ਪਾਕਿਸਤਾਨ ’ਚ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਇਮਰਾਨ ਖਾਨ ਦੀ ਪਾਰਟੀ ਮੰਗ ਰਹੀ ਵੋਟਾਂ

Wednesday, Jun 29, 2022 - 09:36 PM (IST)

ਪਾਕਿਸਤਾਨ ’ਚ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਇਮਰਾਨ ਖਾਨ ਦੀ ਪਾਰਟੀ ਮੰਗ ਰਹੀ ਵੋਟਾਂ

ਚੰਡੀਗੜ੍ਹ (ਟੱਕਰ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਭਾਰਤ 'ਚ ਹੀ ਨਹੀਂ ਸਗੋਂ ਪਾਕਿਸਤਾਨ ਵਿੱਚ ਵੀ ਬਹੁਤ ਜ਼ਿਆਦਾ ਹਨ। ਇਸ ਦੀ ਤਾਜ਼ਾ ਮਿਸਾਲ ਪਾਕਿਸਤਾਨ 'ਚ ਉਦੋਂ ਦੇਖਣ ਨੂੰ ਮਿਲੀ ਜਦੋਂ ਜ਼ਿਮਨੀ ਚੋਣ ਦੌਰਾਨ ਸਵ. ਮੂਸੇਵਾਲਾ ਦੀ ਫੋਟੋ ਲਗਾ ਕੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਵਿੱਚ ਮੁਲਤਾਨ ਸ਼ਹਿਰ ਦੇ ਹਲਕਾ ਪੀ.ਪੀ.-217 'ਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵੱਲੋਂ ਆਪਣਾ ਉਮੀਦਵਾਰ ਜੈਨ ਹੁਸੈਨ ਕੁਰੈਸ਼ੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਚੋਣ ਪ੍ਰਚਾਰ ਦੌਰਾਨ ਜੋ ਪੋਸਟਰ ਲਗਾਏ ਗਏ ਹਨ, ਉਨ੍ਹਾਂ ਵਿੱਚ ਉਮੀਦਵਾਰ ਤੇ ਸਿਆਸੀ ਆਗੂਆਂ ਨਾਲ ਪੰਜਾਬੀ ਗਾਇਕ ਸਵ. ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਲਗਾਈ ਗਈ ਹੈ, ਜਿਸ ਨਾਲ 295 ਵੀ ਲਿਖਿਆ ਹੋਇਆ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਪਾਕਿਸਤਾਨ 'ਚ ਸਿੱਧੂ ਮੂਸੇਵਾਲਾ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਹਨ, ਜੋ ਉਸ ਦੇ ਗੀਤ ਸੁਣਦੇ ਹਨ ਤੇ ਉਸ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਗਹਿਰਾ ਸਦਮਾ ਵੀ ਲੱਗਾ ਹੈ। ਹੁਣ ਉੱਥੋਂ ਦੀ ਸਿਆਸੀ ਪਾਰਟੀ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਮੂਸੇਵਾਲਾ ਦੀ ਫੋਟੋ ਲਗਾ ਕੇ ਵੋਟਾਂ ਬਟੋਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਪਾਕਿਸਤਾਨ ਦੇ ਹਲਕਾ ਪੀ.ਪੀ.-217 ਵਿੱਚ ਚੋਣ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦੀ ਤਸਵੀਰ ਛਾਪਣ ਦਾ ਉਦੇਸ਼ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਵੀ ਮੂਸੇਵਾਲਾ ਦੀ ਪ੍ਰਸ਼ੰਸਕ ਹੈ ਅਤੇ ਉਸ ਨੂੰ ਚਾਹੁਣ ਵਾਲੇ ਵੀ ਪਾਰਟੀ ਦੇ ਹੱਕ 'ਚ ਵੋਟ ਪਾਉਣ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਡਰੱਗ ਇੰਸਪੈਕਟਰ ਤੇ ਸਿਵਲ ਹਸਪਤਾਲ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News