''ਜਸਟਿਨ ਟਰੂਡੋ ਦੀ ਯਾਤਰਾ ਨਾਲ ਭਾਰਤ-ਕੈਨੇਡਾ ਸਬੰਧਾਂ ਨੂੰ ਮਿਲੇਗੀ ਮਜ਼ਬੂਤੀ''

02/23/2018 12:01:18 PM

ਹੁਸ਼ਿਆਰਪੁਰ (ਅਮਰਿੰਦਰ)—ਹੁਸ਼ਿਆਰਪੁਰ ਦੇ ਨਿਊ ਫਤਿਹਪੁਰ ਮੁਹੱਲੇ ਦੀ ਨੂੰਹ ਅਤੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਆਪਣੇ ਅਧਿਕਾਰਤ ਦੌਰੇ ਵਿਚ ਰੁਝੇ ਸਮਾਗਮ ਦੇ ਬਾਵਜੂਦ ਆਪਣੀਆਂ ਜੜ੍ਹਾਂ ਦੀ ਮਿੱਟੀ ਦਾ ਮੋਹ ਨਹੀਂ ਛੱਡ ਸਕੀ। ਸਾਲ 2015 ਵਿਚ ਬਰੈਂਪਟਨ (ਉੱਤਰ) ਤੋਂ ਪਹਿਲੀ ਵਾਰ ਲਿਬਰਲ ਸੰਸਦ ਮੈਂਬਰ ਬਣਨ ਤੋਂ ਬਾਅਦ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਦੌਰੇ ਤੋਂ ਬਾਅਦ ਦੇਰ ਰਾਤ 9 ਵਜੇ ਦੇ ਲਗਭਗ ਸੰਸਦ ਮੈਂਬਰ ਰੂਬੀ ਸਹੋਤਾ ਜਦੋਂ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਫਤਿਹਪੁਰ ਸਥਿਤ ਆਪਣੇ ਘਰ ਪਹੁੰਚੀ ਤਾਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਨਾਲ ਦੋਵੇਂ ਦੇਸ਼ਾਂ ਵਿਚ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਯਾਤਰਾ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਵਿਕਸਿਤ ਕਰਨਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ਵ ਦੀ ਬਹੁ-ਸੰਖਿਆ ਆਬਾਦੀ ਵਾਲੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਵਿਚ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਪਹਿਲ ਦਿੱਤੀ ਹੈ। ਸਿਰਫ 6 ਘੰਟੇ ਆਪਣੇ ਘਰ 'ਚ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਗੁਜ਼ਾਰਨ ਤੋਂ ਬਾਅਦ ਅੱਜ ਤੜਕੇ 3 ਵਜੇ ਦੇ ਲਗਭਗ ਉਹ ਨਵੀਂ ਦਿੱਲੀ ਲਈ ਰਵਾਨਾ ਹੋ ਗਈ। 
ਕੈਨੇਡਾ ਜਾਣ ਦੇ ਇੱਛੁਕ ਵੈੱਬਸਾਈਟ ਤੋਂ ਲੈਣ ਸਹੀ ਜਾਣਕਾਰੀ: ਕੈਨੇਡੀਆਈ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਵਿਚ ਪਹੁੰਚਣ ਦੀ ਇੱਛਾ ਰੱਖਣ ਵਾਲੇ ਲੋਕ ਨਕਲੀ, ਫਰਜ਼ੀ ਅਤੇ ਫਰਾਡ ਵਿਆਹ ਦੇ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲੈਣ ਤਾਂ ਕਿ ਠੱਗੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇੰਟਰਨੈੱਟ ਦੇ ਦੌਰ ਵਿਚ ਪੂਰੀ ਜਾਣਕਾਰੀ ਕੈਨੇਡਾ ਦੀ ਸਰਕਾਰੀ ਵੈੱਬਸਾਈਟ 'ਤੇ ਮੁਹੱਈਆ ਹੈ। ਕੈਨੇਡਾ ਵਿਚ ਜਾਣ ਵਾਲੇ ਲੋਕ ਏਜੰਟਾਂ ਦੇ ਝਾਂਸੇ ਵਿਚ ਆਉਣ ਤੋਂ ਚੰਗਾ ਹੈ ਕਿ ਵੈੱਬਸਾਈਟ ਤੋਂ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣ।
ਆਪਣੀ ਮਾਤ ਭਾਸ਼ਾ ਅਤੇ ਸੱਭਿਆਚਾਰ ਨੂੰ ਕਰੋ ਵਿਕਸਿਤ : ਕੈਨੇਡੀਆਈ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਅੱਜ ਕੈਨੇਡਾ ਵਿਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਇਹ ਸੁਣ ਕੇ ਦੁੱਖ ਹੁੰਦਾ ਹੈ ਕਿ ਖੁਦ ਪੰਜਾਬ ਦੇ ਲੋਕ ਆਪਣੀ ਮਾਤ ਭਾਸ਼ਾ ਅਤੇ ਸੱਭਿਆਚਾਰ ਨੂੰ ਬੜੀ ਤੇਜ਼ੀ ਨਾਲ ਛੱਡ ਰਹੇ ਹਨ। ਕੈਨੇਡਾ ਵਿਚ ਅਸੀਂ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਹਿੱਤਾਂ 'ਤੇ ਸਭ ਤੋਂ ਜ਼ਿਆਦਾ ਧਿਆਨ ਦਿੰਦੇ ਹਾਂ। ਕੈਨੇਡਾ ਦੇ ਸ਼ਹਿਰਾਂ ਵਿਚ ਖਾਲਸਾ ਸਕੂਲ ਖੋਲ੍ਹੇ ਜਾਂਦੇ ਹਨ, ਜਿਥੇ ਪੰਜਾਬੀ ਸਿਖਾਈ ਜਾਂਦੀ ਹੈ। ਪੰਜਾਬ ਵਿਚ ਜਿਥੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਉਥੇ ਹੀ ਬਾਕੀ ਸੂਬਿਆਂ ਵਿਚੋਂ ਪੰਜਾਬ ਆਉਣ ਵਾਲੇ ਪ੍ਰਵਾਸੀਆਂ ਨੂੰ ਵੀ ਪੰਜਾਬੀ ਭਾਸ਼ਾ ਨੂੰ ਸਿਖਾਉਣ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ। 


Related News