ਪੰਜਾਬ ’ਚ ਕਿਸਾਨ ਧਰਨਿਆਂ ਦੇ 200 ਦਿਨ ਪੂਰੇ, ਕਾਨੂੰਨ ਰੱਦ ਕਰਵਾਉਣ ਦਾ ਜ਼ਜ਼ਬਾ ਬਰਕਰਾਰ
Monday, Apr 19, 2021 - 12:36 AM (IST)
ਚੰਡੀਗੜ੍ਹ,(ਰਮਨਜੀਤ)- ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨਿਆਂ ਦੇ 200 ਦਿਨ ਪੂਰੇ ਹੋ ਗਏ ਹਨ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜ਼ਜ਼ਬਾ ਬਰਕਰਾਰ ਹੈ। ਹਾੜੀ ਦੇ ਸੀਜ਼ਨ ਦੇ ਬਾਵਜੂਦ ਪੰਜਾਬ ਭਰ ਵਿਚ 68 ਥਾਵਾਂ-ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਵਿਚ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜ ਰਹੇ ਹਨ। ਪੰਜਾਬ ਤੋਂ ਦਿੱਲੀ ਲਈ ਵੀ ਕਾਫ਼ਲੇ ਲਗਾਤਾਰ ਰਵਾਨਾ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆਵਾਜ਼ ਵਿਸ਼ਵ ਪੱਧਰ ’ਤੇ ਗੂੰਜੀ ਹੈ ਪਰ ਤਾਨਾਸ਼ਾਹੀ ਰਵੱਈਏ ’ਤੇ ਉਤਰੀ ਕੇਂਦਰ ਸਰਕਾਰ ਕਾਨੂੰਨ ਵਿਚ ਗਲਤੀਆਂ ਮੰਨਣ ਦੇ ਬਾਵਜੂਦ ਰੱਦ ਕਰਨ ਤੋਂ ਮਨ੍ਹਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਧਰਨੇ ਦੇ 200ਵੇਂ ਦਿਨ ਵੀ ਇਨ੍ਹਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਅੰਦੋਲਨ ਨੂੰ ਜਿੱਤ ਕੇ ਹੀ ਵਾਪਸ ਘਰ ਜਾਣ ਦਾ ਤਹੱਈਆ ਕਰੀ ਬੈਠੇ ਹੋਏ ਹਨ। ਆਗੂਆਂ ਨੇ ਕਿਹਾ ਕਿ ਦਿਨਾਂ ਦੀ ਗਿਣਤੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ। ਸਾਡਾ ਇਕੋ ਇਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ, ਜਿਸ ਲਈ ਚਾਹੇ ਸਾਨੂੰ ਆਪਣਾ ਅੰਦੋਲਨ ਕਿੰਨੇ ਵੀ ਲੰਬੇ ਸਮੇਂ ਲਈ ਕਿਉਂ ਨਾ ਚਲਾਉਣਾ ਪਵੇ। ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨ ਥੱਕ ਹਾਰ ਕੇ ਵਾਪਸ ਚਲੇ ਜਾਣ। ਉਹ ਸਾਡਾ ਸਿਦਕ ਤੇ ਸਿਰੜ ਪਰਖਣਾ ਚਾਹੁੰਦੇ ਹਨ ਅਤੇ ਅਸੀਂ ਇਸ ਪਰਖ ਵਿਚ ਜ਼ਰੂਰ ਕਾਮਯਾਬ ਹੋਵਾਂਗੇ।