
-ਜਲੰਧਰ