ਮੋਰਿੰਡਾ ’ਚ ਬੇਅਦਬੀ ਦੀ ਘਟਨਾ ਨੇ ਸਿੱਖ ਕੌਮ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ : ਸਰਨਾ
Tuesday, Apr 25, 2023 - 01:12 PM (IST)
ਜਲੰਧਰ (ਅਰੋੜਾ, ਪਰੂਥੀ) : ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੇ ਸਿੱਖ ਕੌਮ ਨੂੰ ਧੁਰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ। ਇਹ ਘਟਨਾ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਬੇਅਦਬੀ ਦੀਆਂ ਘਟਨਾਵਾਂ ਜਿਸ ਤਰੀਕੇ ਨਾਲ ਲੜੀਵਾਰ ਵਾਪਰ ਰਹੀਆਂ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਮਨਸ਼ਾ ਵੀ ਕੰਮ ਕਰ ਰਹੀ ਹੈ ਕਿ ਇਹਨਾਂ ਘਟਨਾਵਾਂ ਨੂੰ ਇੰਨਾ ਆਮ ਕਰ ਦਿੱਤਾ ਜਾਵੇ ਕਿ ਸਮਾਜ ਦੇ ਵੱਡੇ ਹਿੱਸੇ ਨੂੰ ਇਹ ਕੋਈ ਵੱਡੀ ਘਟਨਾ ਹੀ ਨਾ ਲੱਗੇ। ਇਹ ਵਿਚਾਰ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰਗਟਾਏ।
ਸਰਨਾ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ ਪਰ ਕੋਈ ਵੀ ਸਖ਼ਤ ਕਾਨੂੰਨ ਨਾ ਹੋਣ ਕਾਰਨ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਦੋਸ਼ੀ ਬਚ ਜਾਂਦੇ ਹਨ, ਇਸੇ ਕਰਕੇ ਇਹ ਘਟਨਾਵਾਂ ਨਹੀਂ ਰੁਕ ਰਹੀਆਂ । ਉਨ੍ਹਾਂ ਆਖਿਆ ਜਿੱਥੇ ਅਸੀਂ ਸਰਕਾਰ ਤੋਂ ਦੋਸ਼ੀ ’ਤੇ ਸਖ਼ਤ ਕਾਰਵਾਈ ਕਰਨ ਅਤੇ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦੇ ਹਾਂ, ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਸਾਨੂੰ ਆਪੋ-ਆਪਣੇ ਫ਼ਰਜ਼ ਪਹਿਚਾਣਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਹਰ ਗੁਰਦੁਆਰਾ ਸਾਹਿਬ ਵਿਚ ਤਿਆਰ-ਬਰ-ਤਿਆਰ ਸ਼ਸਤਰਧਾਰੀ ਪਹਿਰੇਦਾਰ ਸਿੰਘ ਜ਼ਰੂਰ ਸੇਵਾ ਵਿਚ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਲੋਕ ਸਭਾ ਤੇ ਨਿਗਮ ਚੋਣਾਂ ਦੇ ਬਾਵਜੂਦ ਜਲੰਧਰ ਨਿਗਮ ’ਚ ਅਧਿਕਾਰੀਆਂ ਤੇ ਸਟਾਫ ਦੀ ਘਾਟ ਨੂੰ ਨਹੀਂ ਕੀਤਾ ਗਿਆ ਪੂਰਾ
ਦੱਸਣਯੋਗ ਹੈ ਕਿ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਅਤੇ ਸੰਗਤ ਗੁਰੂਘਰ 'ਚ ਨਤਮਸਤਕ ਹੋ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਗੁਰੂਘਰ ਅੰਦਰ ਦਾਖ਼ਲ ਹੋ ਕੇ ਪਾਠੀ ਸਿੰਘ ਵੱਲ ਇਸ਼ਾਰਾ ਕਰਦਾ ਹੈ ਅਤੇ ਅੱਗੇ ਆ ਕੇ ਪਾਠੀ ਸਿੰਘ 'ਤੇ ਹਮਲਾ ਕਰ ਦਿੰਦਾ ਹੈ। ਗੁਰੂਘਰ ਅੰਦਰ ਪਾਠੀ ਸਿੰਘ ਨਾਲ ਇੰਝ ਉਲਝਣਾ ਬੇਹੱਦ ਮੰਦਭਾਗੀ ਘਟਨਾ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਫੁਟੇਜ 'ਚ ਦਿਖਾਈ ਦੇ ਰਿਹਾ ਹੈ ਕਿ ਅੱਗਿਓਂ ਪਾਠੀ ਸਿੰਘ ਵੀ ਤਲਵਾਰ ਕੱਢ ਲੈਂਦਾ ਹੈ।
ਇਹ ਵੀ ਪੜ੍ਹੋ : ਭਿੰਡਰਾਂਵਾਲੇ ਦੇ ਪਿੰਡ ਤੋਂ ਹੀ ਚਰਚਾ 'ਚ ਸੀ ਅੰਮ੍ਰਿਤਪਾਲ, 18 ਮਾਰਚ ਮਗਰੋਂ ਕਈ ਸੂਬਿਆਂ ਤੱਕ ਪਹੁੰਚਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।