ਸ਼ਹਿਰ ''ਚ ਸੈਂਕੜੇ ਥਾਈਂ ਨਾਜਾਇਜ਼ ਪਟਾਕਾ ਸਟਾਕ, ਕਾਰਵਾਈ ਕੁਝ ਕੁ ''ਤੇ
Saturday, Mar 31, 2018 - 11:55 AM (IST)

ਜਲੰਧਰ (ਰਵਿੰਦਰ ਸ਼ਰਮਾ)— ਹਰ ਸਾਲ ਦੀਵਾਲੀ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਬਰਲਟਨ ਪਾਰਕ 'ਚ ਸੈਂਕੜੇ ਦੁਕਾਨਾਂ ਅਲਾਟ ਕੀਤੀਆਂ ਜਾਂਦੀਆਂ ਹਨ, ਜਿੱਥੇ ਪਟਾਕੇ ਵੇਚੇ ਜਾਂਦੇ ਹਨ। ਭੀੜ ਭਾੜ ਵਾਲੇ ਇਲਾਕੇ ਤੋਂ ਦੂਰ ਗਰਾਊਂਡ 'ਚ ਇਸ ਲਈ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ। ਪੁਲਸ ਅਤੇ ਪ੍ਰਸ਼ਾਸਨ ਦਾ ਸਾਰਾ ਜ਼ੋਰ ਅਤੇ ਦਿਮਾਗ ਵੀ ਬਸ ਦੀਵਾਲੀ ਤੱਕ ਹੀ ਲੱਗਦਾ ਹੈ।
ਇਸ ਤੋਂ ਬਾਅਦ ਸਭ ਕੁਝ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ। ਦੀਵਾਲੀ ਤੋਂ ਬਾਅਦ ਬਚੇ ਇਨ੍ਹਾਂ ਪਟਾਕਿਆਂ ਨੂੰ ਇਹ ਦੁਕਾਨਦਾਰ ਕਿੱਥੇ ਰੱਖਦੇ ਹਨ ਅਤੇ ਕਿੰਨਾ ਨਾਜਾਇਜ਼ ਪਟਾਕਾ ਸ਼ਹਿਰ 'ਚ ਸਟੋਰ ਕੀਤਾ ਜਾਂਦਾ ਹੈ, ਇਸ ਦਾ ਅੱਜ ਤੱਕ ਨਾ ਤਾਂ ਪੁਲਸ ਪਤਾ ਲਗਾ ਸਕੀ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਨੇ ਕਦੀ ਇਸ ਦਾ ਡਾਟਾ ਇਕੱਠਾ ਕਰਨਾ ਜ਼ਰੂਰੀ ਸਮਝਿਆ ਹੈ।
ਹਰ ਦੀਵਾਲੀ 'ਤੇ ਸ਼ਹਿਰ 'ਚ ਕਰੋੜਾਂ ਰੁਪਿਆਂ ਦਾ ਪਟਾਕਾ ਵੇਚਿਆ ਜਾਂਦਾ ਹੈ। ਪਟਾਕਾ ਵਿਕਰੇਤਾ ਕਈ ਮਹੀਨੇ ਪਹਿਲਾਂ ਹੀ ਪਟਾਕੇ ਸਟੋਰ ਕਰਨੇ ਸ਼ੁਰੂ ਕਰ ਦਿੰਦੇ ਹਨ। ਇਸ ਵਾਰ ਵੀ ਪਟਾਕੇ ਸਟੋਰ ਕੀਤੇ ਗਏ ਸਨ। ਅਚਾਨਕ ਪ੍ਰਦੂਸ਼ਣ ਨੂੰ ਲੈ ਕੇ ਹਾਈਕੋਰਟ ਨੇ ਸਖਤੀ ਵਿਖਾਈ ਅਤੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਕਾਰਨ ਇਸ ਵਾਰ ਵੀ ਪਟਾਕੇ ਘੱਟ ਵਿਕੇ ਸਨ, ਜਿਸ ਕਾਰਨ ਬਚੇ ਹੋਏ ਪਟਾਕਿਆਂ ਨੂੰ ਸ਼ਹਿਰ 'ਚ ਦੁਕਾਨਦਾਰਾਂ ਨੇ ਸਟੋਰ ਕਰ ਲਿਆ ਸੀ ਪਰ ਪੁਲਸ ਅਤੇ ਪ੍ਰਸ਼ਾਸਨ ਨੇ ਕਦੀ ਇਹ ਦੇਖਣ ਹੀ ਜਹਿਮਤ ਨਹੀਂ ਉਠਾਈ ਕਿ ਆਖਿਰ ਇਹ ਪਟਾਕੇ ਕਿੱਥੇ ਰੱਖੇ ਗਏ ਹਨ ਅਤੇ ਇਸ ਨਾਲ ਕਿੰਨੀ ਹਾਨੀ ਪਹੁੰਚ ਸਕਦੀ ਹੈ। ਪੁਲਸ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਹੀ ਸੀ ਕਿ ਮੰਗਲਵਾਰ ਨੂੰ ਰਿਆਜ਼ਪੁਰਾ ਇਲਾਕੇ 'ਚ ਹਾਦਸਾ ਵਾਪਰਿਆ, ਜਿਸ 'ਚ ਇਕ ਲੜਕੀ ਰਾਧਿਕਾ ਦੀ ਮੌਤ ਹੋ ਗਈ ਅਤੇ ਕਈ ਮੌਤ ਨਾਲ ਜੂਝ ਰਹੇ ਹਨ।
'ਜਗ ਬਾਣੀ' 'ਚ ਇਸ ਗੱਲ ਦਾ ਖੁਲਾਸਾ ਕਰਨ ਤੋਂ ਬਾਅਦ ਕਿ ਅਧਿਕਾਰੀ ਸਿਰਫ ਆਪਣੇ ਹੁਕਮਾਂ ਨੂੰ ਜਾਰੀ ਕਰਨ ਤੱਕ ਹੀ ਆਪਣੀ ਡਿਊਟੀ ਸਮਝਦੇ ਹਨ, ਤੋਂ ਬਾਅਦ ਬੁੱਧਵਾਰ ਨੂੰ ਪੁਲਸ ਜਾਗੀ। ਨਾਜਾਇਜ਼ ਪਟਾਕਿਆਂ ਨੂੰ ਲੈ ਕੇ ਪੁਲਸ ਨੇ ਸਵੇਰੇ-ਸਵੇਰੇ ਕੁਝ ਮੁਸਤੈਦੀ ਦਿਖਾਈ। ਭਾਵੇਂ ਪੁਲਸ ਦੀ ਕਾਰਵਾਈ ਤੋਂ ਪਹਿਲਾਂ ਹੀ ਖਬਰ ਲੀਕ ਹੋ ਗਈ ਅਤੇ ਅਟਾਰੀ ਬਾਜ਼ਾਰ ਸਣੇ ਹੋਰ ਬਾਜ਼ਾਰਾਂ 'ਚ ਦੁਕਾਨਾਂ ਬੰਦ ਹੋ ਗਈਆਂ। ਪੁਲਸ ਨੇ ਇਸ ਤੋਂ ਬਾਅਦ ਬਸਤੀਆਂ ਇਲਾਕੇ ਸਣੇ ਹੋਰ ਇਲਾਕਿਆਂ 'ਚ ਛਾਪਾਮਾਰੀ ਕਰ ਕੇ ਕੁਝ ਪਟਾਕਿਆਂ ਨੂੰ ਜ਼ਬਤ ਕੀਤਾ। ਇਸ ਤੋਂ ਬਾਅਦ ਪੁਲਸ ਦੀ ਕਾਰਵਾਈ ਠੰਡੀ ਹੋ ਗਈ। ਕਹਿਣ ਨੂੰ ਤਾਂ ਸ਼ਹਿਰ ਵਿਚ ਸੈਂਕੜੇ ਥਾਵਾਂ 'ਤੇ ਨਾਜਾਇਜ਼ ਪਟਾਕੇ ਸਟੋਰ ਕੀਤੇ ਗਏ ਹਨ ਪਰ ਪੁਲਸ ਨੂੰ ਮਿਲੇ ਇਕਾ ਦੁੱਕਾ ਹੀ। ਸ਼ਾਇਦ ਸ਼ਹਿਰ ਦੀਆਂ ਵੱਡੀਆਂ ਮੱਛੀਆਂ ਦੀ ਪਹੁੰਚ ਤੋਂ ਪੁਲਸ ਨੂੰ ਡਰ ਲੱਗ ਰਿਹਾ ਹੈ। ਇਹ ਹੀ ਕਾਰਨ ਹੈ ਕਿ ਪੁਲਸ ਨੇ ਇਕ ਦਿਨ ਦੀ ਕਾਰਵਾਈ ਤੋਂ ਬਾਅਦ ਹੀ ਆਪਣੀ ਕਾਰਵਾਈ ਠੰਡੇ ਬਸਤੇ ਵਿਚ ਪਾ ਦਿੱਤੀ। ਸ਼ਹਿਰ 'ਚ ਕਿੰਨੀਆਂ ਦੁਕਾਨਾਂ ਹਨ ਅਤੇ ਕਿੰਨੀ ਜਗ੍ਹਾ ਨਾਜਾਇਜ਼ ਪਟਾਕੇ ਸਟੋਰ ਕੀਤੇ, ਇਸਦਾ ਡਾਟਾ ਵੀ ਅਜੇ ਤੱਕ ਪੁਲਸ ਨਹੀਂ ਜੁਟਾ ਸਕੀ। ਭਾਵੇਂ ਸੀ. ਐੱਮ. ਦੀ ਗੰਭੀਰਤਾ ਤੋਂ ਬਾਅਦ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਸਾਰੇ ਏ. ਸੀ. ਪੀਜ਼ ਨੂੰ ਨਾਜਾਇਜ਼ ਪਟਾਕਾ ਗੋਦਾਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।