ਨਾਜਾਇਜ਼ ਕਬਜ਼ੇ ਢਾਹੁਣ ਗਏ ਐਕਸੀਅਨ, ਹੈੱਡ ਡਰਾਫਟਸਮੈਨ ਤੇ ਹੋਰਨਾਂ ਕਰਮਚਾਰੀਆਂ ’ਤੇ ਜਾਨਲੇਵਾ ਹਮਲਾ

04/21/2022 1:36:39 PM

ਜਲੰਧਰ (ਚੋਪੜਾ)– ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਚ ਬੀਤੇ ਦਿਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੰਪਰੂਵਮੈਂਟ ਟਰੱਸਟ ਜਲੰਧਰ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਹੋ ਰਹੇ ਕਬਜ਼ੇ ਨੂੰ ਰੋਕਣ ਲਈ ਗਏ ਟਰੱਸਟ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਲਗਭਗ ਸਵਾ ਘੰਟੇ ਤੱਕ ਬੰਧਕ ਬਣਾਈ ਰੱਖਿਆ। ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਹੋਈ ਕੁੱਟਮਾਰ ਅਤੇ ਬੰਧਕ ਬਣਾਉਣ ਦੀ ਸੂਚਨਾ ਮਿਲਦੇ ਹੀ ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਗਿੱਲ, ਐੱਸ. ਈ. ਸਤਿੰਦਰ ਸਿੰਘ ਅਤੇ ਵਿਕਰਮ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪੀ. ਸੀ. ਆਰ. ਦੀ ਮਦਦ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਮਲਾਵਰਾਂ ਦੇ ਚੁੰਗਲ ਵਿਚੋਂ ਛੁਡਵਾਇਆ, ਜਿਸ ਉਪਰੰਤ ਟਰੱਸਟ ਵੱਲੋਂ ਥਾਣਾ ਰਾਮਾ ਮੰਡੀ ਵਿਚ ਜਾ ਕੇ ਹਮਲਾਵਰਾਂ ਖ਼ਿਲਾਫ਼ ਲਿਖਿਤ ਸ਼ਿਕਾਇਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਉੱਜੜਿਆ ਇਕ ਹੋਰ ਪਰਿਵਾਰ, ਗੋਰਾਇਆ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਇਸ ਸਬੰਧੀ ਟਰੱਸਟ ਦੇ ਐਕਸੀਅਨ ਜਸਵੰਤ ਸਿੰਘ ਅਤੇ ਹੈੱਡ ਡਰਾਫਟਸਮੈਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਚ ਟਰੱਸਟ ਦੀ ਲਗਭਗ 4 ਮਰਲਾ ਜ਼ਮੀਨ ’ਤੇ ਕੁਝ ਲੋਕ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਨਿਰਮਾਣ ਕਰ ਰਹੇ ਹਨ, ਜਿਸ ਉਪਰੰਤ ਉਨ੍ਹਾਂ ਨੇ ਈ. ਓ. ਪਰਮਿੰਦਰ ਸਿੰਘ ਗਿੱਲ ਤੋਂ ਆਰਡਰ ਲੈ ਕੇ ਕਬਜ਼ਾ ਡੇਗਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਪਰ ਉਸੇ ਦੌਰਾਨ ਇਕ ਵਿਅਕਤੀ, ਉਸ ਦੇ 2 ਪੁੱਤਰਾਂ ਅਤੇ ਕੁਝ ਸਮਰਥਕਾਂ ਨੇ ਮੌਕੇ ’ਤੇ ਆਉਂਦੇ ਹੀ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਸਵੰਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਸਰਕਾਰੀ ਕਾਰ ਦੀਆਂ ਚਾਬੀਆਂ ਤੱਕ ਖੋਹ ਲਈਆਂ ਅਤੇ ਉਨ੍ਹਾਂ ਨੂੰ ਜਬਰੀ ਬੰਧਕ ਬਣਾਈ ਰੱਖਿਆ ਅਤੇ ਲਗਾਤਾਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ। ਐਕਸੀਅਨ ਨੇ ਦੱਸਿਆ ਕਿ ਇਕ ਕਰਮਚਾਰੀ ਨੇ ਮੌਕਾ ਵੇਖ ਕੇ ਤੁਰੰਤ ਟਰੱਸਟ ਅਧਿਕਾਰੀਆਂ ’ਤੇ ਹੋਏ ਹਮਲੇ ਦੀ ਜਾਣਕਾਰੀ ਈ. ਓ. ਅਤੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਹਮਲਾਵਰਾਂ ਤੋਂ ਬਚਾਇਆ।

ਹਮਲਾਵਰਾਂ ਨੇ ਟਰੱਸਟ ਅਧਿਕਾਰੀਆਂ ਕੋਲ ਪਲਾਟ ਦੀ ਐੱਨ. ਓ. ਸੀ. ਮਿਲਣ, ਰਜਿਸਟਰੀ ਹੋਣ ਦਾ ਵੀ ਜਤਾਇਆ ਦਾਅਵਾ
ਐਕਸੀਅਨ ਜਸਵੰਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਲੋਕ ਕਬਜ਼ੇ ਨੂੰ ਡੇਗਣ ਦੀ ਕਾਰਵਾਈ ਕਰ ਰਹੇ ਸਨ, ਉਦੋਂ 7-8 ਲੋਕਾਂ ਨੇ ਆ ਕੇ ਉਨ੍ਹਾਂ ’ਤੇ ਤਾਬੜਤੋੜ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਟਰੱਸਟ ਅਧਿਕਾਰੀਆਂ ਨੂੰ ਦੂਰ ਤੋਂ ਹੀ ਇਕ ਕਾਗਜ਼ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇਸ ਪਲਾਟ ਦੀ ਟਰੱਸਟ ਤੋਂ ਐੱਨ. ਓ. ਸੀ. ਲਈ ਹੋਈ ਹੈ ਅਤੇ ਉਨ੍ਹਾਂ ਕੋਲ ਪ੍ਰਾਪਰਟੀ ਦੀ ਰਜਿਸਟਰੀ ਹੋਣ ਤੋਂ ਇਲਾਵਾ ਕਮਰਸ਼ੀਅਲ ਸਾਈਟ ਦੇ ਨਿਰਮਾਣ ਨੂੰ ਲੈ ਕੇ ਨਗਰ ਨਿਗਮ ਤੋਂ ਨਕਸ਼ਾ ਵੀ ਪਾਸ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਹਮਲਾਵਰਾਂ ਨੂੰ ਐੱਨ. ਓ. ਸੀ. ਵਿਖਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਬਿਨਾਂ ਕੋਈ ਗੱਲ ਕੀਤੇ ਸਾਰਿਆਂ ਨਾਲ ਕੁੱਟਮਾਰ ਜਾਰੀ ਰੱਖੀ। ਜਸਵੰਤ ਸਿੰਘ ਨੇ ਕਿਹਾ ਕਿ ਜ਼ਮੀਨ ਟਰੱਸਟ ਦੀ ਹੈ ਅਤੇ ਇਸ ਦੇ ਨਿਰਮਾਣ ਨੂੰ ਲੈ ਕੇ ਨਿਸ਼ਾਨਦੇਹੀ ਵੀ ਟਰੱਸਟ ਤੋਂ ਹੀ ਲੈਣੀ ਜ਼ਰੂਰੀ ਹੈ। ਹੁਣ ਰਿਕਾਰਡ ਵਿਚ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ:ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪਰਿਵਾਰ ਨੇ ਪ੍ਰੇਮ ਸੰਬੰਧਾਂ ਕਾਰਨ ਜਤਾਇਆ ਕਤਲ ਦਾ ਖ਼ਦਸ਼ਾ

ਵੀਰਵਾਰ ਸਬੰਧਤ ਪ੍ਰਾਪਰਟੀ ਦੀ ਫਾਈਲ ਕੱਢ ਕੇ ਰਿਕਾਰਡ ਜਾਂਚਾਂਗੇ : ਈ. ਓ. ਪਰਮਿੰਦਰ ਸਿੰਘ
ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਐਕਸੀਅਨ, ਹੈੱਡ ਡਰਾਫਟਸਮੈਨ ਅਤੇ ਹੋਰ ਲੋਕਾਂ ’ਤੇ ਹੋਏ ਹਮਲੇ ਅਤੇ ਬੰਧਕ ਬਣਾਏ ਜਾਣ ਦੀ ਘਟਨਾ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੱਲ ਹੀ ਇਸ ਪ੍ਰਾਪਰਟੀ ਨਾਲ ਸਬੰਧਤ ਫਾਈਲ ਕਢਵਾ ਕੇ ਰਿਕਾਰਡ ਦੀ ਜਾਂਚ ਕਰਨਗੇ। ਜੇਕਰ ਰਿਕਾਰਡ ਵਿਚ ਕੋਈ ਛੇੜਛਾੜ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਲਿਖਾਂਗੇ।

ਅਧਿਕਾਰੀਆਂ ਨਾਲ ਕੁੱਟਮਾਰ ਨਿੰਦਣਯੋਗ, ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ : ਘਨਸ਼ਾਮ ਥੋਰੀ
ਇਸ ਸਾਰੇ ਮਾਮਲੇ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਇੰਪਰਵੂਮੈਂਟ ਟਰੱਸਟ ਜਲੰਧਰ ਘਨਸ਼ਾਮ ਥੋਰੀ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨਾਲ ਕੁੱਟਮਾਰ ਹੋਣਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਵਿਭਾਗ ਨੇ ਇਸ ਸਬੰਧੀ ਪੁਲਸ ਨੂੰ ਕੰਪਲੇਂਟ ਕਰ ਦਿੱਤੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਸਬੰਧੀ ਸਾਰਾ ਰਿਕਾਰਡ ਵੀ ਉਨ੍ਹਾਂ ਨੇ ਤਲਬ ਕਰ ਲਿਆ ਹੈ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਨਹੀਂ ਮਿਲੀ ਜ਼ਮਾਨਤ, ਨਿਆਇਕ ਹਿਰਾਸਤ 'ਚ ਕੀਤਾ ਵਾਧਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News