ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿਚ ਕਿਸਾਨਾਂ ਨੇ ਪੂਰੇ ਜੋਰਾਂ-ਸ਼ੋਰਾਂ ਨਾਲ ਝੋਨਾ ਲਗਾਉਣਾ ਕੀਤਾ ਸ਼ੁਰੂ

Wednesday, Jun 10, 2020 - 07:01 PM (IST)

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿਚ ਕਿਸਾਨਾਂ ਨੇ ਪੂਰੇ ਜੋਰਾਂ-ਸ਼ੋਰਾਂ ਨਾਲ ਝੋਨਾ ਲਗਾਉਣਾ ਕੀਤਾ ਸ਼ੁਰੂ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਜਿਉਂ ਹੀ 10 ਜੂਨ ਦੀ ਸਵੇਰ ਹੋਈ ਤਾਂ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਹੀ ਖੇਤਾਂ ਵਿਚ ਚਹਿਲ-ਪਹਿਲ ਸ਼ੁਰੂ ਹੋ ਗਈ ਅਤੇ ਰੌਣਕਾ ਲੱਗ ਗਈਆ। ਭਾਵੇਂ ਕਿਸਾਨ ਵਰਗ ਨੂੰ ਇਕੋਂ ਸਮੇਂ ਤੋਂ ਝੋਨਾ ਲਗਾਉਣ ਲਈ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪਵੇਗਾ। ਪਰ ਫੇਰ ਵੀ ਕਿਸਾਨ ਪੂਰੀ ਤਨਦੇਹੀ ਨਾਲ ਝੋਨਾ ਲਗਾਉਣ ਵਿਚ ਰੁੱਝ ਗਏ ਹਨ। ਜਿਨਾਂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਝੋਨਾ ਲਗਾਉਣਾ ਸੀ, ਉਹਨਾਂ ਕਿਸਾਨਾਂ ਨੇ ਝੋਨਾ ਲਾਉਣ ਲਈ ਪਨੀਰੀ ਪਹਿਲਾਂ ਹੀ ਤਿਆਰ ਕਰ ਲਈ ਸੀ। ਪਨੀਰੀ ਨੂੰ ਸਮੇਂ ਸਿਰ ਪਾਣੀ ਲਗਾਇਆ ਗਿਆ ਸੀ ਅਤੇ ਉਸ ਤੇ ਕੀਟਨਾਸ਼ਕ ਦਵਾਈ ਦਾ ਸਪਰੇਅ ਵੀ ਕੀਤਾ ਗਿਆ ਸੀ। ਹੁਣ ਇਸ ਪਨੀਰੀ ਨੂੰ ਪੁੱਟ ਕੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਝੋਨਾ ਲਗਾਉਣ ਲਈ ਇਸ ਵਾਰ ਰਲਵੀਂ-ਮਿਲਵੀਂ ਲੇਬਰ ਮਿਲੀ ਹੈ। ਕਿਉਂਕਿ ਪ੍ਰਵਾਸੀ ਮਜਦੂਰ ਪਿਛਲੇਂ ਸਾਲਾਂ ਨਾਲੋਂ ਬਹੁਤ ਘੱਟ ਪੁੱਜੇ ਹਨ ਅਤੇ ਜਿਆਦਾਤਰ ਇਧਰ ਦੀ ਲੇਬਰ ਹੀ ਝੋਨਾ ਲਾਉਣ ਲਈ ਖੇਤਾਂ ਵਿਚ ਪੁੱਜੀ ਹੋਈ ਸੀ। ਕਿਸਾਨਾਂ ਦੇ ਦੱਸਣ ਅਨੁਸਾਰ ਝੋਨੇ ਦੀ ਲਵਾਈ ਤੇ ਲੇਬਰ ਦਾ ਜੋ ਖਰਚਾ ਆ ਰਿਹਾ ਹੈ, ਉਹ ਕਿਧਰੇ 2500 ਰੁਪਏ ਹੈ ਤੇ ਕਿਧਰੇ 2700 ਰੁਪਏ ਹੈ। ਜ਼ਿਲ੍ਹੇ ਦੇ ਅਨੇਕਾਂ ਪਿੰਡ ਅਜਿਹੇ ਹਨ ਜਿੱਥੇ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਨਹਿਰੀ ਪਾਣੀ ਦੀ ਕਾਫ਼ੀ ਘਾਟ ਰੜਕ ਰਹੀ ਹੈ। ਖਾਸ ਕਰਕੇ ਟੇਲਾਂ 'ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਲਈ ਤਾਂ ਹੋਰ ਵੀ ਸਮੱਸਿਆ ਹੈ। ਪਰ ਇਸ ਦੇ ਬਾਵਜੂਦ ਵੀ ਕਿਸਾਨ ਝੋਨਾ ਲਗਾਉਣ ਲਈ ਮਜਬੂਰ ਹਨ।

ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਪਾਵਰਕਾਮ ਮਹਿਕਮੇਂ ਨੇ ਪਿਛਲੇਂ ਕਈ ਹਫ਼ਤਿਆਂ ਤੋਂ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਿਊਬਵੈਲਾਂ ਦੀਆਂ ਮੋਟਰਾਂ ਵਾਲੀ ਬਿਜਲੀ 'ਤੇ ਵੱਡਾ ਕੱਟ ਲਗਾਇਆ ਹੋਇਆ ਸੀ । ਕਿਸਾਨਾਂ ਦਾ ਪੱਖ ਹੈ ਕਿ ਪਾਵਰਕਾਮ ਮਹਿਕਮਾ 8 ਘੰਟੇ ਦੀ ਬਜਾਏ
ਦਿਨ ਵਿਚ 16 ਘੰਟੇ ਟਿਊਬਵੈਲਾਂ ਬਿਜਲੀ ਦੇਵੇ ਤਾਂ ਹੀ ਝੋਨੇ ਲਈ ਪਾਣੀ ਮਸਾ ਪੂਰਾ ਆਵੇਗਾ।  ਝੋਨਾ ਲਗਾਉਣ ਲਈ ਖੇਤਾਂ ਵਿਚ ਪਾਣੀ ਠੱਲਣ ਵਾਸਤੇ ਕਿਸਾਨਾਂ ਨੂੰ ਕਈ ਤਰਾਂ ਦੇ ਪਾਪੜ ਵੇਲਣੇ ਪੈ ਰਹੇ ਹਨ।  ਇਕ ਪਾਸੇ ਪੰਜਾਬ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਦਾਅਵੇ ਕਰ ਰਹੀ ਹੈ। ਪਰ ਦੂਜੇ ਪਾਸੇ ਪਹਿਲਾਂ ਹੀ ਆਰਥਿਕ ਤੌਰ ਤੇ ਬੇਹੱਦ ਪੱਛੜ ਚੁੱਕੇ ਖੇਤੀ ਧੰਦੇ ਤੇ ਕੋਈ ਨਾ ਕੋਈ ਸੱਟ ਵੱਜਦੀ ਹੀ ਰਹਿੰਦੀ ਹੈ ਤੇ ਕਿਸਾਨ ਬੇਹੱਦ ਤੰਗ ਪ੍ਰੇਸ਼ਾਨ ਹੋ ਜਾਂਦੇ ਹਨ।

ਇਸ ਵੇਲੇ ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਵੱਖ ਵੱਖ ਖੇਤਾਂ ਵਿਚ ਜਾ ਕੇ ਵੇਖਿਆ ਗਿਆ ਤਾਂ ਪਤਾ ਲੱਗਾ ਕਿ ਅਨੇਕਾਂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਡੀਜ਼ਲ ਇੰਜਣ ਰੱਖੇ ਹੋਏ ਹਨ ਤੇ ਇਹ ਡੀਜ਼ਲ ਇੰਜਣ ਨੂੰ ਚਲਾ ਕੇ ਹੀ ਟਿਊਬਵੈੱਲਾ ਰਾਂਹੀ ਆਪਣੇ ਝੋਨਾ ਲਾਉਣ ਲਈ ਪਾਣੀ ਭਰਿਆ ਜਾ ਰਿਹਾ ਸੀ। ਮੌਕੇ 'ਤੇ ਮੌਜੂਦ ਕਿਸਾਨਾਂ ਦਾ ਕਹਿਣਾ ਸੀ ਕਿ ਲਗਭਗ 70 ਰੁਪਏ ਪ੍ਰਤੀ ਲੀਟਰ ਡੀਜਲ ਬਾਲ ਕੇ ਝੋਨੇ ਨੂੰ ਪਾਣੀ ਪੂਰਾ ਕਰਨਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ। ਇਸ ਤੋਂ ਇਲਾਵਾ ਕੁਝ ਕਿਸਾਨਾਂ ਨੇ ਟਿਊਬਵੈਲ ਚਲਾਉਣ ਲਈ ਜਰਨੇਟਰ ਵੀ ਚਲਾਏ ਹੋਏ ਸਨ ਤੇ ਇਹਨਾਂ 'ਤੇ ਵੀ ਮਹਿੰਗੇ ਭਾਅ ਦਾ ਡੀਜਲ ਫੂਕਿਆ ਜਾ ਰਿਹਾ ਸੀ। ਜਿੰਨਾਂ ਪਿੰਡਾਂ ਦੀਆਂ ਜਮੀਨਾਂ ਵਿਚ ਧਰਤੀ ਹੇਠਲਾਂ ਪਾਣੀ  ਕੌੜਾ ਤੇ ਸ਼ੋਰੇ ਵਾਲਾ ਹੈ ਅਤੇ ਜ਼ਮੀਨਾਂ ਨੂੰ ਬੰਜਰ ਬਣਾਉਦਾ ਹੈ, ਉਹਨਾਂ ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਵਿਚ ਟਿਊਬਵੈਲ ਵੀ ਨਹੀਂ ਲਗਵਾ ਸਕਦੇ। ਠੇਕੇ ਤੇ ਜਮੀਨਾਂ ਲੈ ਕੇ ਖੇਤੀ ਧੰਦਾ ਕਰਨ ਵਾਲਿਆਂ ਲਈ ਤਾਂ ਹੋਰ ਵੀ ਔਖਾ ਹੈ, ਕਿਉਂਕਿ ਪਾਣੀ ਤੋਂ ਬਿਨਾਂ ਫ਼ਸਲਾਂ ਪਾਲਣੀਆ ਬਹੁਤ ਔਖੀਆ ਹਨ। 

ਖੇਤੀ ਧੰਦੇ ਨੂੰ ਲਾਹੇਵੰਦ ਬਨਾਉਣ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦੇ ਨਾਗਰਿਕਾ ਲਈ ਅੰਨ ਭੰਡਾਰ ਪੈਦਾ ਕਰਦਾ ਹੈ। ਇਸ ਕਰਕੇ ਕਿਸਾਨਾਂ ਨੂੰ ਫ਼ਸਲਾਂ ਲਈ ਪੂਰਾ ਨਹਿਰੀ ਪਾਣੀ ਤੇ ਪੂਰੀ ਬਿਜਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਜਬਾਹਿਆਂ ਤੇ ਕੱਸੀਆ ਵਿਚ ਲੱਗੇ ਮੋਘਿਆ ਦਾ ਅਕਾਰ ਵਧਾਇਆ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਲਈ ਸਸਤੇ ਭਾਅ ਡੀਜ਼ਲ ਮੁਹੱਈਆ ਕਰਵਾਇਆ ਜਾਵੇ। ਕਿਉਂਕਿ ਕਿਸਾਨ ਵਰਗ ਪਹਿਲਾਂ ਹੀ ਆਰਥਿਕ ਤੌਰ ਤੇ ਬੁਰਾ ਤਰ੍ਹਾਂ ਪਛੜਿਆ ਪਿਆ ਹੈ ਤੇ ਕਰਜ਼ੇ ਦੇ ਬੋਝ ਹੇਠਾਂ ਆ ਕੇ ਖੁਦਕਸ਼ੀਆ ਦੇ  ਰਾਹ ਤੁਰਿਆ ਹੋਇਆ ਹੈ।

ਕੀ ਕਹਿਣਾ ਹੈ ਕਿਸਾਨ ਜਥੇਬੰਦੀਆ ਦੇ ਆਗੂਆਂ ਦਾ 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਦਿੱਤਾ ਸਿੰਘ ਭਾਗਸਰ, ਜ਼ਿਲ੍ਹਾ ਸੀ੍ਰ ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਰਾਜਾ ਸਿੰਘ ਮਹਾਂਬੱਧਰ, ਸੁਖਰਾਜ ਸਿੰਘ ਰਹੂੜਿਆਂਵਾਲੀ , ਕਾਮਰੇਡ ਜਗਦੇਵ ਸਿੰਘ, ਹਰਫੂਲ ਸਿੰਘ ਅਤੇ ਨਰਿੰਦਰ ਸਿੰਘ ਮਹਾਂਬੱਧਰ ਨੇ ਕਿਹਾ ਹੈ ਕਿ ਖੇਤੀ ਧੰਦੇ ਨੂੰ ਲਾਹੇਵੰਦ ਬਨਾਉਣ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦੇ ਨਾਗਰਿਕਾ ਲਈ ਅੰਨ ਭੰਡਾਰ ਪੈਦਾ ਕਰਦਾ ਹੈ। ਇਸ ਕਰਕੇ ਕਿਸਾਨਾਂ ਨੂੰ ਫ਼ਸਲਾਂ ਲਈ ਪੂਰਾ ਨਹਿਰੀ ਪਾਣੀ ਤੇ ਪੂਰੀ ਬਿਜਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਰਜਬਾਹਿਆਂ ਤੇ ਕੱਸੀਆ ਵਿਚ ਲੱਗੇ ਮੋਘਿਆ ਦਾ ਅਕਾਰ ਵਧਾਇਆ ਜਾਵੇ। ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਆਂ ਕੱਸੀਆਂ ਕੱਢੀਆਂ ਜਾਣ। ਨਹਿਰੀ ਪਾਣੀ ਦੀ ਝੋਨੇ ਦੇ ਸ਼ੀਜਨ ਵਿਚ ਨਹਿਰ ਵਿਭਾਗ ਵੱਲੋਂ ਬੰਦੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਲਈ ਸਸਤੇ ਭਾਅ ਡੀਜਲ ਮੁਹੱਈਆ ਕਰਵਾਇਆ ਜਾਵੇ। ਕਿਉਂਕਿ ਕਿਸਾਨ ਵਰਗ ਪਹਿਲਾਂ ਹੀ ਆਰਥਿਕ ਤੌਰ ਤੇ ਬੁਰਾ ਤਰ੍ਹਾਂ ਪਛੜਿਆ ਪਿਆ ਹੈ ਤੇ ਕਰਜ਼ੇ ਦੇ ਬੋਝ ਹੇਠਾਂ ਆ ਕੇ ਖੁਦਕਸ਼ੀਆ ਦੇ  ਰਾਹ ਤੁਰਿਆ ਹੋਇਆ ਹੈ ਤੇ ਉੱਤੋਂ ਮਹਿੰਗੇ ਭਾਅ ਦਾ ਡੀਜਲ ਉਹਨਾਂ ਨੂੰ ਖਰੀਦਣਾ ਪੈ ਰਿਹਾ ਹੈ।

ਝੋਨੇ ਦੇ ਮੁਕਾਬਲੇ ਨਰਮੇ ਦੀ ਬਜਾਈ ਹੋਈ ਹੈ ਘੱਟ

ਭਾਵੇਂ ਇਹ ਰੌਲਾ ਨਿੱਤ ਰੋਜ ਪਾਇਆ ਜਾ ਰਿਹਾ ਹੈ ਕਿ ਦਿਨੋਂ ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਅਤੇ ਪਾਣੀ ਬਹੁਤ ਹੇਠਾਂ ਚਲਾ ਗਿਆ ਹੈ। ਜਿਹਡ਼ਾ ਕਿ ਆਉਣ ਵਾਲੇ ਸਮੇਂ ਲਈ ਭਾਰੀ ਖਤਰਾ ਬਣ ਸਕਦਾ ਹੈ। । ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹਾ ਸੀ੍ਰ ਮੁਕਤਸਰ ਸਾਹਿਬ ਵਿਚ ਝੋਨੇ ਦੇ ਮੁਕਾਬਲੇ ਨਰਮੇ ਦੀ ਬਜਾਈ ਬਹੁਤ ਘੱਟ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਨਰਮੇ ਦਾ ਬੀਜ , ਕੀਟਨਾਸ਼ਕ ਦਵਾਈਆਂ ਅਤੇ ਰਸਾਇਣਿਕ ਖਾਦਾਂ ਤੋਂ ਇਲਾਵਾ ਖੇਦੀ ਧੰਦੇ ਵਿਚ ਵਰਤੋਂ ਆਉਣ ਵਾਲੀਆਂ ਹੋਰ ਚੀਜਾਂ ਸਸਤੇ ਭਾਅ  ਮੁਹੱਈਆ ਕਰਵਾਵੇ,  ਨਰਮੇ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ ਲਾਭ ਦੇਵੇ ਤਾਂ ਨਰਮੇ ਹੇਠਲਾ ਰਕਬਾ ਵੱਧ ਸਕਦਾ ਹੈ। ਬਸ ਲੋੜ ਹੈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀ।


author

Harinder Kaur

Content Editor

Related News