ਜਲੰਧਰ ਦੇ ਪ੍ਰੀਤ ਨਗਰ ’ਚ ਕ੍ਰਿਮੀਨਲ ਸੰਨੀ-ਸ਼ੇਰੂ ਨੇ ਦੁਕਾਨਦਾਰ ’ਤੇ ਚਲਾਈ ਗੋਲ਼ੀ

Sunday, Jun 12, 2022 - 01:10 PM (IST)

ਜਲੰਧਰ ਦੇ ਪ੍ਰੀਤ ਨਗਰ ’ਚ ਕ੍ਰਿਮੀਨਲ ਸੰਨੀ-ਸ਼ੇਰੂ ਨੇ ਦੁਕਾਨਦਾਰ ’ਤੇ ਚਲਾਈ ਗੋਲ਼ੀ

ਜਲੰਧਰ (ਜ. ਬ.)– ਪ੍ਰੀਤ ਨਗਰ ਦੇ ਪੁਰਾਣੇ ਬੱਸ ਸਟਾਪ ਨੇੜੇ ਕਾਫ਼ੀ ਸਮੇਂ ਤੋਂ ਲੋੜੀਂਦੇ 2 ਭਰਾਵਾਂ ਸੰਨੀ ਅਤੇ ਸ਼ੇਰੂ ਨੇ ਸ਼ਨੀਵਾਰ ਫਿਰ ਤੋਂ ਗੋਲ਼ੀ ਕਾਂਡ ਕਰਕੇ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ਦੋਵਾਂ ਭਰਾਵਾਂ ਨੇ ਮੈਡੀਕਲ ਸ਼ਾਪ ਨੂੰ ਬੰਦ ਕਰਕੇ ਪਰਤ ਰਹੇ ਨੌਜਵਾਨ ਸੌਰਵ ’ਤੇ ਗੋਲ਼ੀ ਚਲਾ ਦਿੱਤੀ ਪਰ ਚੰਗੀ ਕਿਸਮਤ ਨੂੰ ਗੋਲ਼ੀ ਨੌਜਵਾਨ ਨੂੰ ਨਾ ਲੱਗ ਕੇ ਉਸ ਦੀ ਕਾਰ ’ਚ ਜਾ ਵੱਜੀ। ਗੋਲ਼ੀ ਚਲਾਉਣ ਤੋਂ ਬਾਅਦ ਦੋਵੇਂ ਭਰਾ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਨੌਜਵਾਨ ਨੇ ਪੁਲਸ ਨੂੰ ਸੂਚਨਾ ਦਿੱਤੀ।

ਪ੍ਰੀਤ ਨਗਰ ਵਿਚ ਵਾਪਰੇ ਇਸ ਗੋਲ਼ੀ ਕਾਂਡ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀਆਂ ਸਮੇਤ ਥਾਣਾ ਨੰਬਰ 1 ਅਤੇ 8 ਦੀ ਪੁਲਸ ਤੁਰੰਤ ਮੌਕੇ ’ਤੇ ਪੁੱਜੀ। ਇਸ ਦੌਰਾਨ ਪੀੜਤ ਸੌਰਵ ਨੇ ਦੱਸਿਆ ਕਿ ਸੰਨੀ ਅਤੇ ਸ਼ੇਰੂ ਨਾਂ ਦੇ ਦੋਵੇਂ ਭਰਾ ਉਸ ਨਾਲ ਰੰਜਿਸ਼ ਰੱਖਦੇ ਹਨ। ਇਹ ਦੋਵੇਂ ਉਹੀ ਕ੍ਰਿਮੀਨਲ ਹਨ, ਜਿਨ੍ਹਾਂ ਸ਼ਰੇਆਮ ਸੋਢਲ ਰੋਡ ’ਤੇ ਇਕ ਘਰ ਦੇ ਬਾਹਰ ਲਲਕਾਰੇ ਮਾਰਦੇ ਹੋਏ ਫਾਇਰਿੰਗ ਕੀਤੀ ਸੀ, ਜਦਕਿ ਇਕ ਪ੍ਰਵਾਸੀ ਨੌਜਵਾਨ ਨੂੰ ਘੇਰ ਕੇ ਉਸ ’ਤੇ ਵੀ ਗੋਲ਼ੀ ਚਲਾ ਦਿੱਤੀ ਸੀ। ਇਨ੍ਹਾਂ ਦੋਵਾਂ ਭਰਾਵਾਂ ’ਤੇ ਉਦੋਂ ਵੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਪੁਲਸ ਉਨ੍ਹਾਂ ਨੂੰ ਫੜ ਨਹੀਂ ਸਕੀ। ਹਾਲਾਤ ਅਜਿਹੇ ਬਣ ਗਏ ਕਿ ਪੁਲਸ ਤੋਂ ਬੇਖ਼ੌਫ਼ ਦੋਵਾਂ ਭਰਾਵਾਂ ਨੇ ਸ਼ਨੀਵਾਰ ਦੇਰ ਰਾਤ ਪ੍ਰੀਤ ਨਗਰ ਵਿਚ ਵੀ ਸੌਰਵ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਬਚਾਅ ਹੋ ਗਿਆ। ਦੋਵਾਂ ਮੁਲਜ਼ਮਾਂ ਵੱਲੋਂ ਚਲਾਈ ਗੋਲ਼ੀ ਦਾ ਖੋਲ ਪੁਲਸ ਨੇ ਜ਼ਬਤ ਕਰ ਲਿਆ ਹੈ।

ਇਹ ਵੀ ਪੜ੍ਹੋ:PU ਸਾਡੀ ਮਾਣਮੱਤੀ ਸੰਸਥਾ, ਨਹੀਂ ਹੋਣ ਦੇਵਾਂਗੇ ਕੇਂਦਰੀਕਰਨ : ਮੀਤ ਹੇਅਰ

PunjabKesari

ਸੌਰਵ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਕਿ ਜਿਉਂ ਹੀ ਉਨ੍ਹਾਂ ਦੀ ਗੱਡੀ ਘਰ ਦੇ ਨੇੜੇ ਪੁੱਜੀ ਤਾਂ ਸੰਨੀ ਅਤੇ ਸ਼ੇਰੂ ਨੇ ਉਨ੍ਹਾਂ ਦੀ ਗੱਡੀ ਨੂੰ ਰੁਕਵਾਇਆ ਅਤੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਉਹ ਵਿਰੋਧ ਤੋਂ ਬਾਅਦ ਗੱਡੀ ਵਿਚ ਬੈਠਣ ਲੱਗੇ ਤਾਂ ਇਸ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ।
ਦੂਜੇ ਪਾਸੇ ਥਾਣਾ ਨੰਬਰ 1 ਅਤੇ 8 ਦੇ ਐੱਸ. ਐੱਚ. ਓਜ਼ ਸਮੇਤ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਖਬਰ ਲਿਖੇ ਜਾਣ ਤੱਕ ਪੁਲਸ ਫਿਲਹਾਲ ਜਿੱਥੇ-ਜਿੱਥੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਉਨ੍ਹਾਂ ਨੂੰ ਚੈੱਕ ਕਰ ਰਹੀ ਹੈ, ਜਿਸ ਤੋਂ ਬਾਅਦ ਮੁਲਜ਼ਮਾਂ ਦਾ ਰੂਟ ਚੈੱਕ ਕੀਤਾ ਜਾਵੇਗਾ।

ਸੋਢਲ ਮੰਦਿਰ ਦੇ ਪਿੱਛੇ ਫਾਇਰਿੰਗ ਕਰਨ ਤੋਂ ਬਾਅਦ ਚਰਚਾ 'ਚ ਆਏ ਸਨ ਦੋਵੇਂ ਭਰਾ
ਜ਼ਿਕਰਯੋਗ ਹੈ ਕਿ ਲਗਭਗ 7 ਮਹੀਨੇ ਪਹਿਲਾਂ ਸੰਨੀ ਅਤੇ ਸ਼ੇਰੂ ਨੇ ਸੋਢਲ ਮੰਦਿਰ ਦੇ ਪਿੱਛੇ ਰਿਵਾਲਵਰਾਂ ਨਾਲ ਫਾਇਰਿੰਗ ਕੀਤੀ ਸੀ। ਇਸ ਦੌਰਾਨ ਜਿਸ ਘਰ ’ਤੇ ਫਾਇਰਿੰਗ ਕੀਤੀ ਗਈ ਸੀ, ਉਨ੍ਹਾਂ ਵੱਲੋਂ ਵੀ ਇਨ੍ਹਾਂ ’ਤੇ ਦੋਨਾਲੀ ਨਾਲ ਕਰਾਸ ਫਾਇਰਿੰਗ ਕੀਤੀ ਗਈ ਪਰ ਮੁਲਜ਼ਮ ਬਚ ਕੇ ਫ਼ਰਾਰ ਹੋ ਗਏ ਸਨ। ਹਾਲਾਂਕਿ ਵਪਾਰੀ ਦੀ ਗੱਡੀ ਗੋਲ਼ੀਆਂ ਲੱਗਣ ਨਾਲ ਨੁਕਸਾਨੀ ਗਈ ਸੀ ਪਰ ਉਸ ਦੇ ਬਾਅਦ ਤੋਂ ਉਕਤ ਮੁਲਜ਼ਮ ਫ਼ਰਾਰ ਚੱਲ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦੋਬਾਰਾ ਗੋਲ਼ੀ ਕਾਂਡ ਕੀਤਾ ਪਰ ਫਿਰ ਵੀ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗੇ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News