ਲੋਕ ਸਭਾ ਚੋਣਾਂ 'ਚ ਵੱਧ ਸੀਟਾਂ ਹਾਸਲ ਕਰਨ ਲਈ ‘ਆਪ’ ਤੇ ਕਾਂਗਰਸ ਦਬਾਅ ਦੀ ਸਿਆਸਤ ਕਰਨ ’ਚ ਜੁਟੀਆਂ

12/20/2023 12:06:20 PM

ਜਲੰਧਰ (ਧਵਨ)–ਲੋਕ ਸਭਾ ਦੀਆਂ 2024 ਦੇ ਸ਼ੁਰੂ ’ਚ ਹੋਣ ਵਾਲੀਆਂ ਆਮ ਚੋਣਾਂ ਨੂੰ ਲੈ ਕੇ ਸੀਟਾਂ ਦੇ ਤਾਲਮੇਲ ’ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਰਸਮੀ ਤੌਰ ’ਤੇ ਗੱਲਬਾਤ ਸ਼ੁਰੂ ਹੋਣੀ ਹੈ ਪਰ ਦੋਵੇਂ ਪਾਰਟੀਆਂ ਇਸ ਵੇਲੇ ਇਕ-ਦੂਜੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ’ਚ ਲੱਗੀਆਂ ਹੋਈਆਂ ਹਨ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵਿਚ ਵੀ ਇਸ ਗੱਲ ’ਤੇ ਉਤਸੁਕਤਾ ਪੈਦਾ ਹੋਈ ਹੈ ਕਿ ਉਸ ਨੂੰ ਸੂਬਾ ਪੱਧਰ ’ਤੇ ਵੱਖ-ਵੱਖ ਪਾਰਟੀਆਂ ਨਾਲ ਸੀਟਾਂ ਦਾ ਤਾਲਮੇਲ ਕਰਨਾ ਚਾਹੀਦਾ ਹੈ।

ਪੰਜਾਬ ’ਚ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਕੌਮੀ ਪੱਧਰ ’ਤੇ ਕਾਂਗਰਸ ਨੇ ਸਹਿਯੋਗੀ ਪਾਰਟੀਆਂ ਨਾਲ ਸੀਟਾਂ ਦਾ ਤਾਲਮੇਲ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਦੂਜੇ ਪਾਸੇ ਪੰਜਾਬ ’ਚ ਵੀ ਸੀਟਾਂ ਦੇ ਤਾਲਮੇਲ ’ਤੇ ਵੱਖ-ਵੱਖ ਰਾਵਾਂ ਚੱਲ ਰਹੀਆਂ ਹਨ ਪਰ ਸਿਆਸਤ ’ਤੇ ਪੈਨੀ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਲੀਡਰਸ਼ਿਪ ਜੇ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਸੀਟਾਂ ਦੇ ਤਾਲਮੇਲ ਲਈ ਕਹੇਗੀ ਤਾਂ ਉਸ ਨੂੰ ਮੰਨਣਾ ਹੀ ਪਵੇਗਾ। ਪੰਜਾਬ ’ਚ ਇਸ ਵੇਲੇ ਹਾਲਾਂਕਿ ‘ਆਪ’ ਤੇ ਕਾਂਗਰਸ ਦੋਵੇਂ ਵੱਖ-ਵੱਖ ਚੋਣ ਲੜਨ ਦੀਆਂ ਗੱਲਾਂ ਕਰ ਰਹੀਆਂ ਹਨ ਪਰ ਦੋਵਾਂ ਪਾਰਟੀਆਂ ਦੇ ਨੇਤਾ ਅੰਦਰਖਾਤੇ ਇਹ ਗੱਲ ਮੰਨਦੇ ਹਨ ਕਿ ਸੀਟਾਂ ਦਾ ਤਾਲਮੇਲ ਕਰਨਾ ਦੋਵਾਂ ਪਾਰਟੀਆਂ ਦੇ ਪੱਖ ਵਿਚ ਹੋਵੇਗਾ ਅਤੇ ਇੰਝ ਕਰਨ ਨਾਲ ਉਹ ਸੂਬੇ ਦੀਆਂ ਸਾਰੀਆਂ 13 ਸੀਟਾਂ ਦੇ ਨਾਲ-ਨਾਲ ਚੰਡੀਗੜ੍ਹ ਦੀ ਸੀਟ ਵੀ ਜਿੱਤ ਸਕਣਗੇ, ਨਹੀਂ ਤਾਂ ਉਨ੍ਹਾਂ ਦੀਆਂ ਵੋਟਾਂ ਵੰਡੇ ਜਾਣ ਦਾ ਫਾਇਦਾ ਹੋਰ ਪਾਰਟੀਆਂ ਨੂੰ ਮਿਲ ਜਾਵੇਗਾ। ਅਜੇ ‘ਆਪ’ ਕਹਿ ਰਹੀ ਹੈ ਕਿ ਸੂਬੇ ਵਿਚ ਉਸ ਦੇ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਲਈ ਸੀਟਾਂ ਦਾ ਤਾਲਮੇਲ ਕਰਨ ਵੇਲੇ ਉਸ ਦੇ ਹਿੱਸੇ ਵਿਚ ਵੱਧ ਸੀਟਾਂ ਆਉਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ

ਦੂਜੇ ਪਾਸੇ ਕਾਂਗਰਸ ਦੇ ਨੇਤਾ ਦੱਬੀ ਜ਼ੁਬਾਨ ’ਚ ਇਹ ਵੀ ਕਹਿ ਰਹੇ ਹਨ ਕਿ ਜੇ ਸੀਟਾਂ ਦਾ ਤਾਲਮੇਲ ਹੁੰਦਾ ਹੈ ਤਾਂ ਦੋਵਾਂ ਪਾਰਟੀਆਂ ਦੇ ਹਿੱਸੇ ਵਿਚ ਅੱਧੀਆਂ-ਅੱਧੀਆਂ ਸੀਟਾਂ ਆਉਣਗੀਆਂ। ਇਹ ਫਾਰਮੂਲਾ ਬਿਹਤਰ ਸਾਬਤ ਹੋ ਸਕਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੇ ਪੱਧਰ ’ਤੇ ਚੋਣਾਂ ਦੀ ਤਿਆਰੀ ਵਿਚ ਜੁਟੀ ਹੋਈ ਹੈ ਅਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਲਗਾਤਾਰ ਵੱਖ-ਵੱਖ ਲੋਕ ਸਭਾ ਸੀਟਾਂ ’ਤੇ ਵਿਕਾਸ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਰੈਲੀਆਂ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਬਠਿੰਡਾ ’ਚ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਸੰਵਿਧਾਨ ’ਚ ਨਹੀਂ ਹੈ ਡਿਪਟੀ CM ਅਹੁਦੇ ਦਾ ਜ਼ਿਕਰ ਪਰ ਸਿਆਸੀ ਪਾਰਟੀਆਂ ਨੂੰ ਖੂਬ ‘ਸੂਟ’ ਕਰ ਰਿਹਾ ਹੈ ਇਹ ਅਹੁਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News