ਨਾਜਾਇਜ਼ ਸ਼ਰਾਬ ਪੀਣ ਨਾਲ ਪਿੰਡ ਬੱਡੂਵਾਲ ਦੇ ਨਿਸ਼ਾਨ ਸਿੰਘ ਦੀ ਮੌਤ

Wednesday, Feb 15, 2023 - 05:17 PM (IST)

ਨਾਜਾਇਜ਼ ਸ਼ਰਾਬ ਪੀਣ ਨਾਲ ਪਿੰਡ ਬੱਡੂਵਾਲ ਦੇ ਨਿਸ਼ਾਨ ਸਿੰਘ ਦੀ ਮੌਤ

ਕਿਸ਼ਨਪੁਰਾ ਕਲਾਂ (ਹੀਰੋ) : ਦਿਨੋਂ ਦਿਨ ਵੱਧ ਰਹੇ ਨਸ਼ਿਆਂ ਦੇ ਦਰਿਆ ਨੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ ਪਰ ਨਾਜਾਇਜ਼ ਨਸ਼ਾ ਆਪਣੀ ਲੜੀ ਟੁੱਟਣ ਦੀ ਬਜਾਏ ਅੱਗੇ ਵੱਧ ਰਿਹਾ ਹੈ। ਜਿਥੇ ਭੁੱਕੀ ਵੇਚਣ ਨਾਲ ਪ੍ਰਸਿੱਧ ਪਿੰਡ ਕੋਟ ਮੁਹੰਮਦ ਖਾਂ ਕਿਸੇ ਵੀ ਜਾਣ ਪਛਾਣ ਦਾ ਮੁਥਾਜ ਨਹੀਂ ਰਿਹਾ, ਉੱਥੇ ਹੁਣ ਚਿੱਟਾ ਅਤੇ ਨਾਜਾਇਜ਼ ਸ਼ਰਾਬ ਕਰ ਕੇ ਵੀ ਇਹ ਪਿੰਡ ਇਲਾਕੇ ਵਿਚ ਮਸ਼ਹੂਰ ਹੋ ਗਿਆ। ਪਿੰਡ ਕੋਟ ਮੁਹੰਮਦ ਖਾਂ ਭਾਵੇਂ ਕਿਸੇ ਵੀ ਨਸ਼ੇ ਕਰਕੇ ਪ੍ਰਸਿੱਧ ਹੋ ਚੁੱਕਾ ਹੈ ਪਰ ਹੁਣ ਇਸ ਨਗਰ ਵਿਚ ਨਾਜਾਇਜ਼ ਕੱਢੀ ਦੇਸੀ ਸ਼ਰਾਬ ਬਹੁਤ ਮਸ਼ਹੂਰ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਨੇੜਲੇ ਪਿੰਡਾਂ ਦੇ ਸ਼ਰਾਬ ਦੇ ਪਿਆਕੜ ਇਥੋਂ ਸ਼ਾਮ 4-5 ਵਜੇ ਮਗਰੋਂ ਆਪਣਾ ਮਨੋਰੰਜਨ ਕਰਨ ਲਈ ਆਉਂਦੇ ਹਨ ਅਤੇ ਡਿੱਗਦੇ-ਡਿੱਗਦੇ ਘਰਾਂ ਨੂੰ ਚਲੇ ਜਾਂਦੇ ਹਨ ਪਰ ਅੱਜ ਤਾਂ ਨਾਲ ਦੇ ਪਿੰਡ ਬੱਡੂਵਾਲ ਦੇ ਗੰਗਾ ਸਿੰਘ ਦੇ ਮੁੰਡੇ ਨਿਸ਼ਾਨ ਸਿੰਘ ਲੱਲੇ ਦੀ ਨਾਜਾਇਜ਼ ਸ਼ਰਾਬ ਪੀਣ ਨਾਲ ਮੌਤ ਹੋ ਗਈ, ਜੋ ਪਿਛਲੇ ਸਮੇਂ ਤੋਂ ਪਿੰਡ ਕੋਟ ਮੁਹੰਮਦ ਖਾਂ ਵਿਖੇ ਨਾਜਾਇਜ਼ ਸ਼ਰਾਬ ਪੀਣ ਲਈ ਆਉਂਦਾ ਸੀ।

ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਨਾਜਾਇਜ਼ ਦੇਸੀ ਸ਼ਰਾਬ ਵਿਚ ਅਲਕੋਲ ਦੀ ਵਰਤੋਂ ਕਰਨ ਨਾਲ ਸ਼ਰਾਬ ਪੀਣ ਦੇ ਸ਼ੌਕੀਨਾਂ ਦੇ ਸਰੀਰਾਂ ਦਾ ਨੁਕਸਾਨ ਹੋ ਰਿਹਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਇਲਾਕੇ ਦੇ ਵੱਖ-ਵੱਖ ਆਗੂਆਂ ਨੇ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹ ਪਿੰਡ ਕੋਟ ਮੁਹੰਮਦ ਖਾਂ ਵਿਚ ਦਿਨੋਂ-ਦਿਨ ਵੱਧ ਰਹੇ ਨਸ਼ਿਆਂ ਨੂੰ ਠੱਲ ਪਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਮਾੜੇ ਨਤੀਜੇ ਨਾ ਭੁਗਤਣੇ ਪੈਣ।


author

Gurminder Singh

Content Editor

Related News