ਬਰਨਾਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਦੀ ਮੌਤ, 11 ਨਵੇਂ ਕੇਸ ਆਏ ਪਾਜ਼ੇਟਿਵ
Sunday, Aug 09, 2020 - 02:59 AM (IST)
ਬਰਨਾਲਾ/ਸੁਨਾਮ ਊਧਮ ਸਿੰਘ ਵਾਲਾ, (ਵਿਵੇਕ ਸਿੰਧਵਾਨੀ, ਬਾਂਸਲ)– ਜ਼ਿਲੇ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਸੁਨਾਮ ਅਤੇ ਬਰਨਾਲਾ ਜ਼ਿਲੇ ’ਚ ਕੋਰੋਨਾ ਵਾਇਰਸ ਕਾਰਣ 2 ਮੌਤਾਂ ਹੋ ਗਈਆਂ ਹਨ। ਜ਼ਿਲਾ ਬਰਨਾਲਾ ਦੇ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਪਿੰਡ ਸੰਧੂ ਕਲਾਂ ਦਾ 60 ਸਾਲਾ ਵਿਅਕਤੀ ਜੋ ਕਿ ਕੋਰੋਨਾ ਪਾਜ਼ੇਟਿਵ ਸੀ ਅਤੇ ਸ਼ੂਗਰ ਦਾ ਵੀ ਮਰੀਜ਼ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਦੋਂਕਿ ਜ਼ਿਲੇ ’ਚ 11 ਕੇਸ ਨਵੇਂ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਬਰਨਾਲਾ ’ਚੋਂ ਪੰਜ ਕੇਸ, ਧਨੌਲਾ ਬਲਾਕ ’ਚੋਂ ਇਕ ਕੇਸ, ਤਪਾ ਬਲਾਕ ’ਚੋਂ ਤਿੰਨ ਕੇਸ ਅਤੇ ਮਹਿਲ ਕਲਾਂ ਬਲਾਕ ’ਚੋਂ ਦੋ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ। ਹੁਣ ਤੱਕ ਜ਼ਿਲੇ ’ਚ ਕੁੱਲ 8 ਮੌਤਾਂ ਹੋ ਚੁੱਕੀਆਂ ਹਨ।
ਇਸੇ ਤਰ੍ਹਾਂ ਸੁਨਾਮ ਦੇ ਐੱਸ. ਐੱਮ. ਓ. ਡਾ. ਸੰਜੇ ਕਾਮਰਾ ਨੇ ਕਿਹਾ ਕਿ ਕੋਰੋਨਾ ਕਾਰਣ ਮਰਿਆ ਵਿਅਕਤੀ ਰਜਿੰਦਰਾ ਹਸਪਤਾਲ ’ਚ ਦਾਖਲ ਸੀ ਅਤੇ ਸ਼ੂਗਰ ਦਾ ਮਰੀਜ਼ ਸੀ , ਜਿਸਦੀ ਮੌਤ ਹੋ ਗਈ।
ਮਿਸ਼ਨ ਫਤਿਹ : ਸੰਗਰੂਰ ਜ਼ਿਲੇ ’ਚ ਕੋਵਿਡ-19 ਨੂੰ ਮਾਤ ਦੇ ਕੇ ਘਰਾਂ ਨੂੰ ਪਰਤੇ 30 ਮਰੀਜ਼
ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲੇ ਲਈ ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ ਜਦੋਂ ਮਿਸ਼ਨ ਫਤਿਹ ਤਹਿਤ 30 ਪਾਜ਼ੇਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ ’ਚੋਂ 15 ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਜਦਕਿ 1 ਮਰੀਜ਼ ਕੋਵਿਡ ਕੇਅਰ ਸੈਂਟਰ ਭੋਗੀਵਾਲ, 1 ਨੇ ਸਿਵਲ ਹਸਪਤਾਲ ਮਾਲੇਰਕੋਟਲਾ ਅਤੇ 13 ਨੇ ਹੋਮ ਆਈਸੋਲੇਸ਼ਨ ’ਚ ਰਹਿ ਕੇ ਕੋਰੋਨਾ ਵਾਇਰਸ ਤੋਂ ਜੰਗ ਜਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ 'ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ।
ਡੀ. ਐੱਸ. ਪੀ. (ਡੀ) ਦਿਓਲ ਕੋਰੋਨਾ ਪਾਜ਼ੇਟਿਵ
ਬਰਨਾਲਾ, (ਵਿਵੇਕ ਸਿੰਧਵਾਨੀ)-ਬਰਨਾਲਾ ਦੇ ਡੀ. ਐੱਸ. ਪੀ. ਡੀ. ਰਮਿੰਦਰ ਸਿੰਘ ਦਿਓਲ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਤੇ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਡੀ. ਐੱਸ. ਪੀ. ਡੀ. ਰਮਿੰਦਰ ਸਿੰਘ ਦਿਓਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਘਰ ’ਚ ਹੀ ਇਕਾਂਤਵਾਸ ’ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਦਫ਼ਤਰ ਨੂੰ ਸੀਲ ਕੀਤਾ ਜਾਵੇਗਾ ਅਤੇ ਦਫ਼ਤਰ ਨੂੰ ਸੈਨੇਟਾਈਜ਼ ਵੀਕੀਤਾ ਜਾਵੇਗਾ।
ਸੈਂਕੜੇ ਲੋਕਾਂ ਦੇ ਕੋਰੋਨਾ ਸਬੰਧੀ ਲਏ ਸੈਂਪਲ
ਬੀਤੇ ਦਿਨ ਪਿੰਡ ਖੰਡੇਬਾਦ ਵਿਖੇ ਇਕ 86 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਤੁਰੰਤ ਹਰਕਤ ’ਚ ਆਉਂਦਿਆਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਐੱਸ. ਐੱਮ. ਓ. ਮੂਨਕ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਪਿੰਡ ਖੰਡੇਬਾਦ ਵਿਖੇ ਪਹੁੰਚ ਕੇ 100 ਤੋਂ ਵੱਧ ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ। ਇਸ ਮੌਕੇ ਐੱਸ. ਐੱਮ. ਓ. ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਸਬੰਧਤ ਅਤੇ ਹੋਰ ਆਲੇ-ਦੁਆਲੇ ਦੇ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪਿੰਡ ’ਚੋਂ 100 ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜੇ ਗਏ ਹਨ ਤਾਂ ਜੋ ਪਿੰਡ ’ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਨ੍ਹਾਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ , ਬਲਕਿ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਜੇਕਰ ਕਿਸੇ ਵਿਅਕਤੀ ’ਚ ਕੋਰੋਨਾ ਵਾਇਰਸ ਦੇ ਥੋੜ੍ਹੇ ਜਿਹੇ ਲੱਛਣ ਵੀ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਆਪਣਾ ਚੈੱਕਅਪ ਕਰਵਾ ਕੇ ਦਵਾਈ ਲਵੇ। ਪਿੰਡ ਪਹੁੰਚੀਆਂ ਡਾਕਟਰਾਂ ਦੀਆਂ ਟੀਮਾਂ ਨੂੰ ਪਿੰਡ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ ਅਤੇ ਪੰਚਾਇਤ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਵੱਖ -ਵੱਖ ਟੀਮਾਂ ’ਚ ਐੱਸ. ਆਈ. ਅਸ਼ੋਕ ਕੁਮਾਰ , ਐੱਸ. ਆਈ. ਜਗਜੀਵਨ ਕੁਮਾਰ, ਐੱਮ. ਪੀ. ਐੱਚ. ਡਬਲਯੂ ਸੁਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਮੁਲਾਜ਼ਮ ਹਾਜ਼ਰ ਸਨ ।