ਸਹੁਰੇ ਘਰ ’ਚ ਜਵਾਈ ਦੀ ਡੰਡਿਆਂ ਨਾਲ ਕੁੱਟਮਾਰ, ਪਹੁੰਚਿਆ ਮੌਤ ਦੀ ਬਰੂਹੇ
Friday, Jul 02, 2021 - 06:24 PM (IST)
ਲੁਧਿਆਣਾ (ਜ.ਬ.) : ਸਹੁਰੇ ਘਰ ਵਿਚ ਜਵਾਈ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜੋ ਕਿ (ਜਵਾਈ) ਇਸ ਸਮੇਂ ਜ਼ਿੰਦਗੀ-ਮੌਤ ਦੇ ਨਾਲ ਹਸਪਤਾਲ ਵਿਚ ਜੂਝ ਰਿਹਾ ਹੈ। ਮਾਜਰਾ ਥਾਣਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਇਲਾਕਾ ਗੋਬਿੰਦਸਰ ਨਗਰ ਦਾ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਖਮੀ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਵਿਆਹ ਨੂੰ 9 ਸਾਲ ਹੋ ਗਏ ਸਨ ਅਤੇ ਉਨ੍ਹਾਂ ਦੇ ਕੋ ਬੱਚੇ ਬੇਟਾ ਤੇ ਬੇਟੀ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਭਾਬੀ ਆਪਣੇ ਪੇਕੇ ਗਈ ਹੋਈ ਸੀ ਅਤੇ ਜਦੋਂ ਮੇਰਾ ਭਰਾ ਬਲਜੀਤ ਸਿੰਘ ਆਪਣੇ ਬੇਟੇ ਨੂੰ ਲੈ ਕੇ 27 ਜੂਨ ਦੀ ਰਾਤ 9.30 ਵਜੇ ਗਿਆ ਤਾਂ ਉਥੇ ਭਾਬੀ ਦੇ ਨਾਲ ਕੁਝ ਗੱਲਬਾਤ ’ਤੇ ਤਕਰਾਰ ਹੋ ਗਈ ਜਿਸ ’ਤੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ 10-12 ਮੁਜਰਮਾਂ ਨੇ ਹਥਿਆਰਾਂ ਤੇ ਬੇਸਵਾਲ ਦੇ ਡੰਡਿਆਂ ਨਾਲ ਭਰਾ ’ਤੇ ਧਾਵਾ ਬੋਲ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਜਦੋਂ ਕਿ ਉਹ ਇਕੱਲਾ ਸੀ।
ਸੂਚਨਾ ਮਿਲਣ ’ਤੇ ਹਰਜੀਤ ਸਿੰਘ ਭਰਾ ਦੇ ਸਹੁਰਾ ਪੁੱਜਾ ਤਾਂ ਮੌਕੇ ‘ਤੇ ਭਰਾ ਨੂੰ ਲਹੁ ਲੂਹਾਨ ਦੇਖ ਕੇ ਸਿਵਲ ਹਸਪਤਾਲ ਵਿਚ ਇਲਾਜ ਲਈ ਤੁਰੰਤ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿਊਰੋ ਸੈਂਟਰ ਵਿਚ ਰੈਫਰ ਕਰ ਦਿੱਤਾ ਜਿਥੇ ਉਸ ਦਾ ਅਪ੍ਰੇਸ਼ਨ ਕੀਤਾ ਗਿਆ।
ਥਾਣਾ ਸ਼ਿਮਲਾਪੁਰੀ ਪੁਲਸ ਨੇ ਹਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗੋਬਿੰਦਸਰ ਨਿਊ ਸ਼ਿਮਲਾਪੁਰੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸਿਮਰਨਜੀਤ ਸਿੰਘ, ਮਹਿੰਦਰ ਸਿੰਘ, ਬਬਲੀ, ਜਸਵਿੰਦਰ ਕੌਰ, ਦਲਜੀਤ ਕੌਰ ਅਤੇ 10-12 ਅਣਪਛਾਤੇ ਮੁਲਜ਼ਮਾਂ ਵਿਰੁੱਧ 323, 341, 506, 148,149 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰੰਜੀਵ ਕੁਮਾਰ ਨੇ ਦੱਸਿਆ ਕਿ ਪਤੀ-ਪਤਨੀ ਵਿਚ ਆਪਸੀ ਤੂੰ-ਤੂੰ ਮੈਂ-ਮੈਂ ਹੋਣ ’ਤੇ ਸਹੁਰੇ ਘਰ ਵਿਚ ਦਾਮਾਦ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਜੋ ਹਸਪਤਾਲਾ ਵਿਚ ਜ਼ੇਰੇ ਇਲਾਜ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਕਿ ਸਾਰੇ ਫਰਾਰ ਹਨ।