'ਨੀਟ' ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਕੇਂਦਰਾਂ 'ਚ ਇਨ੍ਹਾਂ ਚੀਜ਼ਾਂ ਦੇ ਲਿਜਾਣ 'ਤੇ ਪਾਬੰਦੀ
Sunday, May 05, 2024 - 10:50 AM (IST)
ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਮੈਡੀਕਲ ਕਾਲਜਾਂ 'ਚ ਐੱਮ. ਬੀ. ਬੀ. ਐੱਸ. ਦੇ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਨੀਟ ਯੂ. ਜੀ. ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ 7 ਸਕੂਲਾਂ 'ਚ ਬਣਾਏ ਗਏ ਪ੍ਰੀਖਿਆ ਕੇਂਦਰਾਂ 'ਚ ਦੁਪਹਿਰ 2 ਤੋਂ 5 ਵਜੇ ਤੱਕ ਹੋਵੇਗੀ। ਲੁਧਿਆਣਾ ਦੇ ਸਕੂਲਾਂ 'ਚ ਬਣਾਏ ਗਏ ਪ੍ਰੀਖਿਆ ਕੇਂਦਰਾਂ 'ਚ 4090 ਕੈਂਡੀਡੇਟ ਅਪੀਅਰ ਹੋਣਗੇ, ਜਦੋਂਕਿ ਐੱਨ. ਟੀ. ਏ. ਵੱਲੋਂ ਕਰੀਬ 350 ਇਨਵੀਜ਼ੀਲੇਟਰ ਤੇ 15 ਆਬਜ਼ਰਵਰ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਪ੍ਰੀਖਿਆ ਲਈ ਦੇਸ਼ ਭਰ ਤੋਂ ਕਰੀਬ 23 ਲੱਖ ਵਿਦਿਆਰਥੀਆਂ ਨੇ ਰਜਿਸਟਰਡ ਕੀਤਾ ਹੈ। ਭਾਰਤ ਦੇ 557 ਸ਼ਹਿਰਾਂ ਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਨੀਟ ਐਗਜ਼ਾਮ ਲਏ ਜਾ ਰਹੇ ਹਨ। ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪ੍ਰੀਖਿਆ ਕੇਂਦਰਾਂ ਵਿਚ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰੀਖਿਆ ਕੇਂਦਰ ਵਿਚ ਐਂਟਰੀ ਲਈ ਕੈਂਡੀਡੇਟਾਂ ’ਤੇ ਕਈ ਚੀਜ਼ਾਂ ਲਿਜਾਣ ਦੀ ਪਾਬੰਦੀ ਲਗਾਈ ਗਈ ਹੈ। ਜਿਨ੍ਹਾਂ ਦੀ ਦਾਖ਼ਲ ਹੋਣ ਤੋਂ ਪਹਿਲਾਂ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਵਿਚ ਅਤਿ-ਆਧੁਨਿਕ ਮੈਟਲ ਡਿਟੈਕਟਰਾਂ ਦੀ ਵਰਤੋਂ ਕੀਤੀ ਜਾਵੇਗੀ। ਲੜਕਿਆਂ ਨੂੰ ਅੱਧੀ ਬਾਂਹ ਦੀ ਸ਼ਰਟ ਜਾਂ ਟੀ-ਸ਼ਰਟ ਅਤੇ ਸਲਿੱਪਰ ਪਹਿਨ ਕੇ ਜਾਣਾ ਹੋਵੇਗਾ, ਜਦੋਂਕਿ ਕੁੜੀਆਂ ਨੂੰ ਅਕਸੈਸਰੀਜ਼ ਅਤੇ ਗਹਿਣਿਆਂ ਨੂੰ ਨਾ ਪਹਿਨਣ ਦੇ ਨਾਲ-ਨਾਲ ਹਲਕੇ ਕੱਪੜਿਆਂ ਦੇ ਨਾਲ ਘੱਟ ਹੀਲ ਵਾਲੇ ਸੈਂਡਲ, ਜੁੱਤੀਆਂ ਪਹਿਨ ਕੇ ਜਾਣਾ ਜ਼ਰੂਰੀ ਹੈ। ਕੁੜੀਆਂ ਲਈ ਕੁੜਤੀ ਪਹਿਨਣ ਦੀ ਆਗਿਆ ਨਹੀਂ ਹੈ। ਨੀਟ ਪ੍ਰੀਖਿਆ ਦੇਣ ਜਾ ਰਹੇ ਸਾਰੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਕੇਂਦਰ ’ਤੇ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਾਨਿਕ ਗੈਜੇਟ ਨੂੰ ਲੈ ਕੇ ਜਾਣ ਦੀ ਪੂਰੀ ਤਰ੍ਹਾਂ ਮਨਾਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ, ਹਾਈਕੋਰਟ ਨੇ ਕੀਤੀ ਸਖ਼ਤੀ
ਇਨ੍ਹਾਂ ਚੀਜ਼ਾਂ ’ਤੇ ਪਾਬੰਦੀ
ਕਿਸੇ ਵੀ ਤਰ੍ਹਾਂ ਦੀਆਂ ਕਿਤਾਬਾਂ, ਕਾਗਜ਼ ਦੇ ਟੁਕੜੇ, ਜਿਓਮੈਟਰੀ ਬਾਕਸ, ਪੈਂਸਲ ਬਾਕਸ, ਪਲਾਸਟਿਕ ਪਾਊਚ, ਕੈਲਕੁਲੇਟਰ, ਪੈੱਨ, ਸਕੇਲ, ਰਾਈਟਿੰਗ ਪੈਡ, ਪੈਨ ਡਰਾਈਵ, ਇਰੇਜ਼ਰ, ਲਾਗ ਟੇਬਲ, ਇਲੈਕਟ੍ਰਾਨੀਕ ਪੈੱਨ/ਸਕੈਨਰ, ਮੋਬਾਇਲ ਫੋਨ, ਬਲੂਟੁੱਥ, ਈਅਰਫੋਨ, ਮਾਈਕ੍ਰੋਫੋਨ, ਪੇਜਰ, ਹੈਂਡ ਬੈਂਡ, ਵਾਲੇਟ, ਚਸ਼ਮਾ (ਸਨ ਗਲਾਸਿਸ), ਹੈਂਡਬੈਗ, ਬੈਲਟ, ਕੈਪ, ਘੜੀ/ਗੁੱਟ ਘੜੀ, ਬ੍ਰੈਸਲੇਟ, ਕੈਮਰਾ
ਧਾਰਮਿਕ ਨਿਸ਼ਾਨ ਪਹਿਨਣ ਵਾਲੇ ਕੈਂਡੀਡੇਟਾਂ ਨੂੰ ਸਲਾਹ
ਧਾਰਮਿਕ, ਸੰਸਕ੍ਰਿਤਕ, ਆਸਥਾ ਨਾਲ ਜੁੜੀਆਂ ਚੀਜ਼ਾਂ ਪਹਿਨਣ ਵਾਲੇ ਉਮੀਦਵਾਰਾਂ ਨੂੰ ਐੱਨ. ਟੀ. ਏ. ਨੇ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਕੇਂਦਰ ’ਤੇ ਰਿਪੋਰਟਿੰਗ ਸਮੇਂ ਤੋਂ ਘੱਟ ਤੋਂ ਘੱਟ 2 ਘੰਟੇ ਪਹਿਲਾਂ ਪੁੱਜਣ। ਜੇਕਰ ਜਾਂਚ ਦੌਰਾਨ ਪਾਇਆ ਜਾਂਦਾ ਹੈ ਕਿ ਕੋਈ ਉਮੀਦਵਾਰ ਧਾਰਮਿਕ ਚੀਜ਼ ਦੇ ਅੰਦਰ ਕੋਈ ਸ਼ੱਕੀ ਡਿਵਾਇਸ ਲਿਜਾ ਰਿਹਾ ਹੈ ਤਾਂ ਉਸ ਨੂੰ ਪ੍ਰੀਖਿਆ ਹਾਲ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜ੍ਹੋ : ਛੁੱਟੀ ਲੈਣ ਲਈ ਬਹਾਨਾ ਮਾਰਨ ਵਾਲੇ ਮੁਲਾਜ਼ਮ ਹੋ ਜਾਣ Alert, ਜ਼ਰਾ ਪੜ੍ਹ ਲੈਣ ਇਹ ਸਖ਼ਤ ਹੁਕਮ
1.30 ਵਜੇ ਤੋਂ ਬਾਅਦ ਨਹੀਂ ਮਿਲੇਗੀ ਐਂਟਰੀ
ਐੱਨ. ਟੀ. ਏ. ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਸਾਰੇ ਕੈਂਡੀਡੇਟਾਂ ਨੂੰ ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਸ਼ੁਰੂ ਹੋਣ ਦੇ ਸਮੇਂ ਤੋਂ ਕਰੀਬ 1 ਤੋਂ ਡੇਢ ਘੰਟਾ ਪਹਿਲਾਂ ਪੁੱਜਣਾ ਜ਼ਰੂਰੀ ਹੋਵੇਗਾ। ਦੱਸਿਆ ਗਿਆ ਹੈ ਕਿ 1.30 ਵਜੇ ਤੋਂ ਬਾਅਦ ਕਿਸੇ ਵੀ ਕੈਂਡੀਡੇਟਸ ਦੀ ਐਂਟਰੀ ਨਹੀਂ ਲਈ ਜਾਵੇਗੀ।
ਨਹੀਂ ਮਿਲੇਗਾ ਬਾਇਓ ਬ੍ਰੇਕ
ਪ੍ਰੀਖਿਆ ਤੋਂ ਪਹਿਲਾਂ ਇਕ ਘੰਟੇ ਅਤੇ ਆਖ਼ਰੀ ਦੇ ਅੱਧੇ ਘੰਟੇ ਵਿਚ ਬਾਇਓ ਬ੍ਰੇਕ ਨਹੀਂ ਮਿਲੇਗਾ ਬਾਇਓ ਬ੍ਰੇਕ ਤੋਂ ਬਾਅਦ ਵਿਦਿਆਰਥੀ ਦਾ ਹਰ ਵਾਰ ਬਾਇਓਮੈਟ੍ਰਿਕਸ ਨਾਲ ਮਿਲਾਨ ਕੀਤਾ ਜਾਵੇਗਾ। ਐੱਨ. ਟੀ. ਏ. ਨੇ ਕਿਹਾ ਕਿ ਕੈਂਡੀਡੇਟਸ ਨੂੰ ਵੈੱਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਕੇ ਉਸ ਦੀ ਪ੍ਰਿੰਟ ਕਾਪੀ ਨਾਲ ਲਿਆਉਣੀ ਹੋਵੇਗੀ। ਉਸ ਵਿਚ ਵਿਦਿਆਰਥੀ ਦੀ ਫੋਟੋ, ਦਸਤਖ਼ਤ ਅਤੇ ਰੋਲ ਨੰਬਰ ਬਾਰਕੋਡ ਸਪੱਸ਼ਟ ਰੂਪ ਨਾਲ ਪ੍ਰਦਰਸ਼ਿਤ ਹੋਣਾ ਜ਼ਰੂਰੀ ਹੈ।
ਮਾਪਿਆਂ ਲਈ ਸਲਾਹ
ਆਮ ਕਰ ਕੇ ਦੇਖਣ ਵਿਚ ਆਉਂਦਾ ਹੈ ਕਿ ਪ੍ਰੀਖਿਆ ਕੇਂਦਰਾਂ ਤੱਕ ਆਪਣੇ ਬੱਚਿਆਂ ਨੂੰ ਲਿਆਉਣ ਵਾਲੇ ਮਾਪੇ ਆਪਣੇ ਵਾਹਨ ਸੜਕ ਜਾਂ ਸਕੂਲ ਦੀ ਗਲੀ ਵਿਚੋਂ ਵਿਚ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਪ੍ਰੀਖਿਆ ਕੇਂਦਰਾਂ ਦੇ ਬਾਹਰ ਭੀੜ ਜਮ੍ਹਾਂ ਹੋਣ ਕਾਰਨ ਜਾਮ ਲਗ ਜਾਂਦਾ ਹੈ। ਅਜਿਹੇ ਵਿਚ ਪ੍ਰੀਖਿਆ ਕੇਂਦਰ ਤੱਕ ਪੁੱਜਣ ਵਾਲੇ ਹੋਰਨਾਂ ਕੈਂਡੀਡੇਟ ਜਾਮ ਵਿਚ ਫਸ ਜਾਂਦੇ ਹਨ। ਇਸ ਲਈ ਐੱਨ. ਟੀ. ਏ. ਨੇ ਪਹਿਲਾਂ ਹੀ ਸਲਾਹ ਦਿੱਤੀ ਹੈ ਕਿ ਕੈਂਡੀਡੇਟਸ ਦੇ ਮਾਪੇ ਆਪਣੇ ਵਾਹਨ ਪ੍ਰੀਖਿਆ ਕੇਂਦਰਾਂ ਤੱਕ ਲਿਜਾਣ ਤੋਂ ਗੁਰੇਜ਼ ਕਰਨ ਤਾਂ ਕਿ ਕੇਂਦਰ ਤੱਕ ਪੁੱਜਣ ਦਾ ਰਸਤਾ ਸਾਫ਼ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8