ਲੋਕਤੰਤਰ 'ਚ ਕਿਸਾਨਾਂ ਨੂੰ ਕਿਸੇ ਸੂਬੇ 'ਚ ਦਾਖ਼ਲ ਹੋਣ ਤੋਂ ਨਹੀਂ ਰੋਕ ਸਕਦੇ : ਹਾਈਕੋਰਟ
Thursday, Jul 11, 2024 - 12:04 PM (IST)
ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਹਾਈਵੇਅ ਤੋਂ ਹਰ ਤਰ੍ਹਾਂ ਦੇ ਬੈਰੀਕੇਡ ਹਟਾਏ ਜਾਣ। ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਸੁਣਵਾਈ ਦੌਰਾਨ ਜਸਟਿਸ ਜੀ. ਐੱਸ. ਸੰਧਾਵਾਲੀਆ ਅਤੇ ਜਸਟਿਸ ਵਿਕਾਸ ਬਹਿਲ ਦੀ ਬੈਂਚ ਨੇ ਕਿਹਾ ਕਿ ਸਰਕਾਰ ਨੂੰ ਬਾਰਡਰ ਖੋਲ੍ਹਣਾ ਹੀ ਪਵੇਗਾ, ਕਿਉਂਕਿ ਪੰਜਾਬ ਤੋਂ ਹਰਿਆਣਾ, ਦਿੱਲੀ ਅਤੇ ਜੰਮੂ-ਕਸ਼ਮੀਰ ਦਰਮਿਆਨ ਆਉਣ-ਜਾਣ ਵਾਲੇ ਲੋਕਾਂ ਲਈ ਇਹ ਰਾਸ਼ਟਰੀ ਰਾਜਮਾਰਗ ਇੱਕ ਲਾਈਫ ਲਾਈਨ ਵਾਂਗ ਹੈ ਦੇ. ਇਸ ਦੇ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਚ ਨੇ ਦੋਵਾਂ ਰਾਜਾਂ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇ। ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਹਾਈਵੇਅ ਨੂੰ ਮੁੜ ਤੋਂ ਸੁਚਾਰੂ ਬਣਾਇਆ ਜਾ ਸਕੇ ਅਤੇ ਇਸ ਦੀ ਚਮਕ ਨੂੰ ਬਹਾਲ ਕੀਤਾ ਜਾ ਸਕੇ। ਸਰਕਾਰ ਨੂੰ ਕਦਮ ਚੁੱਕਣੇ ਪੈਣਗੇ ਕਿਉਂਕਿ ਬਾਰਡਰ ਨੂੰ ਇੰਨੇ ਲੰਬੇ ਸਮੇਂ ਤੱਕ ਬੰਦ ਨਹੀਂ ਰੱਖਿਆ ਜਾ ਸਕਦਾ। ਦੱਸ ਦੇਈਏ ਕਿ ਸ਼ੰਭੂ ਬਾਰਡਰ ਹਰਿਆਣਾ ਸਰਕਾਰ ਨੇ ਫਰਵਰੀ 'ਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਬੰਦ ਕਰ ਦਿੱਤਾ ਸੀ। ਕਿਸਾਨਾਂ ਨੂੰ ਪੰਜਾਬ ਤੋਂ ਹਰਿਆਣਾ ’ਚ ਆਉਣ ਅਤੇ ਉਸਦੇ ਬਾਅਦ ਦਿੱਲੀ ਜਾਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ ਸੀ। ਸਰਕਾਰ ਦੀ ਦਲੀਲ ਹੈ ਕਿ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੌਰਾਨ ਜਾਰੀ ਹੋ ਗਏ ਨਵੇਂ ਹੁਕਮ
ਅਸੀਂ ਲੋਕਤੰਤਰ 'ਚ ਰਹਿ ਰਹੇ ਹਾਂ, ਕਿਸਾਨਾਂ ਨੂੰ ਹਰਿਆਣਾ ਆਉਣ ਤੋਂ ਨਹੀਂ ਰੋਕ ਸਕਦੇ
ਮਾਮਲੇ ਦੀ ਸੁਣਵਾਈ ਦੌਰਾਨ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਸਭਰਵਾਲ ਨੇ ਬੈਂਚ ਨੂੰ ਦੱਸਿਆ ਕਿ ਹਾਲੇ ਵੀ ਕਰੀਬ 500 ਕਿਸਾਨ ਪੰਜਾਬ ’ਚ ਧਰਨੇ ’ਤੇ ਬੈਠੇ ਹਨ। ਜੇਕਰ ਬਾਰਡਰ ਖੋਲ੍ਹਿਆ ਗਿਆ ਤਾਂ ਕਿਸਾਨ ਅੰਬਾਲਾ 'ਚ ਵੜ ਕੇ ਐੱਸ. ਪੀ. ਦਫ਼ਤਰ ਦਾ ਘਿਰਾਓ ਕਰਨਗੇ। ਇਸ ਦਲੀਲ ’ਤੇ ਜਸਟਿਸ ਸੰਧਾਵਾਲੀਆ ਨੇ ਜ਼ੁਬਾਨੀ ਤੌਰ ’ਤੇ ਕਿਹਾ ਕਿ ਵਰਦੀ ਵਾਲਿਆਂ ਨੂੰ ਉਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਅਸੀਂ ਲੋਕਤੰਤਰ 'ਚ ਰਹਿ ਰਹੇ ਹਾਂ, ਕਿਸਾਨਾਂ ਨੂੰ ਹਰਿਆਣਾ ਆਉਣ ਤੋਂ ਨਹੀਂ ਰੋਕ ਸਕਦੇ, ਉਨ੍ਹਾਂ ਨੂੰ ਘਿਰਾਓ ਕਰਨ ਦਿਓ।
ਇਹ ਵੀ ਪੜ੍ਹੋ : ਪੰਜਾਬ 'ਚ ਹੈਰਾਨ ਕਰਦੀ ਘਟਨਾ, ਸਕੂਲ ਵੈਨ ਅੱਗੇ ਲਾਈ Fortuner, ਪਿਸਤੌਲ ਲੈ ਕੇ ਔਰਤ ਨੇ ਕੀਤਾ ਕਾਂਡ
ਕਾਨੂੰਨ ਦੀ ਉਲੰਘਣਾ ਨਾ ਕਰਨ ਕਿਸਾਨ ਯੂਨੀਅਨਾਂ
ਬੈਂਚ ਨੇ ਆਪਣੇ ਹੁਕਮਾਂ ਵਿਚ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਕਾਨੂੰਨ ਦੀ ਉਲੰਘਣਾ ਨਾ ਕਰਨ ਲਈ ਵੀ ਕਿਹਾ ਹੈ। ਸੁਣਵਾਈ ਦੌਰਾਨ ਬੈਂਚ ਨੂੰ ਧਰਨੇ ’ਤੇ ਬੈਠੇ ਕਿਸਾਨਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ’ਤੇ ਬੈਂਚ ਨੇ ਕਿਹਾ ਕਿ ਕਿਉਂਕਿ ਹੁਣ ਇਹ ਗਿਣਤੀ 400-500 ਹੈ, ਇਸ ਲਈ ਉਨ੍ਹਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਪਹਿਲਾਂ ਇਹ ਗਿਣਤੀ ਹਜ਼ਾਰਾਂ ਵਿਚ ਸੀ, ਇਸ ਲਈ ਅਦਾਲਤ ਨੇ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਹੁਕਮ ਪਾਸ ਨਹੀਂ ਕੀਤਾ ਸੀ। ਬੈਂਚ ਨੇ ਨੋਟ ਕੀਤਾ ਕਿ ਸੁਰੱਖਿਆ ਕਾਰਨਾਂ ਕਰਕੇ ਹਰਿਆਣਾ ਵਾਲੇ ਪਾਸੇ ਤੋਂ ਬਾਰਡਰ ਬੰਦ ਕੀਤਾ ਗਿਆ ਸੀ, ਪਰ ਹੁਣ ਕਾਫ਼ੀ ਸਮਾਂ ਹੋ ਗਿਆ ਹੈ। ਇਸ ਕਾਰਨ ਆਵਾਜਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ। ਟਰਾਂਸਪੋਰਟ ਵਾਹਨਾਂ, ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਵਿਚ ਦਿੱਕਤਾਂ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8