ਸ੍ਰੀ ਕੀਰਤਪੁਰ ਸਾਹਿਬ ਵਿਖੇ ਲੋਹੰਡ ਖੱਡ ’ਚ ਧੜੱਲੇ ਨਾਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

Monday, Sep 18, 2023 - 01:28 PM (IST)

ਸ੍ਰੀ ਕੀਰਤਪੁਰ ਸਾਹਿਬ ਵਿਖੇ ਲੋਹੰਡ ਖੱਡ ’ਚ ਧੜੱਲੇ ਨਾਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਇਕ ਪਾਸੇ ਜਿੱਥੇ ਸੂਬਾ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ’ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਸ੍ਰੀ ਕੀਰਤਪੁਰ ਸਾਹਿਬ ਲੋਹੰਡ ਖੱਡ ਵਿਚ ਮਿਲੀ ਭੁਗਤ ਨਾਲ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਆੜ ’ਚ ਪੰਜਾਬ ਦੇ ਇਲਾਕੇ ਵਿਚ ਵੀ ਬੇਰੋਕ ਗੈਰ-ਕਾਨੂੰਨੀ ਮਾਈਨਿੰਗ ਕਰਕੇ ਪੰਜਾਬ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਜਦੋਂ ਪੱਤਰਕਾਰ ਲੋਹੰਡ ਖੱਡ ’ਚ ਪੁੱਜੇ ਤਾਂ ਉਥੋਂ ਮਾਈਨਿੰਗ ਮਟੀਰੀਅਲ ਨਾਲ ਭਰੇ ਦਰਜਨਾਂ ਟਿੱਪਰ ਅਤੇ ਟ੍ਰੈਕਟਰ-ਟਰਾਲੀਆਂ ਨਿਕਲ ਰਹੀਆਂ ਸਨ। ਪੱਤਰਕਾਰਾਂ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਲੋਹੰਡ ਖੱਡ ਵਿਚ ਪੁਟਾਈ ਕਰਨ ਲੱਗੀਆਂ ਜੇ. ਸੀ. ਬੀ. ਮਸ਼ੀਨਾਂ ਨੂੰ ਉਨ੍ਹਾਂ ਦੇ ਚਾਲਕਾਂ ਨੇ ਕਾਹਲੀ ਨਾਲ ਖੱਡ ’ਚੋਂ ਕੱਢ ਕੇ ਸਾਈਡ ’ਤੇ ਵੱਖ-ਵੱਖ ਥਾਂਵਾਂ ’ਤੇ ਖੜ੍ਹਾ ਕਰ ਦਿੱਤਾ।  ਜ਼ਿਕਰਯੋਗ ਕਿ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦਾ ਏਰੀਆ ਵੀ ਲੋਹੰਡ ਖੱਡ ’ਚ ਪੈਂਦਾ ਹੈ, ਜੋਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ’ਚੋਂ ਲੰਘਦਾ ਹੈ। ਜਿੱਥੇ ਮਾਲਕਾਂ ਦੀ ਜ਼ਮੀਨ ਖੁੱਲ੍ਹੇ ਰਕਬੇ ਦੇ ਨਾਲ-ਨਾਲ ਵੱਡਾ ਹਿੱਸਾ ਜੰਗਲਾਤ ਵਿਭਾਗ ਦੀ ਦਫ਼ਾ ਚਾਰ ਅਤੇ ਦਫ਼ਾ ਪੰਜ ਦੇ ਅਧੀਨ ਬੰਦ ਰਕਬਾ ਵੀ ਹੈ।

ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

6 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਵਸੂਲ ਕੀਤੀ ਜਾ ਹੀ ਹੈ ਫ਼ੀਸ
ਸੂਬਾ ਸਰਕਾਰ ਨੇ ਪੰਜਾਬ ਦੇ ਇਲਾਕੇ ਵਿਚ ਉਕਤ ਖੱਡ ਵਿਚ ਮਾਈਨਿੰਗ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਰੱਖੀ ਹੈ ਪਰ ਇਸ ਦੇ ਬਾਵਜੂਦ ਇਲਾਕੇ ਵਿੱਚ ਸਰਗਰਮ ਮਾਈਨਿੰਗ ਮਾਫ਼ੀਆ ਵੱਲੋਂ ਹਿਮਾਚਲ ਪ੍ਰਦੇਸ਼ ਦੀ ਆੜ ’ਚ ਪੰਜਾਬ ਦੇ ਇਲਾਕੇ ’ਚ ਵੀ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਵੱਖ-ਵੱਖ ਥਾਂਵਾਂ ’ਤੇ ਜੇ. ਸੀ. ਬੀ ਮਸ਼ੀਨਾਂ ਲਗਾ ਕੇ ਖੁੱਲ੍ਹੇ ਖੇਤਰ ਦੇ ਨਾਲ-ਨਾਲ ਬੰਦ ਰਕਬੇ ’ਚੋਂ ਵੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਰੋਜ਼ਾਨਾ ਮਾਈਨਿੰਗ ਮਟੀਰੀਅਲ ਨਾਲ ਭਰੇ ਸੈਂਕੜੇ ਟਿੱਪਰ ਲੋਹੰਡ ਖੱਡ ਤੋਂ ਬਾਹਰ ਭਰਤਗੜ੍ਹ ਦੇ ਕਰੈਸ਼ਰਾਂ ਨੂੰ ਭੇਜੇ ਜਾ ਰਹੇ ਹਨ। ਇਸ ਮਾਲ ਨੂੰ ਹਿਮਾਚਲ ਪ੍ਰਦੇਸ਼ ਤੋਂ ਲਿਆਂਦਾ ਮਾਲ ਦੱਸ ਕੇ ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਲੋਹੰਡ ਖੱਡ ਵਿਚ ਨਹਿਰ ਦੇ ਨਜ਼ਦੀਕ ਬਣਾਈ ਚੌਕੀ ਤੋਂ ਟਿੱਪਰ ਵਾਲਿਆਂ ਤੋਂ 6 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਫੀਸ ਵਸੂਲੀ ਜਾ ਰਹੀ ਹੈ ਅਤੇ ਬਿਨਾਂ ਇਹ ਜਾਂਚ ਕੀਤੇ ਕਿ ਇਹ ਮਾਲ ਪੰਜਾਬ ਦਾ ਹੈ ਜਾਂ ਹਿਮਾਚਲ ਪ੍ਰਦੇਸ਼ ਦਾ ਟਿੱਪਰਾਂ ਨੂੰ ਅੱਗੇ ਭੇਜ ਦਿੱਤਾ ਜਾਂਦਾ ਹੈ।

ਮੌਕੇ ’ਤੇ ਟਿੱਪਰਾਂ ’ਚ ਲੋਡ ਮਾਈਨਿੰਗ ਸਮੱਗਰੀ ਕਿੱਥੋਂ ਆ ਰਹੀ ਹੈ ਜਾਂ ਮਾਲ ਦੇ ਬਿੱਲ ਚੈੱਕ ਕਰਨ ਲਈ ਮਾਈਨਿੰਗ ਵਿਭਾਗ ਦਾ ਕੋਈ ਵੀ ਵੱਡਾ ਅਧਿਕਾਰੀ ਨਾਕੇ ’ਤੇ ਮੌਜੂਦ ਨਹੀਂ ਸੀ, ਸਿਰਫ਼ ਇਕ ਦਰਜਾ ਚਾਰ ਕਰਮਚਾਰੀ ਅਤੇ ਇਕ ਪਰਚੀ ਕੱਟਣ ਵਾਲਾ ਠੇਕੇ ’ਤੇ ਰੱਖਿਆ ਕਰਮਚਾਰੀ ਹੀ ਨਾਕੇ ਚੌਂਕੀ ’ਤੇ ਮੌਜੂਦ ਸੀ ਉਨ੍ਹਾਂ ਦੀ ਸੁਰਖਿਆ ਲਈ ਪੀ. ਏ. ਪੀ. ਦੇ ਮੁਲਾਜ਼ਮ ਵੀ ਤਾਇਨਾਤ ਸਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕਈ ਟਿੱਪਰ ਚਾਲਕ ਦੇਰ ਸਵੇਰ ਮਿਲੀ ਭੁਗਤ ਨਾਲ ਇਕ ਪਰਚੀ ’ਤੇ ਤਿੰਨ ਚੱਕਰ ਵੀ ਲਗਾ ਦਿੰਦੇ ਹਨ।

ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

ਅਧਿਕਾਰੀਆਂ ਦੀਆਂ ਟੀਮਾਂ ਨੂੰ ਕਾਰਵਾਈ ਲਈ ਮੌਕੇ ’ਤੇ ਭੇਜਿਆ ਜਾ ਰਿਹਾ ਹੈ: ਐਕਸੀਅਨ ਹਰਸ਼ਾਂਤ ਵਰਮਾ
ਇਸ ਸਬੰਧੀ ਜਦੋਂ ਪੰਜਾਬ ਮਾਈਨਿੰਗ ਵਿਭਾਗ ਦੇ ਐਕਸੀਅਨ ਹਰਸ਼ਾਂਤ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਉਹ ਤੁਰੰਤ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਨੂੰ ਲੋਹੰਡ ਖੱਡ ਮੌਕੇ ’ਤੇ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਏਰੀਏ ਵਿਚ ਮਾਈਨਿੰਗ ਹੁੰਦੀ ਹੋਈ ਤਾਂ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਾਨਸੂਨ ਸੀਜ਼ਨ ਕਾਰਨ ਹਿਮਾਚਲ ਪ੍ਰਦੇਸ਼ ’ਚ ਮਾਈਨਿੰਗ ’ਤੇ ਪਾਬੰਦੀ ਹੈ: ਨਿਸ਼ਾਂਤ ਸ਼ਰਮਾ
ਇਸ ਸਬੰਧੀ ਜਦੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦੇ ਮਾਈਨਿੰਗ ਇੰਸਪੈਕਟਰ ਨਿਸ਼ਾਂਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਕਾਰਨ ਹਿਮਾਚਲ ਪ੍ਰਦੇਸ਼ ’ਚ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ ਜੋ ਵੀ ਮਾਈਨਿੰਗ ਹੋ ਰਹੀ ਹੈ ਉਹ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਾਈਨਿੰਗ ਵਿਭਾਗ ਵੱਲੋਂ ਲਾਏ ਗਏ ਚੈੱਕ ਪੁਆਇੰਟ ’ਤੇ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਮਾਈਨਿੰਗ ਮਟੀਰੀਅਲ ਬਾਰੇ ਚੈੱਕ ਪੋਸਟ ’ਤੇ ਮੌਜੂਦ ਅਧਿਕਾਰੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਇਹ ਮਾਲ ਸੱਚਮੁੱਚ ਹਿਮਾਚਲ ਪ੍ਰਦੇਸ਼ ਤੋਂ ਆਇਆ ਹੈ ਜਾਂ ਨਹੀਂ। ਇਸ ਦੇ ਨਾਲ ਹੀ ਉਕਤ ਮਾਲ ਦਾ ਹਿਮਾਚਲ ਪ੍ਰਦੇਸ਼ ਦਾ ਬਿੱਲ ਵੀ ਚੈੱਕ ਕਰਨਾ ਚਾਹੀਦਾ ਹੈ । ਜੇਕਰ ਟਿੱਪਰ ਚਾਲਕਾਂ ਪਾਸ ਮਾਈਨਿੰਗ ਮਟੀਰੀਅਲ ਦਾ ਹਿਮਾਚਲ ਪ੍ਰਦੇਸ਼ ਦਾ ਬਿੱਲ ਨਹੀਂ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਮਾਲ ਚੋਰੀ ਪੁੱਟ ਕੇ ਲਿਆਂਦਾ ਗਿਆ ਹੈ। ਸਾਫ਼ ਹੈ ਕਿ ਮਾਈਨਿੰਗ ਮਾਫੀਆ ਵੱਲੋਂ ਮਾਈਨਿੰਗ ਤਾਂ ਕੀਤੀ ਜਾ ਰਹੀ ਹੈ, ਭਾਵੇਂ ਪੰਜਾਬ ਹੋਵੇ ਜਾਂ ਹਿਮਾਚਲ ਪ੍ਰਦੇਸ਼, ਦੋਵਾਂ ਸੂਬਿਆਂ ਵਿਚ ਮਾਈਨਿੰਗ ’ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਪੰਜਾਬ ਦਾ ਮਾਈਨਿੰਗ ਵਿਭਾਗ ਅਤੇ ਨਾ ਹੀ ਹਿਮਾਚਲ ਪ੍ਰਦੇਸ਼ ਦਾ ਮਾਈਨਿੰਗ ਵਿਭਾਗ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਹੈ।

ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News