20 ਡਾਲਰ ਫ਼ੀਸ ਅਤੇ ਪਾਸਪੋਰਟ ਦੀ ਸ਼ਰਤ ਕਾਰਨ ਕਰਤਾਰਪੁਰ ਲਾਂਘੇ ਦੀ ਮਹੱਤਤਾ ਘਟੀ!

09/17/2023 7:12:22 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਵਿਗੜਦੇ ਸੰਬੰਧਾਂ ਕਾਰਨ ਪਾਕਿਸਤਾਨ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਸ਼ਾਂਤੀ ਲਈ ਕੀਤੇ ਜਾ ਰਹੇ ਹਰ ਯਤਨ ਨੂੰ ਘੱਟ ਕਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਲਾਈਆਂ ਗਈਆਂ ਸਖ਼ਤ ਸ਼ਰਤਾਂ ਅਤੇ ਪਾਕਿਸਤਾਨ ਸਰਕਾਰ ਵੱਲੋਂ ਭਾਰਤੀਆਂ ਲਈ ਲਗਾਈਆਂ ਗਈਆਂ ਭਾਰੀ ਐਂਟਰੀ ਫ਼ੀਸਾਂ ਨੇ ਕਰਤਾਰਪੁਰ ਲਾਂਘੇ ਦੀ ਮਹੱਤਤਾ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਲ 2019 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ’ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਕਸਬੇ ਨਾਲ ਜੋੜਣ ਲਈ 4.7 ਕਿਲੋਮੀਟਰ ਲੰਬਾ ਲਾਂਘਾ ਬਣਾਇਆ ਗਿਆ ਸੀ। ਡੇਰਾ ਬਾਬਾ ਨਾਨਕ ਦੇ ਲਾਂਘੇ ਦੇ ਪ੍ਰਵੇਸ਼ ਦੁਆਰ ’ਤੇ ਸਿੱਖ ਧਰਮ ਦੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਰੋਜ਼ 5000 ਭਾਰਤੀ ਸ਼ਰਧਾਲੂਆਂ ਲਈ ਵੀਜ਼ਾ-ਮੁਕਤ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ- ਜਲੰਧਰ 'ਚ ਇਕ ਹੋਰ ਸਪਾ ਸੈਂਟਰ 'ਚ ਪੁਲਸ ਦੀ ਰੇਡ, ਮਹਿਲਾ ਮੈਨੇਜਰ ਸਣੇ 5 ਲੋਕ ਗ੍ਰਿਫ਼ਤਾਰ, ਇੰਝ ਹੁੰਦਾ ਸੀ ਕਾਲਾ ਧੰਦਾ

ਸੂਤਰਾਂ ਅਨੁਸਾਰ ਪਾਕਿਸਤਾਨ ਅਤੇ ਭਾਰਤ ਸਰਕਾਰਾਂ ਦੇ ਇਸ ਲਾਂਘੇ ਬਾਰੇ ਨਿਰਾਸ਼ਾਜਨਕ ਗੱਲ ਇਹ ਹੈ ਕਿ ਦੋਵੇਂ ਦੇਸ਼ ਸਿੱਖ ਸ਼ਰਧਾਲੂਆਂ ਦੀ ਗਿਣਤੀ ਨੂੰ 5000 ਤੱਕ ਲੈ ਜਾਣ ਦੀ ਗੱਲ ਤਾਂ ਛੱਡੋ ਕੁਝ ਸੌ ਤੱਕ ਵੀ ਨਹੀਂ ਲੈ ਜਾ ਸਕੇ ਹਨ। ਇਸ ਸਬੰਧੀ ਪਾਕਿਸਤਾਨ ਸਰਕਾਰ ਦਾ ਦੋਸ਼ ਹੈ ਕਿ ਭਾਰਤ ਸਰਕਾਰ ਦੀਆਂ ਸਖ਼ਤ ਸ਼ਰਤਾਂ ਕਾਰਨ ਇਹ ਗਿਣਤੀ ਨਹੀਂ ਵੱਧ ਰਹੀ, ਜਦ ਕਿ ਭਾਰਤ ਸਰਕਾਰ ਦਾ ਦੋਸ਼ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਵਸੂਲੀ ਜਾ ਰਹੀ 20 ਡਾਲਰ ਪ੍ਰਤੀ ਸ਼ਰਧਾਲੂ ਦੀ ਐਂਟਰੀ ਫ਼ੀਸ ਔਖੀ ਹੈ। ਇਸ ਕਾਰਨ ਇਹ ਗਿਣਤੀ ਵੱਧ ਨਹੀਂ ਰਹੀ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਮੀਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਹੋਣ ਦੀ ਲਾਈ ਗਈ ਸ਼ਰਤ ਕਰਤਾਰਪੁਰ ਲਾਂਘੇ ਦੀ ਮਹੱਤਤਾ ਨੂੰ ਘਟਾਉਣ ’ਚ ਮੁੱਖ ਰੁਕਾਵਟ ਹੈ ਕਿਉਂਕਿ ਗਰੀਬ ਅਤੇ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਬਹੁਤੇ ਸਿੱਖ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ, ਜਿਸ ਕਾਰਨ ਉਹ ਇਸ ਲਾਂਘੇ ਦਾ ਲਾਭ ਨਹੀਂ ਲੈ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਸਰਕਾਰ ਨੇ ਗੈਰ-ਮੁਸਲਿਮ ਧਾਰਮਿਕ ਸਥਾਨਾਂ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਲਈ ਵਿਸ਼ਵ ਬੈਂਕ ਤੋਂ 64 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਸੀ। ਪਾਕਿਸਤਾਨ ਸਰਕਾਰ ਨੇ ਸੋਚਿਆ ਸੀ ਕਿ ਜੇਕਰ ਭਾਰਤ ਤੋਂ 5000 ਸ਼ਰਧਾਲੂ ਇਸ ਲਾਂਘੇ ਰਾਹੀਂ ਪਾਕਿਸਤਾਨ ਆਉਣਗੇ ਤਾਂ ਇਸ ਨੂੰ ਵੱਡੀ ਆਮਦਨ ਹੋਵੇਗੀ ਪਰ ਹੁਣ ਪਾਕਿਸਤਾਨ ਸਰਕਾਰ ਲਈ ਇਹ ਕਰਜ਼ਾ ਮੋੜਨਾ ਔਖਾ ਹੋ ਗਿਆ ਹੈ। ਪਾਕਿਸਤਾਨ ਸਰਕਾਰ ਦੀ 20 ਡਾਲਰ ਦੀ ਐਂਟਰੀ ਫ਼ੀਸ ਵੀ ਭਾਰਤ ਤੋਂ ਸ਼ਰਧਾਲੂਆਂ ਨੂੰ ਰੋਕਦੀ ਹੈ। ਅਮੀਰ ਸਿੰਘ ਅਨੁਸਾਰ ਜੇਕਰ ਭਾਰਤ ਸਰਕਾਰ ਪਾਸਪੋਰਟ ਦੀ ਸ਼ਰਤ ਨੂੰ ਮੁਆਫ਼ ਕਰ ਦਿੰਦੀ ਹੈ ਅਤੇ ਪਾਕਿਸਤਾਨ ਸਰਕਾਰ 20 ਡਾਲਰ ਦੀ ਐਂਟਰੀ ਫ਼ੀਸ ਦੀ ਸ਼ਰਤ ਨੂੰ ਮੁਆਫ਼ ਕਰ ਦਿੰਦੀ ਹੈ ਤਾਂ ਲਾਂਘੇ ਦੀ ਮਹੱਤਤਾ ਬਹੁਤ ਵੱਧ ਸਕਦੀ ਹੈ। ਫਿਰ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦੀ ਨੀਤੀ ਵੀ ਇਸ ਲਾਂਘੇ ਨੂੰ ਫੇਲ ਨਹੀਂ ਕਰ ਸਕੇਗੀ।

ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

ਇਸ ਸਬੰਧੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪ੍ਰਾਜੈਕਟ ਪ੍ਰਬੰਧਕਾਂ ਅਨੁਸਾਰ 17 ਨਵੰਬਰ 2021 ਤੋਂ 31 ਅਗਸਤ 2023 ਤੱਕ 6,80,381 ਸੰਗਤਾਂ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਮੱਥਾ ਟੇਕਿਆ, ਜਿਨ੍ਹਾਂ ’ਚੋਂ ਭਾਰਤੀਆਂ ਦੀ ਗਿਣਤੀ ਸਿਰਫ਼ 1,52,375 ਹੈ। ਇਸ ਸਬੰਧੀ ਭਾਰਤੀ ਸਿੱਖ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਕਰਤਾਰਪੁਰ ਲਾਂਘੇ ਲਈ ਸਿੱਖਾਂ ਦੀ ਮੰਗ ਬਹੁਤ ਪੁਰਾਣੀ ਸੀ। ਇਹ ਮੰਗ ਜ਼ਰੂਰ ਪੂਰੀ ਹੋ ਗਈ ਸੀ ਪਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਆਪਸੀ ਸਿਆਸੀ ਮਤਭੇਦਾਂ ਕਾਰਨ ਕਰਤਾਰਪੁਰ ਲਾਂਘਾ ਆਪਣੀ ਅਹਿਮੀਅਤ ਬਣਾਉਣ ’ਚ ਕਾਮਯਾਬ ਨਹੀਂ ਹੋ ਰਿਹਾ। ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ ਦੀਆਂ ਸ਼ਰਤਾਂ ’ਤੇ ਮੁੜ ਚਰਚਾ ਹੋਣੀ ਚਾਹੀਦੀ ਹੈ। ਭਾਰਤ ਲਈ ਪਾਸਪੋਰਟ ਦੀ ਸ਼ਰਤ ਅਤੇ ਪਾਕਿਸਤਾਨ ਲਈ 20 ਡਾਲਰ ਦੀ ਸ਼ਰਤ ਹਟਾਉਣ ਨਾਲ ਇਹ ਕਾਰੀਡੋਰ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਕਾਰੀਡੋਰ ਬਣ ਜਾਵੇਗਾ।

ਇਹ ਵੀ ਪੜ੍ਹੋ- ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News