2023 ’ਚ ਜਬਰ-ਜ਼ਿਨਾਹ ਦੀਆਂ ਉਹ ਘਟਨਾਵਾਂ ਜਿਨ੍ਹਾਂ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਆਪਣਿਆਂ ਨੇ ਵੀ ਨਾ ਬਖ਼ਸ਼ਿਆ

Friday, Dec 29, 2023 - 06:56 PM (IST)

2023 ’ਚ ਜਬਰ-ਜ਼ਿਨਾਹ ਦੀਆਂ ਉਹ ਘਟਨਾਵਾਂ ਜਿਨ੍ਹਾਂ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਆਪਣਿਆਂ ਨੇ ਵੀ ਨਾ ਬਖ਼ਸ਼ਿਆ

ਜਲੰਧਰ (ਵੈੱਬ ਡੈਸਕ)- ਸਾਲ 2023 ਖ਼ਤਮ ਹੋਣ ਨੂੰ ਸਿਰਫ਼ ਦੋ ਦਿਨ ਹੀ ਬਾਕੀ ਰਹਿ ਗਏ ਹਨ। ਇਹ ਸਾਲ ਜਿੱਥੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਦੇ ਕੇ ਜਾ ਰਿਹਾ ਹੈ, ਉਥੇ ਹੀ ਕੁਝ ਪਰਿਵਾਰਾਂ ਨੂੰ ਅਜਿਹੇ ਡੂੰਘੇ ਜ਼ਖ਼ਮ ਵੀ ਦੇ ਗਿਆ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਬਰ-ਜ਼ਿਨਾਹ ਦੀਆਂ ਕਈ ਅਜਿਹੀਆਂ ਦੁੱਖ਼ਦਾਈ ਘਟਨਾਵਾਂ ਵੀ ਵਾਪਰੀਆਂ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਜਬਰ-ਜ਼ਿਨਾਹ ਦੇ ਮਾਮਲਿਆਂ ਨੂੰ ਲੈ ਕੇ ਇਸ ਸਾਲ ਪੰਜਾਬ ’ਚ ਵੀ ਅਜਿਹੀਆਂ ਦੁੱਖ਼ਦਾਇਕ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਹਰ ਕਿਸੇ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ। ਕੋਈ ਵੀ ਔਰਤ ਕਿਸੇ ਵੀ ਥਾਂ 'ਤੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਕਿਉਂਕਿ ਜਬਰ-ਜ਼ਿਨਾਹ ਦੀਆਂ ਵਧ ਰਹੀਆਂ ਘਟਨਾਵਾਂ ਨੇ ਹਰੇਕ ਦੇ ਮਨ ਅੰਦਰ ਡਰ ਪੈਦਾ ਕਰ ਦਿੱਤਾ ਹੈ। 

ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਔਰਤਾਂ ਜਾਂ ਬੱਚੀਆਂ ਕਿਸੇ ਅਣਜਾਣ ਵਿਅਕਤੀਆਂ ਦੀ ਨਹੀਂ ਸਗੋਂ ਆਪਣਿਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਹਨ। ਕਿਸੇ ਪਿਓ, ਭਰਾ ਅਤੇ ਮਾਮੇ ਵਰਗੇ ਪਵਿੱਤਰ ਰਿਸ਼ਤਿਆਂ ਵੱਲੋਂ ਹੀ ਕੁੜੀਆਂ ਨਾਲ ਜਬਰ-ਜ਼ਿਨਾਹ ਕਰਕੇ ਰਿਸ਼ਤਿਆਂ ਨੂੰ ਸ਼ਰਮਸਾਰ ਕੀਤਾ ਗਿਆ ਹੈ। ਜੇਕਰ ਬੱਚੀਆਂ ਜਾਂ ਔਰਤਾਂ ਖ਼ੁਦ ਨੂੰ ਆਪਣੇ ਘਰਾਂ, ਸਕੂਲਾਂ, ਕਾਲਜਾਂ ਜਾਂ ਧਾਰਮਿਕ ਥਾਵਾਂ 'ਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤਾਂ ਇਹ ਬਹੁਤ ਦੁੱਖ਼ਦਾਇਕ ਅਤੇ ਗੰਭੀਰ ਸਮੱਸਿਆ ਹੈ। ‘ਜਗ ਬਾਣੀ’ ਆਪਣੇ ਪਾਠਕਾਂ ਨੂੰ ਪੰਜਾਬ ’ਚ ਵਾਪਰੀਆਂ ਜਬਰ-ਜ਼ਿਨਾਹ ਦੀਆਂ ਉਨ੍ਹਾਂ ਵੱਡੀਆਂ ਘਟਨਾਵਾਂ ਤੋਂ ਜਾਣੂੰ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਘਟਨਾਵਾਂ ਨੇ ਸਾਰੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਆਟੋ ਚਾਲਕ ਨੇ 2 ਸਾਥੀਆਂ ਨਾਲ ਮਿਲ ਕੇ ਕੁੜੀ ਦੇ ਹੱਥ ਪੈਰ ਬੰਨ੍ਹ ਕੀਤਾ ਗੈਂਗਰੇਪ 
ਲੁਧਿਆਣਾ 'ਚ ਬੀਤੇ ਦਿਨੀਂ ਕੁੜੀ ਨਾਲ ਵਾਪਰੀ ਗੈਂਗਰੇਪ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ। ਆਟੋ ਸਵਾਰ 3 ਨੌਜਵਾਨਾਂ ਨੇ ਕੁੜੀ ਨਾਲ ਘਿਨੌਣਾ ਅਪਰਾਧ ਕੀਤਾ ਸੀ ਪਰ ਇਸ ਮਾਮਲੇ ’ਚ ਕਮਿਸ਼ਨਰੇਟ ਪੁਲਸ ਨੇ ਸਰਗਰਮੀ ਵਿਖਾਉਂਦੇ ਹੋਏ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜੇ ਗਏ 3 ਮੁਲਜ਼ਮਾਂ ’ਚੋਂ ਇਕ ਨਾਬਾਲਗ ਹੈ, ਤਿੰਨੇ ਮੁਲਜ਼ਮ ਜਗਰਾਓਂ ਦੇ ਰਹਿਣ ਵਾਲੇ ਹਨ। 19 ਦਸੰਬਰ ਨੂੰ ਪੀੜਤਾ ਇਕ ਪ੍ਰਾਈਵੇਟ ਨੌਕਰੀ ਲਈ ਸਵੇਰੇ 6 ਵਜੇ ਘਰੋਂ ਨਿਕਲੀ ਸੀ। ਉਸ ਨੇ ਘਟਨਾ ਵਾਲੀ ਸਵੇਰੇ ਸ਼ਿਮਲਾਪੁਰੀ ਮੇਨ ਰੋਡ ਤੋਂ ਪਿੰਡ ਗਿੱਲ ਜਾਣ ਲਈ ਆਟੋ ਲਿਆ ਸੀ। ਆਟੋ ’ਚ ਪਹਿਲਾਂ ਤੋਂ ਚਾਲਕ ਸਮੇਤ 2 ਨੌਜਵਾਨ ਬੈਠੇ ਸਨ, ਜਦਕਿ ਨਾਬਾਲਗ ਲੜਕਾ ਆਟੋ ਚਲਾ ਰਿਹਾ ਸੀ। ਉਹ ਲੜਕੀ ਨੂੰ ਛੇੜਨ ਦੇ ਬਹਾਨੇ ਲੈ ਗਏ, ਜਦ ਪਿੰਡ ਗਿੱਲ ਨੇੜੇ ਪੁੱਜੇ ਤਾਂ ਮੁਲਜ਼ਮਾਂ ਨੇ ਕੁੜੀ ਨੂੰ ਦਬੋਚ ਲਿਆ ਅਤੇ ਅਗਵਾ ਕਰਕੇ ਕੈਂਡ ਨਹਿਰ ਨੇੜੇ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਤਿੰਨਾਂ ਨੇ ਉਸ ਦੇ ਵਾਰੀ-ਵਾਰੀ ਜਬਰ-ਜ਼ਿਨਾਹ ਕੀਤਾ। ਇਸ ਘਟਨਾ ਦਾ ਖ਼ੁਲਾਸਾ ਉਦੋਂ ਹੋਇਆ ਸੀ ਜਦੋਂ ਪੀੜਤਾ ਨੇ ਘਰ ਪੁੱਜ ਕੇ ਆਪਣੇ ਮਾਤਾ-ਪਿਤਾ ਨੂੰ ਸਾਰੀ ਘਟਨਾ ਬਾਰੇ ਦੱਸਿਆ। 

ਇਹ ਵੀ ਪੜ੍ਹੋ : ਉਡੀਕ ਖ਼ਤਮ: ਕੱਲ੍ਹ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ 'ਵੰਦੇ ਭਾਰਤ ਐਕਸਪ੍ਰੈੱਸ', ਮਿਲੇਗੀ ਖ਼ਾਸ ਸਹੂਲਤ

PunjabKesari

ਅੰਮ੍ਰਿਤਸਰ 'ਚ ਪਤੀ ਨੇ ਪਤਨੀ ਨਾਲ ਕਮਾਇਆ ਧ੍ਰੋਹ, ਦੋਸਤਾਂ ਨੂੰ ਬੁਲਾ ਕਰਵਾਇਆ ਗੈਂਗਰੇਪ
ਅੰਮ੍ਰਿਤਸਰ 'ਚ ਇਕ ਪਤੀ ਵੱਲੋਂ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਦੋਸ਼ੀ ਦੀ ਪਤਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਬੀਤੇ ਦਿਨੀਂ ਉਸ ਨੇ ਆਪਣੇ ਪਤਨੀ ਨੂੰ ਬਹਾਨੇ ਨਾਲ ਬਾਹਰ ਬੁਲਾ ਕੇ ਹੋਰ ਦੋਸਤਾਂ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਜੰਡਿਆਲਾ ਦੀ ਪੁਲਸ ਨੇ ਪਤੀ ਸਮੇਤ ਕਰੀਬ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। 

ਪਟਿਆਲਾ 'ਚ 2 ਨੌਜਵਾਨਾਂ ਨੇ 12 ਸਾਲਾ ਕੁੜੀ ਦੀ ਰੋਲ਼ੀ ਪੱਤ
ਪਟਿਆਲਾ ਵਿਖੇ 2 ਨੌਜਵਾਨਾਂ ਵੱਲੋਂ ਇਕ ਨਾਬਾਲਗ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਇਕ ਵਿਆਹ ਸਮਾਗਮ (ਜਾਗੋ) ਦੌਰਾਨ 2 ਨੌਜਵਾਨਾਂ ਨੇ 12 ਸਾਲਾ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਉਕਤ ਨੌਜਵਾਨਾਂ ਨੇ ਜਾਗੋ ਦੌਰਾਨ ਕੁੜੀ ਨੂੰ ਆਪਣੀ ਗੱਡੀ 'ਚ ਜ਼ਬਰਦਸਤੀ ਬੈਠਾ ਲਿਆ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। 

ਦਸੂਹਾ 'ਚ 12 ਸਾਲਾ ਕੁੜੀ ਨਾਲ ਰੈਸਟ ਹਾਊਸ 3 ਮੁੰਡਿਆਂ ਨੇ ਕੀਤਾ ਗੈਂਗਰੇਪ
ਦਸੂਹਾ ਦੇ ਇਕ ਪਿੰਡ ਵਿਖੇ 12 ਸਾਲਾ ਨਾਬਾਲਗ ਕੁੜੀ ਨਾਲ ਗੈਂਗਰੇਪ ਕੀਤਾ ਗਿਆ। ਤਿੰਨ ਨਾਬਾਲਗ ਮੁੰਡਿਆਂ ਵੱਲੋਂ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਕੁੜੀ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਕੁੜੀ ਪਿੰਡ ਦੀ ਗਰਾਊਂਡ ਵਿਚ ਖੇਡਣ ਗਈ ਸੀ। ਕਾਫ਼ੀ ਦੇਰ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਬਹੁਤ ਘਬਰਾਈ ਹੋਈ ਸੀ। ਪੁੱਛਣ 'ਤੇ ਉਸ ਨੇ ਦੱਸਿਆ ਕਿ 3 ਮੁੰਡੇ ਮੈਨੂੰ ਪਿੰਡ ਦੇ ਹੀ ਖੰਡਰ ਬਣੇ ਰੈਸਟ ਹਾਊਸ ਵਿਚ ਲੈ ਗਏ। ਉਥੇ ਰਵਿੰਦਰ ਸਿੰਘ ਉਰਫ਼ ਸ਼ੇਰਾ ਪੁੱਤਰ ਅਮਰੀਕ ਸਿੰਘ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਬਾਕੀ ਦੋ ਨੇ ਮੇਰੇ ਸਰੀਰ ਨਾਲ ਛੇੜਛਾੜ ਕੀਤੀ। ਉਸ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਵੀ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਸੀ। ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਕਾਰਨ ਮੈਂ ਇਹ ਗੱਲ ਆਪਣੇ ਪਰਿਵਾਰ ਨੂੰ ਨਹੀਂ ਦੱਸੀ ਸੀ। 

ਇਹ ਵੀ ਪੜ੍ਹੋ : ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਅਮਰੀਕਾ ’ਚ ਭੋਗਪੁਰ ਦੇ ਵਿਅਕਤੀ ਦੀ ਦਰਦਨਾਕ ਮੌਤ

ਫਾਜ਼ਿਲਕਾ 'ਚ 2 ਨੌਜਵਾਨ ਕੁੜੀਆਂ ਨਾਲ ਗੈਂਗਰੇਪ
ਫਾਜ਼ਿਲਕਾ 'ਚ ਦੋ ਨੌਜਵਾਨ ਕੁੜੀਆਂ ਨਾਲ ਗੈਂਗਰੇਪ ਕੀਤਾ ਗਿਆ ਸੀ। ਪੀੜਤ ਕੁੜੀਆਂ ਦਾ ਕਹਿਣਾ ਹੈ ਉਹ ਫਿਰੋਜ਼ਪੁਰ ਰੋਡ 'ਤੇ ਰੋਟੀ ਖਾਣ ਆਈਆਂ ਸਨ। ਉੱਥੇ 10-12 ਮੁੰਡਿਆਂ ਨੇ ਪਹਿਲਾਂ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਫਿਰ ਮੋਟਰਸਾਈਕਲ 'ਤੇ ਜ਼ਬਰਦਸਤੀ ਬਿਠਾ ਕੇ ਲੈ ਗਏ ਅਤੇ ਫਿਰ ਉਨ੍ਹਾਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕੁੜੀਆਂ ਜਲਾਲਾਬਾਦ ਦੀਆਂ ਰਹਿਣ ਵਾਲੀਆਂ ਸਨ ਅਤੇ ਉਹ ਫਾਜ਼ਿਲਕਾ ਆਪਣੇ ਤਾਏ ਨੂੰ ਮਿਲਣ ਲਈ ਇਥੇ ਆਈਆਂ ਸਨ। ਉਹ ਰਾਤ ਨੂੰ ਲੇਟ ਹੋ ਗਈਆਂ ਅਤੇ ਉਨ੍ਹਾਂ ਨੂੰ ਭੁੱਖ ਲੱਗ ਗਈ। ਇਸ ਦੌਰਾਨ ਉਹ ਇਕ ਢਾਬੇ 'ਤੇ ਰੋਟੀ ਖਾਣ ਲਈ ਰੁਕ ਗਈਆਂ। ਢਾਬੇ 'ਤੇ ਮੌਜੂਦ 10-12 ਲੋਕ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਅਤੇ ਨਹਿਰ ਦੇ ਨੇੜੇ ਉਨ੍ਹਾਂ ਨਾਲ ਗੈਂਗਰੇਪ ਕੀਤਾ। 

ਬਨੂੜ 'ਚ 2 ਪ੍ਰਵਾਸੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ
ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਥਾਣਾ ਸ਼ੰਭੂ ਅਧੀਨ ਪੈਂਦੇ ਇਕ ਪਿੰਡ ’ਚ ਜੁਲਾਈ ਦੇ ਮਹੀਨੇ ਨਾਬਾਲਗ ਕੁੜੀ ਨਾਲ 2 ਪ੍ਰਵਾਸੀ ਨੌਜਵਾਨਾਂ ਵੱਲੋਂ ਜਬਰ-ਜ਼ਿਨਾਹ ਕੀਤਾ ਸੀ। ਪਿੰਡ ਨੇੜੇ ਸਥਿਤ ਕਿਸੇ ਗੋਦਾਮ ’ਚ ਕੰਮ ਕਰਨ ਵਾਲੇ 2 ਨੌਜਵਾਨ ਪਿੰਡ ਦੇ ਵਸਨੀਕ ਦੇ ਘਰ ’ਚ ਕਿਰਾਏ ’ਤੇ ਰਹਿੰਦੇ ਸਨ। ਇਹ ਨਾਬਾਲਗ ਕੁੜੀ ਜਦੋਂ ਪਿੰਡ ’ਚ ਸਥਿਤ ਕਿਸੇ ਦੁਕਾਨ ਤੋਂ ਤਕਰੀਬਨ 8 ਕੁ ਵਜੇ ਸਾਮਾਨ ਲੈ ਕੇ ਆ ਰਹੀ ਸੀ ਤਾਂ ਕਿਰਾਏ ਦੇ ਮਕਾਨ ’ਚ ਰਹਿੰਦੇ ਪ੍ਰਵਾਸੀ ਨੌਜਵਾਨ ਕੁੜੀ ਨੂੰ ਮਕਾਨ ਅੰਦਰ ਲੈ ਕੇ ਗਏ। ਨੌਜਵਾਨ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਪੀੜਤਾ ਦੇ ਹੱਥਾਂ ਨੂੰ ਕਿਸੇ ਕੱਪੜੇ ਜਾਂ ਰੱਸੀ ਨਾਲ ਬੰਨ੍ਹ ਕੇ ਕਮਰੇ ’ਚ ਬੰਦ ਕਰਕੇ ਫ਼ਰਾਰ ਹੋ ਗਏ ਸਨ।

PunjabKesari

ਸ੍ਰੀ ਅਨੰਦਪੁਰ ਸਾਹਿਬ ਗੁਰਧਾਮਾਂ ਦੇ ਦਰਸ਼ਨ ਕਰਨ ਆਈ ਔਰਤ ਦੀ ਨੌਜਵਾਨਾਂ ਨੇ ਰੋਲੀ ਪੱਤ, ਕੀਤਾ ਗੈਂਗਰੇਪ
ਆਪਣੀ ਭਾਣਜੀ ਨਾਲ ਜਲਾਲਾਬਾਦ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਈ ਔਰਤ ਨਾਲ ਚਾਰ ਨੌਜਵਾਨਾਂ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਦੇ ਬਿਆਨਾਂ ’ਤੇ ਪੁਲਸ ਵੱਲੋਂ 4 ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਚੌਕੀ ਇੰਚਾਰਜ ਸਬ-ਇੰਸਪੈਕਟਰ ਗੁਰਮਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਾਲਾਬਾਦ ਨਿਵਾਸੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਭਾਣਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਰਿਹਾਇਸ਼ ਲਈ ਕਮਰੇ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਦੀ ਭਾਣਜੀ ਜੋ ਕਿ ਪਹਿਲਾਂ ਵੀ ਸ੍ਰੀ ਅਨੰਦਪੁਰ ਸਾਹਿਬ ਆਈ ਹੋਈ ਸੀ ਨੇ ਇਕ ਮੋਬਾਇਲ ਨੰਬਰ ’ਤੇ ਕਮਰਾ ਲੈਣ ਲਈ ਫੋਨ ਕੀਤਾ।

ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ

ਨਾਬਾਲਗ ਧੀ ਨਾਲ ਪਿਓ ਨੇ ਮਿਟਾਈ ਸੀ ਹਵਸ 
ਬਠਿੰਡਾ ਵਿਚ ਕਲਯੁਗ ਦੇ ਪ੍ਰਭਾਵ ਨੇ ਪਿਓ-ਧੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਸੀ। ਇਕ ਪਿਓ ਵੱਲੋਂ ਆਪਣੀ ਹੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਪੀੜਿਤਾ ਦੀ ਵੱਡੀ ਭੈਣ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸ ਦਾ ਪਿਓ ਉਸ ਦੀ ਛੋਟੀ ਭੈਣ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਡਰਾ ਧਮਕਾ ਰਿਹਾ ਸੀ। ਪੁਲਸ ਨੇ ਪੀੜਤ ਕੁੜੀ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਿਓ ਖ਼ਿਲਾਫ਼ ਪੋਕਸੋ ਐਕਟ ਅਧੀਨ ਜਬਰ-ਜ਼ਿਨਾਹ ਅਤੇ ਡਰਾਉਣ-ਧਮਕਾਉਣ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਸੀ।

ਲੁਧਿਆਣਾ ਵਿਚ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਕੀਤਾ ਕਤਲ 
ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਬੀਤੇ ਦਿਨ ਲੁਧਿਆਣਾ ਦੇ ਇਕ ਇਲਾਕੇ 'ਚੋਂ ਸਾਹਮਣੇ ਆਇਆ, ਜਿੱਥੇ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬੱਚੀ ਨਾਲ ਉਸ ਦੇ ਗੁਆਂਢੀ ਨੇ ਪਹਿਲਾਂ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਕਮਰੇ 'ਚ ਛੱਡ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਦੇਰ ਸ਼ਾਮ ਜਦੋਂ ਪਰਿਵਾਰ ਵੱਲੋਂ ਬੱਚੀ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਦੀ ਲਾਸ਼ ਗੁਆਂਢੀ ਦੇ ਕਮਰੇ ਵਿੱਚ ਪਈ ਮਿਲੀ ਸੀ। 

ਮੋਹਾਲੀ 'ਚ ਨਾਬਾਲਗ ਭਾਣਜੀ ਨਾਲ ਟੱਪੀਆਂ ਮਾਮੇ ਨੇ ਹੱਦਾਂ, ਗਰਭਵਤੀ
ਮੋਹਾਲੀ ਵਿਖੇ ਮਾਮਾ-ਭਾਣਜੀ ਦੇ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਗਿਆ। ਮਾਮੇ ਨੇ ਆਪਣੀ ਨਾਬਾਲਗ ਭਾਣਜੀ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕੀਤਾ ਸੀ। ਇਸ ਦਾ ਖ਼ੁਲਾਸਾ ਉਦੋਂ ਹੋਇਆ ਸੀ ਜਦੋਂ 15 ਸਾਲਾ ਧੀ ਦੇ ਢਿੱਡ ਵਿਚ ਦਰਦ ਹੋਇਆ ਸੀ। ਜਦੋਂ ਪਰਿਵਾਰ ਵਾਲੇ ਉਸ ਦੀ ਜਾਂਚ ਕਰਵਾਉਣ ਲਈ ਹਸਪਤਾਲ ਗਏ ਤਾਂ ਪਤਾ ਲੱਗਾ ਕਿ ਉਹ ਪੰਜ ਮਹੀਨਿਆਂ ਦੀ ਗਰਭਵਤੀ ਹੈ। ਡਾਕਟਰਾਂ ਨੇ ਪੁਲਸ ਨੂੰ ਤੁਰੰਤ ਮਾਮਲੇ ਦੀ ਸੂਚਨਾ ਦਿੱਤੀ ਸੀ। ਮਾਮੇ ਵੱਲੋਂ ਭਾਣਜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਸਨ। 

ਫਗਵਾੜਾ 'ਚ ਪਿਓ-ਧੀ ਦਾ ਰਿਸ਼ਤਾ ਸ਼ਰਮਸਾਰ 
ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਇਕ ਅਜਿਹਾ ਹੀ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਸੀ। ਇਥੇ ਪਿਓ ਵੱਲੋਂ ਆਪਣੇ ਧੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਕ 11 ਸਾਲਾ ਸਕੂਲੀ ਵਿਦਿਆਰਥਣ ਨੇ ਆਪਣੀ ਮਾਤਾ ਨੂੰ ਖ਼ੁਲਾਸਾ ਕੀਤਾ ਸੀ ਕਿ ਉਸ ਦਾ ਪਿਤਾ ਉਸ ਦੀ ਮਾਂ ਦੀ ਗੈਰ-ਹਾਜ਼ਰੀ ’ਚ ਲਗਾਤਾਰ ਧੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ

ਕਪੂਰਥਲਾ 'ਚ ਹਵਸ 'ਚ ਅੰਨ੍ਹੇ 33 ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਸੀ ਜਬਰ-ਜ਼ਿਨਾਹ
ਕਪੂਰਥਲਾ ਵਿਖੇ ਇਕ ਪਿੰਡ 'ਚ 70 ਸਾਲਾ ਔਰਤ ਨਾਲ ਹਵਸ ਵਿਚ ਅੰਨ੍ਹੇ ਨੌਜਵਾਨ ਵੱਲੋਂ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀੜਤ ਔਰਤ ਮਾਨਸਿਕ ਰੋਗੀ ਦੱਸੀ ਜਾ ਰਹੀ ਹੈ। ਉਥੇ ਹੀ ਮੁਲਜ਼ਮ ਇਕ ਟਰੱਕ ਦਾ ਸਹਿ ਚਾਲਕ ਦੱਸਿਆ ਜਾ ਰਿਹਾ ਹੈ। ਪੁਲਸ ਮੁਤਾਬਕ ਮੁਲਜ਼ਮ ਦੀ ਉਮਰ ਕਰੀਬ 33 ਸਾਲ ਸੀ। 

ਕੰਜਕਾਂ ਦੇ ਦਿਨ 5ਵੀਂ ਜਮਾਤ ਦੀ ਬੱਚੀ ਨਾਲ ਹੋਇਆ ਸੀ ਜਬਰ-ਜ਼ਿਨਾਹ
ਜਲੰਧਰ ਵਿਖੇ ਕੰਜਕਾਂ ਵਾਲੇ ਦਿਨ ਕੁੜੀ 5ਵੀਂ ਜਮਾਤ ਵਿਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਬੱਚੀ ਰੋਜ਼ਾਨਾ ਵਾਂਗ ਸਕੂਲ ਗਈ ਸੀ, ਜਿੱਥੇ ਉਸ ਰਸਤੇ ਵਿਚੋਂ ਘੇਰਿਆ ਗਿਆ ਅਤੇ ਨੌਜਵਾਨ ਵੱਲੋਂ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਧੀ ਨੂੰ ਇੰਨੀ ਦੇਰ ਨਾਲ ਘਰ ਆਉਣ ਦਾ ਕਾਰਨ ਪੁੱਛਣ ’ਤੇ ਧੀ ਨੇ ਦੱਸਿਆ ਕਿ ਉਹ ਸਕੂਲ ਤੋਂ ਛੁੱਟੀ ਹੁੰਦੇ ਹੀ ਘਰ ਵੱਲ ਆ ਰਹੀ ਸੀ। ਰਸਤੇ ’ਚ ਹੇਅਰ ਡ੍ਰੈਸਰ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਅੰਕਲ ਨੇ ਉਸ ਨੂੰ ਬੁਲਾਇਆ ਅਤੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਤਿਲਕ ਨਗਰ ਦੀ ਖਾਲੀ ਥਾਂ ’ਤੇ ਲੈ ਗਿਆ, ਜਿੱਥੇ ਉਸ ਨੇ ਨਾਬਾਲਗਾ ਨਾਲ ਜਬਰ-ਜ਼ਿਨਾਹ ਕੀਤਾ।

ਜਲੰਧਰ 'ਚ 9 ਸਾਲਾ ਕੁੜੀ ਨਾਲ 16 ਸਾਲਾ ਮੁੰਡੇ ਨੇ ਕੀਤਾ ਸੀ ਘਿਨਾਉਣਾ ਕਾਰਾ 
ਇਕ ਹੋਰ ਜਬਰ-ਜ਼ਿਨਾਹ ਵਾਲੀ ਰੂਹ ਕੰਬਾਊ ਘਟਨਾ ਜਲੰਧਰ ਤੋਂ ਹੀ ਸਾਹਮਣੇ ਆਈ ਸੀ, ਜਿੱਥੇ ਇਕ 9 ਸਾਲ ਦੀ ਕੁੜੀ ਨਾਲ 16 ਸਾਲ ਦੇ ਮੁੰਡੇ ਨੇ ਜਬਰ-ਜ਼ਿਨਾਹ ਕੀਤਾ ਸੀ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬੀਤੀ 18 ਨਵੰਬਰ ਨੂੰ ਕੁੜੀ ਦੇ ਮਾਂ ਅਤੇ ਪਿਓ ਦੋਵੇਂ ਕੰਮ ’ਤੇ ਗਏ ਹੋਏ ਸਨ। ਕੰਮ ਤੋਂ ਵਾਪਸ ਆਉਣ ’ਤੇ ਧੀ ਨੇ ਦੱਸਿਆ ਸੀ ਕਿ ਉਸ ਦੇ ਢਿੱਡ ’ਚ ਤੇਜ਼ ਦਰਦ ਹੋ ਰਹੀ ਹੈ। ਪੁੱਛਣ ’ਤੇ ਉਸ ਨੇ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਇਕ ਮੁੰਡੇ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਹਨ। ਇਹ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਅਤੇ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ :  ਮਾਹਿਲਪੁਰ 'ਚ ਵੱਡੀ ਵਾਰਦਾਤ, ਦੋ ਧਿਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਸਹਿਮੇ ਲੋਕ

ਬਠਿੰਡਾ 'ਚ ਵੀ 9 ਸਾਲਾ ਕੁੜੀ ਨਾਲ ਮਿਟਾਈ ਗਈ ਹਵਸ
ਬਠਿੰਡਾ ’ਚ 9 ਸਾਲਾ ਕੁੜੀ ਨਾਲ 22 ਸਾਲਾ ਨੌਜਵਾਨ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੁੜੀ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿੰਦੀ ਸੀ। ਨੌਜਵਾਨ ਨੇ ਘਰ ’ਚ ਇਕੱਲੀ ਬੱਚੀ ਨੂੰ ਚਾਕਲੇਟ ਦਾ ਲਾਲਚ ਦਿੱਤਾ, ਫਿਰ ਉਸ ਨਾਲ ਜਬਰ-ਜ਼ਿਨਾਹ ਕਰਕੇ ਭੱਜ ਗਿਆ ਸੀ।

ਮੋਗਾ 'ਚ 14 ਸਾਲਾ ਕੁੜੀ ਨਾਲ ਮਿਟਾਈ ਗਈ ਹਵਸ
ਮੋਗਾ ਵਿਖੇ 14 ਸਾਲਾ ਕੁੜੀ ਨਾਲ ਇਕ ਨੌਜਵਾਨ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਜਬਰ-ਜ਼ਿਨਾਹ ਤੋਂ ਬਾਅਦ ਕਥਿਤ ਦੋਸ਼ੀ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 

ਦਸੂਹਾ 'ਚ ਸਕੂਲ ਜਾ ਰਹੀ ਕੁੜੀ ਨਾਲ ਹੋਇਆ ਸੀ ਜਬਰ-ਜ਼ਿਨਾਹ
ਹੁਸ਼ਿਆਰਪੁਰ ਦੇ ਦਸੂਹਾ ਵਿਖੇ ਨਾਬਾਲਗ ਕੁੜੀ ਦੇ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਸਕੂਲ ਜਾਂਦੇ ਸਮੇਂ ਉਕਤ ਨਾਬਾਲਗ ਕੁੜੀ ਨੂੰ ਇਕ ਨੌਜਵਾਨ ਆਪਣੀ ਗੱਡੀ ਵਿੱਚ ਬਿਠਾ ਕੇ ਕੰਢੀ ਖੇਤਰ ਵੱਲ ਲੈ ਗਿਆ ਸੀ, ਜਿੱਥੇ ਉਸ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਜਬਰ-ਜ਼ਿਨਾਹ ਕੀਤਾ। ਨੌਜਵਾਨ ਸਾਹਿਲ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਦਸੂਹਾ ਖ਼ਿਲਾਫ਼ ਖ਼ਿਲਾਫ਼ ਧਾਰਾ 376, 506 ਆਈ. ਪੀ. ਸੀ.  4 ਪੋਕਸੋ ਐਕਟ 2012 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਫਗਵਾੜਾ 'ਚ 4 ਬੱਚਿਆਂ ਦੇ ਪਿਤਾ ਨੇ ਆਪਣੀ ਧੀ ਨਾਲ ਕਮਾਇਆ ਸੀ ਧ੍ਰੋਹ
ਫਗਵਾੜਾ 'ਚ 4 ਬੱਚਿਆਂ ਦੇ ਪਿਤਾ ਨੇ ਆਪਣੀ 12 ਸਾਲਾ ਦੀ ਸਕੀ ਧੀ ਨਾਲ ਹਵਸ ਮਿਟਾਈ ਸੀ। ਮਾਮਲੇ ਦੀ ਸਾਰੀ ਸੱਚਾਈ ਉਦੋਂ ਸਾਹਮਣੇ ਆਈ, ਜਦੋਂ ਪੀੜਤ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਔਰਤ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਮੁਲਜ਼ਮ ਕਲਯੁਗੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

PunjabKesari

ਲੁਧਿਆਣਾ 'ਚ 64 ਸਾਲਾ ਬਜ਼ੁਰਗ ਨੇ ਪੋਤੀ ਦੀ ਉਮਰ ਦੀ 7 ਸਾਲਾ ਬੱਚੀ ਨਾਲ ਟੱਪੀਆਂ ਸਨ ਹੱਦਾਂ
ਲੁਧਿਆਣਾ ਵਿਖੇ ਛੱਤ 'ਤੇ ਖੇਡਣ ਗਈ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਇਕ ਬਜ਼ੁਰਗ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਦੋਸ਼ੀ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਪੀੜਤਾ ਦਾ ਰਿਸ਼ਤੇਦਾਰ ਸੀ। ਮੁਲਜ਼ਮ ਦੇ ਖ਼ੁਦ ਪੋਤੇ-ਪੋਤੀਆਂ ਅਤੇ ਦੋਹਤੇ ਵਾਲੇ ਸੀ। ਬੱਚੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਮੁੰਬਈ ਤੋਂ ਆਪਣੀ ਭੂਆ ਨੂੰ ਮਿਲਣ ਉਨ੍ਹਾਂ ਦੇ ਘਰ ਆਈ ਸੀ ਅਤੇ 5 ਨਵੰਬਰ ਨੂੰ ਦਿੱਲੀ ਪਰਤਣ ਦੀ ਯੋਜਨਾ ਬਣਾਈ ਸੀ। ਘਰ ਦੀ ਹੇਠਲੀ ਮੰਜ਼ਿਲ 'ਤੇ ਉਸ ਦੀ ਭੂਆ ਰਹਿੰਦੀ ਹੈ ਅਤੇ ਉਸ ਦਾ ਜੇਟ ਦੂਜੀ ਮੰਜ਼ਿਲ 'ਤੇ ਰਹਿੰਦਾ ਹੈ। ਉਸ ਦੀ ਬੇਟੀ ਹੋਰ ਬੱਚਿਆਂ ਨਾਲ ਘਰ ਦੀ ਛੱਤ 'ਤੇ ਖੇਡਣ ਗਈ ਸੀ, ਜਿੱਥੇ ਬੱਚੀ ਨੂੰ 64 ਸਾਲਾ ਬਜ਼ੁਰਗ ਨੇ ਹਵਸ ਦਾ ਸ਼ਿਕਾਰ ਬਣਾਇਆ ਸੀ। 

ਖੰਨਾ 'ਚ 8 ਸਾਲਾ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ
ਖੰਨਾ 'ਚ 8 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਖੰਨਾ ਪੁਲਸ ਵੱਲੋਂ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਸੀ। 

ਜਲੰਧਰ 'ਚ ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਸੀ ਹਵਸ
ਬਸਤੀਆਤ ਇਲਾਕੇ 'ਚ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਆਪਣੀ ਹਵਸ ਪੂਰੀ ਕਰਨ ਲਈ ਇਕ ਮਤਰੇਏ ਪਿਤਾ ਨੇ ਆਪਣੀ 8 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਅਤੇ ਧਮਕੀਆਂ ਦਿੰਦਾ ਰਿਹਾ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਮਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਥਾਣਾ 5 ਦੀ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਹਵਸ ਦੀ ਭੁੱਖ 'ਚ ਦਰਿੰਦਾ ਬਣਿਆ ਦਾਦਾ, 11 ਸਾਲਾ ਪੋਤੀ ਨਾਲ ਟੱਪੀਆਂ ਹੱਦਾਂ
ਲੁਧਿਆਣਾ 'ਚ ਦਾਦੇ ਵੱਲੋਂ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ। ਉਕਤ ਵਿਅਕਤੀ ਨੇ ਆਪਣੀ ਹੀ 11 ਸਾਲ ਦੀ ਪੋਤੀ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਹੋ ਚੁੱਕਾ ਹੈ ਅਤੇ ਪਹਿਲੇ ਘਰਵਾਲੇ ਤੋਂ ਉਸ ਦੇ ਇਕ ਧੀ ਹੈ। ਉਸ ਦਾ ਪਹਿਲਾ ਪਤੀ ਉਸ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ ਪਰ ਉਸ ਦੀ ਧੀ ਆਪਣੇ ਪਿਓ ਕੋਲ ਹੀ ਰਹਿੰਦੀ ਸੀ। ਇਸ ਦੌਰਾਨ ਧੀ ਦਾ ਦਾਦਾ ਉਸ ਨਾਲ ਲਗਾਤਾਰ ਗਲਤ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : SYL ਵਿਵਾਦ 'ਤੇ ਹੋਈ ਮੀਟਿੰਗ ਮਗਰੋਂ ਬੋਲੇ CM ਮਾਨ, ਸਾਡੇ ਕੋਲ ਦੇਣ ਲਈ ਪਾਣੀ ਦੀ ਇਕ ਵੀ ਬੂੰਦ ਨਹੀਂ

ਕਪੂਰਥਲਾ 'ਚ 9 ਸਾਲਾ ਦਿਵਿਆਂਗ ਬੱਚੀ ਨਾਲ ਜਬਰ-ਜ਼ਿਨਾਹ
ਸੁਲਤਾਨਪੁਰ ਲੋਧੀ ਦੀ ਪੁਲਸ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ’ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਸੀ। ਇਕ ਪ੍ਰਵਾਸੀ ਮਜ਼ਦੂਰ ਔਰਤ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਇਕ ਕਿਸਾਨ ਦੇ ਘਰ ਮਿਹਨਤ-ਮਜ਼ਦੂਰੀ ਕਰਦੇ ਹਨ ਅਤੇ ਉਸ ਦੀ ਹਵੇਲੀ ’ਚ ਹੀ ਰਹਿੰਦੇ ਹਨ। ਉਸ ਦੇ 5 ਬੱਚੇ ਹਨ, ਜਿਨ੍ਹਾਂ ’ਚ 3 ਲੜਕੀਆਂ ਅਤੇ 2 ਲੜਕੇ ਹਨ। 2 ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਤੀਸਰੀ ਲੜਕੀ, ਜੋ ਜਨਮ ਤੋਂ ਹੀ ਗੂੰਗੀ-ਬੋਲੀ ਹੈ। 21 ਅਗਸਤ ਦੀ ਰਾਤ ਨੂੰ ਜਦੋਂ ਉਹ ਬਾਥਰੂਮ ਕਰਨ ਉੱਠੀ ਤਾਂ ਉਸ ਨੇ ਵੇਖਿਆ ਕਿ ਉਸ ਦੀ ਕੁੜੀ ਉੱਥੇ ਮੌਜੂਦ ਨਹੀਂ ਸੀ, ਜਦੋਂ ਉਸ ਨੇ ਕਾਫ਼ੀ ਇੱਧਰ-ਉੱਧਰ ਭਾਲ ਕੀਤੀ ਤਾਂ ਵੇਖਿਆ ਕਿ ਇਕ ਨਾਲ ਲੱਗਦੇ ਕਮਰੇ ਦੇ ਇਕ ਪਾਸੇ ਨੌਜਵਾਨ ਚਰਨਜੀਤ ਸਿੰਘ ਉਸ ਦੀ ਲੜਕੀ ਨਾਲ ਜ਼ਬਰਦਸਤੀ ਕਰ ਰਿਹਾ ਸੀ। ਇਹ ਸਾਰਾ ਕੁਝ ਵੇਖਦੇ ਹੀ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਦੌੜ ਗਿਆ।

ਜਲੰਧਰ 'ਚ ਅਧਿਆਪਕ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ
ਥਾਣਾ ਰਾਮਾਮੰਡੀ ਦੀ ਪੁਲਸ ਨੇ ਨਾਬਾਲਗ ਵਿਦਿਆਰਥਣ ਨਾਲ 40 ਸਾਲ ਦੇ ਟਿਊਸ਼ਨ ਅਧਿਆਪਕ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ ਸੀ। ਪੁਲਸ ਨੇ ਅਧਿਆਪਕ ਰਵਿੰਦਰ ਕਸ਼ਯਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀੜਤਾ ਕਰੀਬ ਤਿੰਨ ਮਹੀਨਿਆਂ ਦੀ ਗਰਭਵਤੀ ਸੀ।

ਪਟਿਆਲਾ 'ਚ ਚਾਚੇ ਦੇ ਰਿਸ਼ਤੇ ਨੂੰ ਕੀਤਾ ਸ਼ਰਮਸਾਰ, ਨਾਬਾਲਗ ਭਤੀਜੀ ਨੂੰ ਹੋਟਲ ’ਚ ਲਿਜਾ ਕੀਤਾ ਜਬਰ-ਜ਼ਿਨਾਹ
ਹਲਕਾ ਸ਼ੁਤਰਾਣਾਂ ਦੇ ਇਕ ਆਗੂ ਵੱਲੋਂ ਆਪਣੀ ਮੂੰਹ ਬੋਲ ਭਤੀਜੀ ਨਾਲ ਹੋਟਲ 'ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤੇ ਜਾਣ ਅਤੇ ਉਸ ਦੇ ਸਾਥੀ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਇਨ੍ਹਾਂ ਦੋਵਾਂ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਇਸ ਸਮਾਜ ਸੇਵਕ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਇਸ ਦਾ ਸਾਥੀ ਅਜੇ ਫਰਾਰ ਹੋ ਗਿਆ ਸੀ। 

ਫਰੀਦਕੋਟ ਤਾਰ-ਤਾਰ ਹੋਏ ਰਿਸ਼ਤੇ! ਤਾਏ ਦੇ ਮੁੰਡੇ ਨੇ 17 ਸਾਲਾ ਭੈਣ ਨਾਲ ਕੀਤਾ ਜਬਰ-ਜ਼ਿਨਾਹ
ਜ਼ਿਲ੍ਹੇ ਦੇ ਇਕ ਪਿੰਡ ਵਿਖੇ ਘਰ 'ਚ ਸੁੱਤੀ ਪਈ ਨਾਬਾਲਗ ਕੁੜੀ ਘਰ ਦੇ ਨਾਲ ਸਫੈਦਿਆਂ ਵਿੱਚ ਲਿਜਾ ਕੇ ਉਸ ਦੇ ਤਾਏ ਦੇ ਮੁੰਡੇ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ ਸੀ। ਪੀੜਤ ਕੁੜੀ ਨੇ ਬਿਆਨ ਵਿਚ ਕਿਹਾ ਸੀ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਪਿਤਾ ਅਤੇ ਭਰਾ ਨਾਲ ਰਹਿ ਰਹੀ ਹੈ। ਰਾਤ ਸਮੇਂ ਰੋਟੀ ਆਦਿ ਖਾ ਕੇ ਜਦੋਂ ਉਸ ਦਾ ਭਰਾ ਅਤੇ ਪਿਤਾ ਘਰ ਦੇ ਵਿਹੜੇ ਵਿੱਚ ਅਤੇ ਉਹ ਇਕ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਰਾਤ ਕਰੀਬ 2 ਵਜੇ ਉਸ ਦੇ ਤਾਏ ਦਾ ਮੁੰਡਾ ਲਖਵਿੰਦਰ ਸਿੰਘ ਵਾਸੀ ਪੱਕਾ ਅਤੇ ਇਕ ਹੋਰ ਨਾਮਾਲੂਮ ਵਿਅਕਤੀ ਉਸ ਦੇ ਕਮਰੇ 'ਚ ਆ ਗਏ ਸਨ। ਇਸ ਦੌਰਾਨ ਉਹ ਉਸ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਸ ਨੂੰ ਘਰ ਦੇ ਨਾਲ ਲੱਗਦੇ ਸਫੈਦਿਆਂ ਵਿੱਚ ਲੈ ਗਏ, ਜਿੱਥੇ ਅਣਪਛਾਤੇ ਵਿਅਕਤੀ ਨੇ ਕੁੜੀ ਦੀਆਂ ਬਾਹਾਂ ਫੜ੍ਹ ਲਈਆਂ ਅਤੇ ਲਖਵਿੰਦਰ ਸਿੰਘ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਸ ਨੂੰ ਕਿਸੇ ਨੂੰ ਦੱਸਣ ਦੀ ਸੂਰਤ ਵਿੱਚ ਜਾਨੋਂ ਮਾਰਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

ਹਵਸ ਦੀ ਹੱਦ! 3 ਧੀਆਂ ਦੇ ਪਿਓ ਨੇ ਆਪਣੇ 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ
ਮਾਲੇਰਕੋਟਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਮਾਲੇਰਕੋਟਲਾ ਥਾਣਾ ਸਿਟੀ-2 ਦੀ ਪੁਲਸ ਨੇ ਆਪਣੀ 7 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਇਕ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

15 ਸਾਲਾ ਨੌਜਵਾਨ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
ਨੰਗਲ ਸ਼ਾਮਾ ਅਧੀਨ ਪੈਂਦੇ ਇਲਾਕੇ ’ਚ ਬੀਤੇ ਦਿਨੀਂ 15 ਸਾਲਾ ਨੌਜਵਾਨ ਵੱਲੋਂ 8 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਥਾਣਾ ਰਾਮਾ ਮੰਡੀ ਪੁਲਸ ਨੇ ਉਕਤ ਨੌਜਵਾਨ ਖ਼ਿਲਾਫ਼ ਆਈ. ਪੀ. ਸੀ. ਭਾਰਤੀ ਦੰਡਾਵਲੀ ਦੀ ਧਾਰਾ 376-ਏ ਅਤੇ 376-ਬੀ ਅਤੇ 4, 8 ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਲੇਡੀ ਇੰਸ. ਸੁਰਿੰਦਰ ਕੌਰ ਤੇ ਦਕੋਹਾ ਚੌਕੀ ਦੇ ਏ. ਐੱਸ. ਆਈ. ਮਨਜੀਤ ਸਿੰਘ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ 8 ਸਾਲਾ ਬੱਚੀ ਦੀ ਮਾਂ ਆਪਣੇ ਪਤੀ ਦੀ ਹਾਜ਼ਰੀ ’ਚ 24 ਦਸੰਬਰ ਨੂੰ ਦਕੋਹਾ ਚੌਕੀ ’ਚ ਆਈ ਸੀ ਅਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕੁੜੀ ਨੇ ਉਸ ਨੂੰ ਦੱਸਿਆ ਸੀ ਕਿ ਉਹ ਜਿਸ ਘਰ ’ਚ ਮੈਡਮ ਕੋਲ ਟਿਊਸ਼ਨ ਲਈ ਜਾਂਦੀ ਸੀ, ਉਸੇ ਮੈਡਮ ਦਾ ਮੁੰਡਾ ਰੋਜ਼ਾਨਾ ਉਸ ਨਾਲ ਛੇੜਛਾੜ ਕਰਦਾ ਸੀ ਅਤੇ ਗਲਤ ਕੰਮ ਵੀ ਕਰਦਾ ਸੀ। ਇਹ ਗੱਲ ਉਸ ਨੇ ਬੀਤੇ ਦਿਨੀਂ ਖ਼ੁਦ ਦੱਸੀ, ਜਿਸ ਤੋਂ ਬਾਅਦ ਉਹ ਨੌਜਵਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਸ ਚੌਂਕੀ ਪੁੱਜੀ।

ਦਸੂਹਾ 'ਚ ਸ਼ਰਮਨਾਕ ਘਟਨਾ, ਪਿਤਾ ਦੇ ਦੋਸਤ ਨੇ ਰੋਲੀ 7 ਸਾਲਾ ਬਾਲੜੀ ਦੀ ਪੱਤ
ਦਸੂਹਾ ਦੇ ਇਕ ਪਿੰਡ ਵਿਚ 7 ਸਾਲਾ ਮਾਸੂਮ ਬੱਚੀ ਨਾਲ ਉਸ ਦੇ ਪਿਤਾ ਦੇ ਨਜ਼ਦੀਕੀ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਮਾਸੂਮ ਕੁੜੀ ਦਾ ਪਿਤਾ ਬੀਮਾਰ ਰਹਿੰਦਾ ਸੀ ਅਤੇ ਉਸ ਦਾ ਦੋਸਤ ਦਿਨੇਸ਼ ਦੱਤ ਉਰਫ਼ ਗੋਲਡੀ ਨੂੰ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰੰਗੇ ਹੱਥੀਂ ਫੜ ਲਿਆ ਗਿਆ ਸੀ। ਕੁੜੀ ਦੇ ਪਿਤਾ ਨੇ ਦਸੂਹਾ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਪੁਲਸ ਵੱਲੋਂ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਉਨ੍ਹਾਂ ਕੋਲ ਪਿਛਲੇ ਦੋ ਮਹੀਨਿਆਂ ਤੋਂ ਰਹਿ ਰਿਹਾ ਸੀ ਅਤੇ ਕੁੜੀ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਸੀ।

ਜਲੰਧਰ 'ਚ ਗੈਸ ਸਿਲੰਡਰ ਡਿਲਿਵਰ ਕਰਨ ਵਾਲੇ ਨੇ ਕੁੜੀ ਨੂੰ ਬਣਾਇਆ ਸੀ ਹਵਸ ਦਾ ਸ਼ਿਕਾਰ
ਅਜਿਹਾ ਹੀ ਮਾਮਲਾ ਜਲੰਧਰ ਦੀ ਇਕ ਬਸਤੀ ਤੋਂ ਸਾਹਮਣੇ ਆਇਆ ਸੀ, ਜਿੱਥੇ ਗੈਸ ਸਿਲੰਡਰ ਡਿਲਿਵਰ ਕਰਨ ਵਾਲੇ ਵੱਲੋਂ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਬਸਤੀ ਗੁਜ਼ਾਂ ਦੇ ਇਕ ਇਲਾਕੇ ’ਚ ਗੈਸ ਸਿਲੰਡਰ ਦੀ ਡਿਲਿਵਰੀ ਕਰਨ ਵਾਲੇ ਵਿਅਕਤੀ ਨੇ ਇਕ 30 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। 

PunjabKesari

ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ
ਅੰਮ੍ਰਿਤਸਰ ਦੇ ਇਕ ਹੋਟਲ ’ਚ 15 ਸਾਲਾ ਨਬਾਲਗ ਕੁੜੀ ਨਾਲ ਉਸ ਦੀ ਭੂਆ ਦੇ ਸਾਹਮਣੇ ਹੀ ਜਬਰ-ਜ਼ਿਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਸ ਨੇ ਤਫ਼ਤੀਸ਼ ਕਰਦੇ ਹੋਏ ਭੂਆ ਸਣੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫ਼ਾਰਿਸ਼ ਕਰਦੇ ਹੋਏ ਇਸ ਦੀ ਅਗਲੇਰੀ ਜਾਂਚ ਥਾਣਾ ਕੋਤਵਾਲੀ ਈ-ਡਵੀਜ਼ਨ ਅੰਮ੍ਰਿਤਸਰ ਨੂੰ ਸੌਂਪ ਦਿੱਤੀ ਗਈ ਸੀ।

ਇਹ ਵੀ ਪੜ੍ਹੋ :  ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਵਿਦੇਸ਼ ਤੋਂ ਆਏ ਨੌਜਵਾਨ 'ਤੇ ਹੋਈ ਫਾਇਰਿੰਗ

ਮਾਹਿਲਪੁਰ 'ਚ 65 ਸਾਲਾ ਬਜ਼ੁਰਗ ਨੇ 19 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਕੀਤਾ ਗਰਭਵਤੀ
ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਦੀ 19 ਸਾਲਾ ਇਕ ਮੰਦਬੁੱਧੀ ਕੁੜੀ ਨੂੰ ਪਿੰਡ ਦੇ ਹੀ 65 ਸਾਲਾ ਬਜ਼ੁਰਗ ਨੇ ਜਬਰ-ਜ਼ਿਨਾਹ ਕਰਕੇ ਗਰਭਵਤੀ ਕਰ ਦਿੱਤਾ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਧਾਰਾ-376 ਅਧੀਨ ਮਾਮਲਾ ਦਰਜ ਕਰ ਲਿਆ ਹੈ। ਨਜ਼ਦੀਕੀ ਪਿੰਡ ਦੀ ਇਕ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਹ ਮਜ਼ਦੂਰੀ ਕਰਦੀ ਹੈ। ਉਸ ਦੇ 3 ਬੱਚੇ ਹਨ ਅਤੇ ਤਿੰਨੋਂ ਹੀ ਮੰਦਬੁੱਧੀ ਹਨ। ਉਸ ਦੇ ਘਰ ਵਿਚ ਪਿੰਡ ਦੇ ਹੀ ਇਕ 65 ਸਾਲਾ ਬਜ਼ੁਰਗ ਵਿਅਕਤੀ ਦਾ ਆਉਣਾ-ਜਾਣਾ ਸੀ। ਜਦੋਂ ਉਹ ਕੰਮ ਲਈ ਬਾਹਰ ਚਲੀ ਜਾਂਦੀ ਸੀ ਤਾਂ ਪਿੱਛੇ ਉਹ ਉਨ੍ਹਾਂ ਦੇ ਘਰ ਆ ਜਾਂਦਾ ਸੀ। ਬਜ਼ੁਰਗ ਉਸ ਦੀ ਸਭ ਤੋਂ ਵੱਡੀ 19 ਸਾਲਾ ਧੀ ਨੂੰ ਗੱਲਾਂ ਵਿਚ ਲਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕਰਦਾ ਰਿਹਾ।

ਦੋਰਾਹਾ ‘ਚ ਪੈੱਨ ਵੇਚਣ ਆਈ 12 ਸਾਲਾ ਬੱਚੀ ਦੀ ਰੋਲ਼ੀ ਪੱਤ
ਦੋਰਾਹਾ ‘ਚ ਫਰਵਰੀ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਸੀ, ਜਿੱਥੇ ਪੈੱਨ ਵੇਚਣ ਆਈ ਇਕ 12 ਸਾਲਾ ਮਾਸੂਮ ਨਬਾਲਗਾ ਨੂੰ ਵਰਗਲਾ ਕੇ ਜਬਰ-ਜ਼ਿਨਾਹ ਕੀਤਾ ਗਿਆ ਸੀ। ਦੋਰਾਹਾ ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। 

ਲੁਧਿਆਣਾ 'ਚ ਪੰਜਾਬ ਪੁਲਸ ਦਾ ASI ਕਰਦਾ ਰਿਹਾ ਜਬਰ-ਜ਼ਿਨਾਹ
ਪੰਜਾਬ 'ਚ ਜਿੱਥੇ ਆਪਣਿਆਂ ਵੱਲੋਂ ਕੁੜੀਆਂ ਤੇ ਬਾਲੜੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ, ਉਥੇ ਹੀ ਪੰਜਾਬ ਪੁਲਸ ਦੇ ਏ. ਐੱਸ. ਆਈ. ਨੇ ਸ਼ਰਮਨਾਕ ਕਾਰਾ ਕੀਤਾ। ਲੁਧਿਆਣਾ ਵਿਖੇ ਇਕ ਔਰਤ ਨੂੰ ਪੰਜਾਬ ਪੁਲਸ ਦੇ ਏ. ਐੱਸ. ਆਈ. ਨੇ ਆਪਣੇ ਝਾਂਸੇ ’ਚ ਲੈ ਲਿਆ ਸੀ। ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਉਸ ਦੀ ਅਸ਼ਲੀਲ ਤਸਵੀਰ ਅਤੇ ਵੀਡੀਓ ਵੀ ਬਣਾਈ। ਜਦੋਂ ਔਰਤ ਗਰਭਵਤੀ ਹੋ ਗਈ ਤਾਂ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਸ ਦਾ ਜ਼ਬਰੀ ਗਰਭਪਾਤ ਕਰਵਾ ਦਿੱਤਾ। ਫਿਰ ਔਰਤ ਨੇ ਉਸ ਖ਼ਿਲਾਫ਼ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਜਾਂਚ ’ਚ ਦੋਸ਼ ਸਹੀ ਪਾਏ ਗਏ ਅਤੇ ਥਾਣਾ ਸਦਰ ’ਚ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਏ. ਐੱਸ. ਆਈ. ਸੁਖਵਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News