ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

Thursday, Aug 01, 2024 - 10:55 AM (IST)

ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਮੋਹਾਲੀ (ਨਿਆਮੀਆਂ) : ਏ. ਡੀ. ਸੀ. (ਵਿਕਾਸ) ਸੋਨਮ ਚੌਧਰੀ ਨੇ ਬੁੱਧਵਾਰ ਨੂੰ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਸਿਹਤ ਮਹਿਕਮੇ ਦੀ ਮਾਸਿਕ ਪ੍ਰਗਤੀ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇ। ਇਸ ’ਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਦੋਵਾਂ ਅਦਾਰਿਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਸਾਰੀਆਂ ਥਾਵਾਂ ਦੇ ਪਾਣੀ ਦੇ ਸੈਂਪਲ ਜਾਂਚ ਕਰਨੇ ਯਕੀਨੀ ਬਣਾਏ ਜਾਣ ਅਤੇ ਜਿੱਥੇ ਕਿੱਧਰੇ ਵੀ ਕੋਈ ਨੁਕਸ ਸਾਹਮਣੇ ਆਉਂਦਾ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕੀਤਾ ਜਾਵੇ। ਏ. ਡੀ. ਸੀ. ਨੇ ਕਿਹਾ ਕਿ ਸਕੂਲਾਂ ’ਚ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਤੇ ਆਂਗਣਵਾੜੀ ਸੈਂਟਰਾਂ ’ਚ ਦਿੱਤੀ ਜਾਂਦੀ ਸੰਤੁਲਿਤ ਖ਼ੁਰਾਕ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ’ਚ 89 ਹਜ਼ਾਰ 203 ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੀ ਸੁਵਿਧਾ ਦਿੱਤੀ ਜਾਂਦੀ ਹੈ, ਜਿਸ ’ਚ ਹਫ਼ਤੇ ’ਚ ਇਕ ਦਿਨ ਸ਼ਨੀਵਾਰ ਨੂੰ ਫ਼ਲ (ਕੇਲੇ) ਵੀ ਦਿੱਤੇ ਜਾਂਦੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਂਗਣਵਾੜੀ ਕੇਂਦਰਾਂ ’ਚ ਦਿੱਤੀ ਜਾਂਦੀ ਪੋਸ਼ਕ ਖੁਰਾਕ ਦੀ ਗੁਣਵੱਤਾ ਦੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਹੈ। ਜ਼ਿਲ੍ਹਾ ਸਿਖਿਆ ਅਫ਼ਸਰ ਨੇ ਦੱਸਿਆ ਕਿ ਸਮੱਗਰ ਸਿਖਿਆ ਅਭਿਆਨ ਤਹਿਤ ਜ਼ਿਲ੍ਹੇ ’ਚ ਅਪ੍ਰੈਲ ’ਚ 5000 ਵਿਦਿਆਰਥੀਆਂ ਲਈ 30 ਲੱਖ ਰੁਪਏ ਦੀ ਯੂਨੀਫ਼ਾਰਮ ਗ੍ਰਾਂਟ ਤੇ ਜੁਲਾਈ ’ਚ 45459 ਵਿਦਿਆਰਥੀਆਂ ਲਈ 272 ਲੱਖ ਰੁਪਏ ਦੀ ਯੂਨੀਫ਼ਾਰਮ ਗ੍ਰਾਂਟ ਮਿਲੀ, ਜੋ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰਾਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਪ੍ਰਾਇਮਰੀ ਕਲਾਸਾਂ ਨੂੰ 2 ਲੱਖ 32 ਹਜ਼ਾਰ 220 ਕਿਤਾਬਾਂ, ਅਪਰ ਪ੍ਰਾਇਮਰੀ ਨੂੰ 5 ਲੱਖ 39 ਹਜ਼ਾਰ 318 ਕਿਤਾਬਾਂ ਅਤੇ ਕਾਮਰਸ ਦੇ ਵਿਦਿਆਰਥੀਆਂ ਨੂੰ 5627 ਕਿਤਾਬਾਂ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ।

ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਫਿਰ ਵਧਾਈ ਗਈ ਰਜਿਸਟ੍ਰੇਸ਼ਨ ਤਾਰੀਖ਼

ਡਾਇਰੀਆ ਤੇ ਹੈਜ਼ਾ ਦੀ ਅਗਾਊਂ ਰੋਕਥਾਮ ਲਈ ਪ੍ਰਬੰਧ ਕਰਨ ਦੇ ਨਿਰਦੇਸ਼

ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਦੀ ਅਗਵਾਈ ’ਚ ਹੋਈ ਸਮੀਖਿਆ ਮੀਟਿੰਗ ਦੌਰਾਨ ਏ.ਡੀ.ਸੀ. ਨੇ ਰਾਸ਼ਟਰੀ ਬਾਲ ਸਿਹਤ ਕਾਰਜਕਰਮ (ਆਰ. ਬੀ. ਐੱਸ. ਕੇ.) ਤਹਿਤ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਦੀ ਨਿਰੰਤਰ ਸਿਹਤ ਜਾਂਚ ਯਕੀਨੀ ਬਣਾਉਣ ਲਈ ਕਿਹਾ। ਸਿਹਤ ਵਿਭਾਗ ਵੱਲੋਂ ਕੀਤੇ ਜਾਂਦੇ ਟੀਕਾਕਰਣ ਤੇ ਹੋਰ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲੈਂਦਿਆਂ ਏ. ਡੀ. ਸੀ. ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਦਿਨਾਂ ’ਚ ਪਾਣੀ ਤੇ ਬੈਕਟੀਰੀਆ ਤੋਂ ਫ਼ੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਚੌਕਸ ਰਹਿਣ ਤੇ ਤੁਰੰਤ ਬਚਾਅ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਪੀਣ ਵਾਲੇ ਪਾਣੀ ਦੇ ਸੈਂਪਲਾਂ ਦੀ ਨਿਰੰਤਰ ਜਾਂਚ ਤੋਂ ਇਲਾਵਾ ਡੇਂਗੂ-ਮਲੇਰੀਆ ਸਮੇਤ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ।

ਇਹ ਵੀ ਪੜ੍ਹੋ : ਢੀਂਡਸਾ ਨੇ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਕੀਤਾ ਰੱਦ, ਕਿਹਾ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News