ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 3 ਗ੍ਰਿਫਤਾਰ, 3 ਫਰਾਰ

Thursday, Jul 19, 2018 - 12:49 AM (IST)

ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 3 ਗ੍ਰਿਫਤਾਰ, 3 ਫਰਾਰ

 ਗੁਰਦਾਸਪੁਰ,   (ਵਿਨੋਦ, ਹਰਮਨਪ੍ਰੀਤ)- ਜ਼ਿਲਾ ਪੁਲਸ ਗੁਰਦਾਸਪੁਰ ’ਚ ਵੱਖ-ਵੱਖ ਪੁਲਸ ਸਟੇਸ਼ਨਾਂ ’ਚ ਸ਼ਰਾਬ ਦੀ ਚਾਲੂ ਭੱਠੀ ਸਹਿਤ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਕਰ ਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਤਿੰਨ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ’ਚ ਸਫਲ ਹੋਏ 
 ਦੀਨਾਨਗਰ : ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਹੰਸਾ ਸਿੰਘ ਪੁਲਸ ਪਾਰਟੀ  ਨਾਲ ਗਸ਼ਤ ਕਰ ਰਹੇ ਸਨ ਤਾਂ ਇਕ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਇਕ ਦੋਸ਼ੀ ਗੁਰਦੀਪ ਉਰਫ਼ ਪੱਪੀ ਪੁੱਤਰ ਮਨੋਹਰ ਲਾਲ ਨਿਵਾਸੀ ਪਿੰਡ ਡੀਡਾ ਸਾਂਸਿਆ ਘਰ ’ਚ ਸ਼ਰਾਬ ਤਿਆਰ ਕਰ ਕੇ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਗੁਰਦੀਪ ਦੇ ਘਰ ਛਾਪੇਮਾਰੀ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਘਰ ’ਚ ਸ਼ਰਾਬ ਦੀ ਚੱਲ ਰਹੀ ਭੱਠੀ, 100 ਕਿਲੋ ਲਾਹਣ ਤੇ 750 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ। ਦੋਸ਼ੀ ਨੂੰ ਧਾਰਾ 61-1-14 ਅਧੀਨ ਗ੍ਰਿਫਤਾਰ ਕੀਤਾ ਗਿਆ। 
 ਇਸੇ ਹੀ ਪੁਲਸ ਸਟੇਸ਼ਨ ’ਚ ਤਾਇਨਾਤ ਹੈੱਡ ਕਾਂਸਟੇਬਲ ਬਲਦੇਵ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਇਕ ਅੌਰਤ ਮੱਥੁ ਪਤਨੀ ਜਤਿੰਦਰ ਨਿਵਾਸੀ ਡੀਡਾ ਸਾਂਸਿਆਂ ਦੇ ਘਰ ’ਚ ਛਾਪੇਮਾਰੀ ਕੀਤੀ ਤਾਂ ਔਰਤ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋਣ ’ਚ ਸਫਲ ਹੋ ਗਈ ਪਰ ਪੁਲਸ ਨੇ ਮੱਥੁ ਦੇ ਘਰ ਵਿਚੋਂ 15000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।  
 ਇਸੇ ਹੀ ਤਰ੍ਹਾਂ ਦੀਨਾਨਗਰ ਪੁਲਸ ਸਟੇਸ਼ਨ ’ਚ ਤਾਇਨਾਤ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਜਦ ਬਰਿਆਰ ਕਾਲੋਨੀ ਪਹੁੰਚੇ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਦੋਸ਼ੀ ਰਘੂ ਪੁੱਤਰ ਮੋਹਨ ਲਾਲ ਨਿਵਾਸੀ ਬਰਿਆਰ ਦੇ ਘਰ ਛਾਪੇਮਾਰੀ ਕੀਤੀ ਤਾਂ ਦੋਸ਼ੀ ਆਪਣੇ ਘਰ ਦੇ ਵਿਹਡ਼ੇ ’ਚ ਸ਼ਰਾਬ ਵੇਚ ਰਿਹਾ ਸੀ। ਦੋਸ਼ੀ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ’ਚ ਸਫਲ ਹੋ ਗਿਆ ਪਰ ਘਰ ’ਚੋਂ ਪੁਲਸ ਨੇ 30000 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ। 
 ਭੈਣੀ ਮੀਆਂ ਖਾਂ : ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਪਿੰਡ ਮੌਜਪੁਰ ਨਿਵਾਸੀ ਦੋਸ਼ੀ ਰਤਨ ਸਿੰਘ ਪੁੱਤਰ ਸੰਤਾ ਸਿੰਘ ਹਿਮਾਚਲ ਪ੍ਰਦੇਸ਼ ਇਲਾਕੇ ਤੋਂ ਸ਼ਰਾਬ ਲਿਆ ਕੇ ਆਪਣੇ ਇਲਾਕੇ ’ਚ ਵੇਚਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪਿੰਡ ਮੌਜਪੁਰ ਦੇ ਕੋਲ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਪਲਾਸਟਿਕ ਦਾ ਕੇਨ ਛੱਡ ਕੇ ਭੱਜਣ ’ਚ ਸਫਲ ਹੋ ਗਿਆ। ਉਸ ਦੀ ਜਾਂਚ ਕਰਨ ’ਤੇ ਉਸ ਵਿਚੋਂ 30000 ਮਿਲੀਲਿਟਰ ਸ਼ਰਾਬ ਬਰਾਮਦ ਹੋਈ। ਦੋਸ਼ੀ ਰਤਨ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। 
 ਸਿਟੀ ਪੁਲਸ ਗੁਰਦਾਸਪੁਰ : ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਮੰਗਲ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਇਕ ਅੌਰਤ ਰਾਣੀ ਪਤਨੀ ਪ੍ਰੇਮ ਕੁਮਾਰ ਨਿਵਾਸੀ ਪਿੰਡ ਮਾਨਕੌਰ ਘਰ ’ਚ ਸ਼ਰਾਬ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰਦੀ ਹੈ। ਉਸ ਦੇ ਘਰ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ 7500 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ। 
 ਦੋਰਾਂਗਲਾ : ਦੋਰਾਂਗਲਾ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਗੁਰਮੀਤ ਸਿੰਘ ਪੁਲਸ ਪਾਰਟੀ  ਨਾਲ ਗਸ਼ਤ ਕਰ ਰਹੇ ਸਨ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਦੋਸ਼ੀ ਕਮਲਜੀਤ ਪੁੱਤਰ ਸੁਰਿੰਦਰ ਨਿਵਾਸੀ ਗਾਹਲਡ਼ੀ ਘਰ ’ਚ ਸ਼ਰਾਬ ਵੇਚ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਕਮਲਜੀਤ ਸਿੰਘ ਦੇ ਘਰ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਘਰ ਵਿਚੋਂ 22500 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ  ਗਈ। 


Related News