ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਮੰਡ ਇਲਾਕਾ ਬੇਹਾਲ, ਖੇਤਾਂ ’ਚ ਚੱਲ ਰਹੀਆਂ ਕਿਸ਼ਤੀਆਂ
Monday, Sep 05, 2022 - 12:39 PM (IST)
ਸੁਲਤਾਨਪੁਰ ਲੋਧੀ (ਧੀਰ)- ਬੀਤੇ ਦਿਨੀਂ ਬਿਆਸ ਦਰਿਆ ’ਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ਕਾਫੀ ਪ੍ਰਭਾਵਿਤ ਹੋਇਆ ਪਿਆ ਹੈ। ਹਰੀਕੇ ਹੈੱਡ ਵਰਕਸ ਵੱਲੋਂ ਇਕ ਦਿਨ ਪਾਣੀ ਰਿਲੀਜ਼ ਕਰਨ ’ਤੇ ਖੇਤਾਂ ’ਚ ਜੋ ਪਹਿਲਾਂ ਥੋੜ੍ਹੀ ਮਾਤਰਾ ਵਿਚ ਪਾਣੀ ਘੱਟ ਹੋਇਆ ਸੀ ਪਰ ਹਰੀਕੇ ਹੈੱਡ ਤੋਂ ਪਾਣੀ ਬੰਦ ਕਰਨ ’ਤੇ ਕਿਸਾਨਾਂ ਦੀ ਮੁਸ਼ਕਿਲਾਂ ’ਚ ਹੋਰ ਵਾਧਾ ਹੋ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਹਰੀਕੇ ਹੈੱਡ ਤੋਂ ਪਾਣੀ ਰਿਲੀਜ਼ ਕਰਨ ਦੀ ਮੰਗ ਕਰਦਿਆਂ ਖੇਤਾਂ ’ਚੋਂ ਖੜ੍ਹੇ ਪਾਣੀ ਨੂੰ ਖ਼ਤਮ ਕਰਨ ਦੀ ਗੁਹਾਰ ਲਾਈ ਹੈ। ਜੇ ਹੁਣ ਮੰਡ ਖੇਤਰ ਦੇ ਤਾਜ਼ੇ ਹਾਲਾਤ ਬਾਰੇ ਗੱਲ ਕੀਤੀ ਜਾਵੇ ਤਾਂ ਖ਼ੇਤਰ ਹਰ ਪਾਸੇ ਪਾਣੀ ਹੀ ਪਾਣੀ ਹੈ। ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਗਲ ਚੁਕੀ ਹੈ। ਕਿਸਾਨਾਂ ਨੂੰ ਕਿਸ਼ਤੀਆਂ ਦੇ ਸਹਾਰੇ ਇਧਰ-ਉਧਰ ਜਾਣਾ ਪੈ ਰਿਹਾ ਹੈ।
ਕਿਸਾਨ ਹਿੰਮਤ ਸਿੰਘ, ਧਿਆਨ ਸਿੰਘ, ਜਸਵੰਤ ਸਿੰਘ, ਜਤਿੰਦਰ ਸਿੰਘ, ਪਵਿੱਤਰ ਸਿੰਘ, ਸੁਲੱਖਣ ਸਿੰਘ ਨਿਹੰਗ ਨੇ ਕਿਹਾ ਕਿ ਹਾਲਾਤ ਹੁਣ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਖੇਤਾਂ ’ਚ ਖੜ੍ਹਾ ਝੋਨਾ ਪੂਰੀ ਤਰ੍ਹਾਂ ਗਲ ਚੁੱਕਿਆ ਹੈ ਅਤੇ ਪਾਣੀ ਜ਼ਿਆਦਾ ਹੋਣ ਕਾਰਨ ਹੁਣ ਖੇਤਾਂ ’ਚ ਕਿਸ਼ਤੀਆਂ ਚੱਲ ਰਹੀਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਦਾ ਪੱਧਰ ਵਧਿਆ ਹੈ ਜਾਂ ਘਟਿਆ ਹੈ। ਉਨ੍ਹਾਂ ਕਿਹਾ ਕਿ ਜੋ ਆਗੂ ਕਹਿੰਦੇ ਸਨ ਕਿ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਠੀਕ ਠਾਕ ਹੈ, ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹ ਆਉਣ ਤੇ ਆਪਣੀਆਂ ਅੱਖਾਂ ਨਾਲ ਕਿਸਾਨਾਂ ਦੀ ਬਰਬਾਦੀ ਦਾ ਮੰਜ਼ਰ ਵੇਖਣ ਕਿ ਕਿਸ ਤਰ੍ਹਾਂ ਕਿਸਾਨਾਂ ਦੀਆਂ ਅੱਖਾਂ ਸਾਹਮਣੇ ਫਸਲ ਬਰਬਾਦ ਹੋ ਰਹੀ ਹੈ ਤੇ ਕਿਸਾਨ ਮਜਬੂਰੀ ’ਚ ਕੁਝ ਵੀ ਨਹੀਂ ਕਰ ਸਕਦਾ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪਾਦਰੀਆਂ ਵਿਚਕਾਰ ਚੱਲੀ ਬੰਦ ਕਮਰਾ ਮੀਟਿੰਗ
ਕਿਸਾਨਾਂ ਦੇ ਸੱਚੇ ਹਮਦਰਦ ਕਹਾਉਣ ਵਾਲੇ ਮੁੱਖ ਮੰਤਰੀ ਨੇ ਹਾਲੇ ਤੱਕ ਨਹੀਂ ਲਿਆ ਮੌਕੇ ਦਾ ਜਾਇਜ਼ਾ
ਕਿਸਾਨਾਂ ਨੇ ਕਿਹਾ ਕਿ ਹੜ੍ਹ ਜਾਂ ਪਾਣੀ ਪਹਿਲਾਂ ਵੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਸਮੇਂ ਆਉਂਦੇ ਸਨ ਪ੍ਰੰਤੂ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਹਰੀਕੇ ਤੋਂ ਪਾਣੀ ਛੱਡ ਕੇ ਕਿਸਾਨਾਂ ਤੇ ਉਨ੍ਹਾਂ ਦੀ ਫ਼ਸਲ ਨੂੰ ਬਚਾ ਲਿਆ ਜਾਂਦਾ ਸੀ। ਇਹ ਸਰਕਾਰ ਪਹਿਲੀ ਵਾਰ ਅਜਿਹੀ ਵੇਖੀ ਹੈ ਕਿ ਜਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਆਪਣੇ-ਆਪ ਨੂੰ ਕਿਸਾਨਾਂ ਦੇ ਸੱਚੇ ਹਮਦਰਦ ਵਜੋਂ ਕਹਾਉਂਦੇ ਸਨ, ਨੇ ਮੰਡ ਖੇਤਰ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਖਰਾਬ ਹੋਈ ਫ਼ਸਲ ਨੂੰ ਆਪਣੀ ਨਜ਼ਰ ਨਾਲ ਵੇਖਣਾ ਤਾਂ ਦੂਰ ਸਗੋਂ ਕਿਸਾਨਾਂ ਨਾਲ ਹਮਦਰਦੀ ਵਾਲੇ ਦੋ ਸ਼ਬਦ ਵੀ ਆਪਣੀ ਜ਼ੁਬਾਨ ’ਚੋਂ ਨਹੀਂ ਕੱਢੇ, ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਕੁ ਕਿਸਾਨਾਂ ਦੀ ਹਮਦਰਦ ਹੈ।
ਹਰੀਕੇ ਹੈੱਡ ਤੋਂ 55 ਹਜ਼ਾਰ ਕਿਊਸਿਕ ਪਾਣੀ ਰਿਲੀਜ਼ ਕਰਨ ਦੀ ਸਮਰੱਥਾ, ਜਾਣਬੁੱਝ ਕੇ ਛੱਡਿਆ ਜਾ ਰਿਹੈ 30 ਹਜ਼ਾਰ ਕਿਊਸਿਕ ਪਾਣੀ
ਕਿਸਾਨਾਂ ਨੇ ਕਿਹਾ ਕਿ ਜੇ ਵਾਅਦੇ ਜਾਂ ਗਾਰੰਟੀਆਂ ਦੇ ਕੇ ਇਹ ਸਰਕਾਰ ਸੱਤਾ ’ਚ ਆਈ ਸੀ ਅਤੇ ਪੰਜਾਬ ਦੇ ਹਰੇਕ ਵਰਗ ਨੇ ਇਸ ਪਾਰਟੀ ਨੂੰ ਆਪਣਾ ਪੂਰਾ ਸਹਿਯੋਗ ਤੇ ਸਮਰਥਨ ਦਿੱਤਾ ਸੀ ਉਹ ਅੱਜ ਆਪਣੇ ਰਾਜ ਦੇ ਪਹਿਲੇ 6 ਮਹੀਨਿਆਂ ’ਚ ਹੀ ਫੇਲ ਸਾਬਿਤ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜੇ ਜ਼ਿਆਦਾ ਬਾਰਿਸ਼ ਅਤੇ ਬਰਸਾਤ ਨਾਲ ਇਹ ਹਾਲਾਤ ਹੁੰਦੇ ਤਾਂ ਅਸੀਂ ਇਸ ਨੂੰ ਕੁਦਰਤੀ ਆਫ਼ਤ ਮੰਨ ਲੈਂਦੇ ਪ੍ਰੰਤੂ ਇਹ ਕੁਦਰਤੀ ਆਫ਼ਤ ਨਹੀਂ ਸਗੋਂ ਸਰਕਾਰ ਵੱਲੋਂ ਪੈਦਾ ਕੀਤੀ ਖ਼ੁਦ ਦੀ ਆਫ਼ਤ ਹੈ। ਹਰੀਕੇ ਹੈੱਡ ਤੋਂ 55 ਹਜ਼ਾਰ ਕਿਊਸਿਕ ਪਾਣੀ ਰਿਲੀਜ਼ ਕਰਨ ਦੀ ਸਮਰੱਥਾ ਹੈ ਪਰ ਇਸ ਵਾਰ ਸਿਰਫ 30 ਹਜ਼ਾਰ ਕਿਊਸਿਕ ਛੱਡ ਕੇ ਕਿਸਾਨਾਂ ਨੂੰ ਜਾਣਬੁੱਝ ਕੇ ਡੋਬਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲੱਗਣਗੇ ਸਮਾਰਟ ਬਿਜਲੀ ਮੀਟਰ, ਸਰਕਾਰੀ ਦਫ਼ਤਰਾਂ ਤੇ ਮੁਲਾਜ਼ਮਾਂ ਦੇ ਘਰਾਂ ਤੋਂ ਹੋਵੇਗੀ ਸ਼ੁਰੂਆਤ
ਸਰਕਾਰ ਨੂੰ ਜਗਾਉਣ ਲਈ ਅੰਮ੍ਰਿਤਸਰ-ਫਿਰੋਜ਼ਪੁਰ ਹਾਈਵੇ ’ਤੇ ਦਿੱਤਾ ਜਾਵੇਗਾ ਧਰਨਾ: ਅਮਰ ਸਿੰਘ ਮੰਡ
ਕਿਸਾਨ ਆਗੂ ਅਮਰ ਸਿੰਘ ਮੰਡ ਨੇ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆਂ ਨਾਲ ਪ੍ਰਭਾਵਿਤ ਕਿਸਾਨਾਂ ਦੀ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਗੂੰਗੀ ਤੇ ਬੋਲੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅੰਮ੍ਰਿਤਸਰ-ਫਿਰੋਜ਼ਪੁਰ ਹਾਈਵੇ ’ਤੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜੋ ਅਣਮਿੱਥੇ ਸਮੇਂ ਤੱਕ ਹੋਵੇਗਾ। ਜਦ ਤਕ ਕਿਸਾਨਾਂ ਦੇ ਖੇਤਾਂ ’ਚ ਪਾਣੀ ਨਹੀਂ ਬਾਹਰ ਨਿਕਲ ਜਾਂਦਾ ਤਦ ਤੱਕ ਕਿਸਾਨ ਧਰਨੇ ’ਤੇ ਬੈਠੇ ਰਹਿਣਗੇ, ਇਸ ਲਈ ਜੇ ਕੋਈ ਕੁਰਬਾਨੀ ਦੇਣ ਦੀ ਵੀ ਜ਼ਰੂਰਤ ਹੋਈ ਤਾਂ ਵੀ ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਪਾਣੀ ਦੀ ਸਹੀ ਸਥਿਤੀ ਬਾਰੇ ਸਰਕਾਰ ਨੂੰ ਦੱਸਿਆ ਨਹੀਂ ਜਾਂਦਾ।
15 ਦਿਨਾਂ ਬਾਅਦ ਵੀ ਨਹੀਂ ਬਦਲੇ ਹਾਲਾਤ
‘ਜਗ ਬਾਣੀ’ ਵੱਲੋਂ ਮੰਡ ਖੇਤਰ ਦਾ ਦੌਰਾ ਕਰਨ ਉਪਰੰਤ ਵੇਖਿਆ ਕਿ ਹਰ ਪਾਸੇ ਹੀ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਸੀ। ਕਿਸਾਨਾਂ ਮੁਤਾਬਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਕਿਸ ਕਾਰਨ ਨਹੀਂ ਹਾਲੇ ਤੱਕ ਆਇਆ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਡ ਖੇਤਰ ਦੇ ਕਿਸਾਨ 15 ਦਿਨਾਂ ਤੋਂ ਦੁਹਾਈ ਦੇ ਰਹੇ ਹੋਣ, ਰੋਂਦੇ ਹੋਣ ’ਤੇ ਸਰਕਾਰ ਦੇ ਦਰਬਾਰ ਤੱਕ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੋਵੇ ਇਹ ਗੱਲ ਹਜ਼ਮ ਨਹੀਂ ਹੁੰਦੀ।
ਇਹ ਵੀ ਪੜ੍ਹੋ: ਸੋਢਲ ਮੇਲੇ ਮੌਕੇ ਤਾਇਨਾਤ ਰਹਿਣਗੇ 1000 ਪੁਲਸ ਮੁਲਾਜ਼ਮ, ਪੁਲਸ ਕਮਿਸ਼ਨਰ ਨੇ ਦਿੱਤੀਆਂ ਇਹ ਹਦਾਇਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ