ਸ੍ਰੀ ਮੁਕਤਸਰ ਸਾਹਿਬ ''ਚ ਮਿਲੀ ਪਾਣੀ ''ਚ ਕੈਮੀਕਲ ਮਿਲਾਉਣ ਦੀ ਧਮਕੀ, ਜ਼ਿਲਾ ਪ੍ਰਸ਼ਾਸ਼ਨ ਦੀ ਉੱਡੀ ਨੀਂਦ
Thursday, Mar 15, 2018 - 01:28 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਅਣਪਛਾਤੇ ਲੋਕਾਂ ਵੱਲੋਂ ਵਾਟਰ ਵਰਕਸ ਵਿਭਾਗ ਦੀਆਂ ਡਿੱਗੀਆਂ 'ਚ ਕਿਸੇ ਤਰ੍ਹਾ ਦਾ ਖਤਰਨਾਕ ਕੈਮੀਕਲ ਮਿਲਾਉਣ ਦੀ ਚਿਤਾਵਨੀ ਲਿਖਤੀ ਸੁੱਟੇ ਗਏ ਪੰਫਲੇਟ ਦਾ ਮਾਮਲਾ ਠੰਡਾ ਪੈਣ ਦੀ ਜਗ੍ਵ੍ਹਾ ਹੋਰ ਗਰਮਾਉਣ ਲੱਗਿਆ ਹੈ। ਸ਼ਰਾਰਤੀ ਅਨਸਰ ਨੇ ਦੁਬਾਰਾ ਫਿਰ ਬੀਤੇ ਦਿਨੀਂ ਸ਼ਹਿਰ ਦੇ ਅਬੋਹਰ ਰੋਡ ਅਤੇ ਕੁਝ ਕੁ ਘਰਾਂ 'ਚ ਪੰਫਲੇਟ ਸੁੱਟ ਦਿੱਤੇ ਸਨ। ਪਰੰਤੂ ਇਸ ਵਾਰ ਸੁੱਟੇ ਇਹਨਾਂ ਪੰਫਲੇਟਾਂ ਨੇ ਵਿਭਾਗ ਦੇ ਨਾਲ ਹੀ ਜ਼ਿਲਾ ਪ੍ਰਸਾਸ਼ਨ ਦੀ ਨੀਂਦ ਵੀ ਉਡਾ ਦਿੱਤੀ ਹੈ। ਕਿਉਂਕਿ ਸ਼ਰਾਰਤੀ ਅਨਸਰ ਅਜੇ ਤੱਕ ਟਰੇਸ ਨਹੀਂ ਹੋ ਸਕੇ ਹਨ। ਉਸ 'ਤੇ ਹੁਣ ਦੁਬਾਰਾ ਵੀ ਪੰਫਲੇਟ ਸੁੱਟਣ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਹੈ ਪਰ ਇਸ ਵਾਰ ਸ਼ਹਿਰੀ ਨਿਵਾਸੀਆਂ ਦੀ ਜਾਨ ਦੇ ਨਾਲ ਜੁੜੇ ਇਸ ਮਾਮਲੇ ਨੂੰ ਲੈ ਕੇ ਵਾਟਰ ਵਰਕਸ ਵਿਭਾਗ ਨਾਲ ਹੀ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਸ ਪ੍ਰਸ਼ਾਸ਼ਨ ਵੀ ਖਾਸਾ ਹਰਕਤ 'ਚ ਆ ਗਿਆ ਹੈ।
ਵਾਟਰ ਵਰਕਸ ਵਿਭਾਗ ਨੇ ਪੰਫਲੇਟ ਮਿਲਣ ਦੇ ਦਿਨ ਅਰਥਾਤ ਕਰੀਬ ਪੰਜ ਦਿਨ ਪਹਿਲਾਂ ਸ਼ਹਿਰ 'ਚ ਜਲ ਪੂਰਤੀ ਨੂੰ ਬੰਦ ਕਰਦੇ ਹੋਏ ਸਿਹਤ ਵਿਭਾਗ ਤੋਂ ਭਰਵਾਏ ਗਏ ਪਾਣੀ ਦੇ ਸੈਂਪਲ ਨੂੰ ਜਲਦ ਟੈਸਟ ਕਰਵਾਉਣ ਦੇ ਲਈ ਬਾਏਹੈਂਡ ਚੰਡੀਗੜ੍ਹ ਲੈਬੋਰਟਰੀ ਭੇਜ ਦਿੱਤਾ ਗਿਆ ਹੈ। ਰਿਪੋਰਟ ਵੀਰਵਾਰ ਨੂੰ ਆਉਣ ਦੀ ਸੰਭਾਵਨਾ ਹੈ। ਵਾਟਰ ਵਰਕਸ ਵਿਭਾਗ ਨੇ ਤੁਰੰਤ ਇਸ ਮਾਮਲੇ ਨੂੰ ਜ਼ਿਲਾ ਪ੍ਰਸ਼ਾਸ਼ਨ ਦੇ ਧਿਆਨ 'ਚ ਲਿਆਉਂਦੇ ਹੋਹੇ ਪੁਲਸ ਪ੍ਰਸ਼ਾਸ਼ਨ ਤੋਂ ਜਲ ਘਰ 'ਚ ਸਕਿਊਰਟੀ ਵਧਾਉਣ ਦੀ ਖਾਸ ਅਪੀਲ ਵੀ ਕੀਤੀ ਹੈ। ਸੈਂਪਲਿੰਗ ਦੀ ਰਿਪੋਰਟ ਆਉਣ ਦੇ ਬਾਅਦ ਹੀ ਜਲ ਪੂਰਤੀ ਦੇਣ ਦਾ ਫੈਸਲਾ ਲਿਆ ਗਿਆ ਹੈ। ਕਰੀਬ ਇਕ ਮਹੀਨਾ ਪਹਿਲਾ ਅਜਿਹੇ ਹੀ ਚਿਤਾਵਨੀ ਲਿਖਤੀ ਪੰਫਲੇਟ ਸ਼ਹਿਰ ਦੇ ਬਜ਼ਾਰਾਂ 'ਚ ਸੁੱਟੇ ਗਏ ਸਨ। ਦੁਬਾਰਾ ਫਿਰ ਪਹਿਲਾ ਵਰਗੇ ਸੁੱਟੇ ਇਹਨਾਂ ਪੰਫਲੇਟਾਂ ਨੂੰ ਸਬੰਧਿਤ ਵਿਭਾਗ ਦੇ ਗਲੇ ਦੀ ਹੱਡੀ ਬਣਦੇ ਹੋਏ ਦਿਖਾਈ ਦੇਣ ਲੱਗੇ ਹਨ।
ਰਿਪੋਰਟ ਆਉਣ ਦੇ ਬਾਅਦ ਸਪਲਾਈ ਹੋਵੇਗੀ ਸ਼ੁਰੂ
ਵਿਭਾਗ ਦੇ ਐਕਸੀਅਨ ਆਰ.ਕੇ. ਗੁਪਤਾ ਨੇ ਦੱਸਿਆ ਕਿ ਚਿਤਾਵਨੀ ਭਰੇ ਪੰਫਲੇਟ ਮਿਲਣ ਦੇ ਕਾਰਨ ਪਾਣੀ ਸਪਲਾਈ ਨੂੰ ਬੰਦ ਕਰਕੇ ਸਿਹਤ ਵਿਭਾਗ ਤੋਂ ਸੈਂਪਲ ਭਰਵਾਏ ਗਏ ਹਨ। ਵੀਰਵਾਰ ਨੂੰ ਰਿਪੋਰਟ ਆਉਣ ਦੇ ਬਾਅਦ ਹੀ ਸਪਲਾਈ ਸ਼ੁਰੂ ਕਰਵਾਉਣ ਦਾ ਫੈਸਲਾ ਲਿਆ ਜਾਵੇਗਾ। ਉਹਨਾਂ ਦੇ ਅਨੁਸਾਰ ਸ਼ਹਿਰ ਨਿਵਾਸੀਆਂ ਦੀ ਜਾਨ ਦੇ ਨਾਲ ਜੁੜਿਆ ਹੋਣ ਕਾਰਨ ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਸ਼ਰਾਰਤ ਕਰਨ ਵਾਲੇ ਵਿਅਕਤੀ ਅਜੇ ਤੱਕ ਟਰੇਸ ਨਹੀਂ ਹੋ ਸਕੇ ਹਨ।
ਜਿੰਨੀ ਜਰੂਰਤ ਪਈ ਉਨ੍ਹੀ ਹੀ ਭੇਜਾਂਗੇ ਸਕਿਊਰਟੀ
ਉਧਰ ਐਸਐਸਪੀ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਮਾਮਲਾ ਸ਼ਹਿਰ ਨਿਵਾਸੀਆਂ ਦੀ ਜਾਨ ਦੇ ਨਾਲ ਜੁੜਿਆ ਹੋਇਆ ਹੈ। ਅਜਿਹੇ 'ਚ ਵਿਭਾਗ ਵੱਲੋਂ ਸੁਰੱਖਿਆ ਦੇ ਲਈ ਜਿੰਨੀ ਵੀ ਸਕਿਊਰਟੀ ਦੀ ਮੰਗ ਕੀਤੀ ਜਾਵੇਗੀ, ਉਨ੍ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ।