ਨਾਜਾਇਜ਼ ਸ਼ਰਾਬ ਅਤੇ ਲਾਹਣ ਸਣੇ ਜਨਾਨੀ ਕਾਬੂ, 2 ਵਿਅਕਤੀ ਫਰਾਰ

Friday, Jan 08, 2021 - 04:22 PM (IST)

ਨਾਜਾਇਜ਼ ਸ਼ਰਾਬ ਅਤੇ ਲਾਹਣ ਸਣੇ ਜਨਾਨੀ ਕਾਬੂ, 2 ਵਿਅਕਤੀ ਫਰਾਰ

ਜਲਾਲਾਬਾਦ (ਬਜਾਜ) : ਥਾਣਾ ਸਿਟੀ ਅਤੇ ਥਾਣਾ ਵੈਰੋਕੇ ਦੀ ਪੁਲਸ ਨੇ ਸਵਾ 184 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 10 ਲਿਟਰ ਲਾਹਣ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ, ਜਦਕਿ ਦੋ ਵਿਅਕਤੀ ਫਰਾਰ ਹੋ ਗਏ ਹਨ। ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਪਰਚੇ ਸਬੰਧੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਮੱਖਣ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੇ ਨਾਲ ਬੀਤੇ ਦਿਨ 7 ਦਸੰਬਰ ਨੂੰ ਰਾਤ ਕਰੀਬ 9.20 ਵਜੇ ਪਿੰਡ ਟਿਵਾਣਾ ਮੋਡ਼ ਐੱਫ. ਐੱਫ. ਮਾਰਗ ’ਤੇ ਮੌਜੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਸੂਚਨਾ ਮਿਲਣ ਉਪਰੰਤ ਛਾਪੇਮਾਰੀ ਕਰਕੇ ਇਕ ਔਰਤ ਪਰਮਜੀਤ ਕੌਰ ਪਤਨੀ ਬਲਵੰਤ ਸਿੰਘ ਵਾਸੀ ਟਿਵਾਨਾ ਕਲਾਂ ਨੂੰ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ।

ਉਧਰ ਥਾਣਾ ਵੈਰੋਕੇ ਵਿਖੇ ਦਰਜ ਹੋਏ ਪਰਚੇ ਦੇ ਤਫਤੀਸ਼ੀ ਅਧਿਕਾਰੀ ਸਬ-ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ 7 ਦਸੰਬਰ ਨੂੰ ਦੁਪਹਿਰ ਕਰੀਬ 12.25 ਵਜੇ ਪਿੰਡ ਚੱਕ ਬਲੋਚਾ ਉਰਫ ਮਹਾਲਮ ਵਿਖੇ ਗਸ਼ਤ ਕਰ ਰਹੇ ਸੀ ਤਾਂ ਇਸ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਬਚਨ ਸਿੰਘ ਵਾਸੀ ਮਹਾਲਮ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਆਦੀ ਹੈ ਅਤੇ ਉਸਨੇ ਪਿੰਡ ਗੁੰਮਾਨੀਵਾਲਾ ਖੂਹ ਵਿਖੇ ਕਿਰਾਏ ’ਤੇ ਦੁਕਾਨ ਲਈ ਹੋਈ ਹੈ, ਇਸ ਦੁਕਾਨ ’ਚ ਅੱਜ ਵੀ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ, ਜਿਸ ’ਤੇ ਪੁਲਸ ਨੇ ਛਾਪੇਮਾਰੀ ਕਰ ਕੇ ਉਕਤ ਕਥਿਤ ਦੋਸ਼ੀ ਪਾਸੋਂ 175 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਪਰ ਲਖਵਿੰਦਰ ਸਿੰਘ ਉਰਫ ਬੱਬੂ ਮੌਕੇ ਤੋਂ ਫਰਾਰ ਹੋ ਗਿਆ ਹੈ।

ਇਸੇ ਤਰ੍ਹਾਂ ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਬੀਤੇ ਦਿਨ ਪਿੰਡ ਮਹਾਲਮ ਵਿਖੇ ਗਸ਼ਤ ਕਰ ਰਹੇ ਸੀ ਤਾਂ ਇਸ ਸਮੇਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸੋਢਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਚੱਕ ਬਲੋਚਾ (ਮਹਾਲਮ) ਨੇ ਆਪਣੀ ਪਸ਼ੂਆਂ ਦੀ ਹਵੇਲੀ ’ਚ ਨਾਜਾਇਜ਼ ਸ਼ਰਾਬ ਕੱਢਣ ਲਈ ਲਾਹਣ ਪਾਈ ਹੋਈ ਹੈ ਅਤੇ ਇਸ ਸਮੇਂ ਨਾਜਾਇਜ਼ ਸ਼ਰਾਬ, ਲਾਹਣ ਜਾਂ ਭੱਠੀ ਦਾ ਸਾਮਾਨ ਬਰਾਮਦ ਹੋ ਸਕਦਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ 100 ਲਿਟਰ ਲਾਹਣ ਬਰਾਮਦ ਕੀਤੀ ਗਈ ਹੈ ਪਰ ਉਕਤ ਕਥਿਤ ਦੋਸ਼ੀ ਸੋਢਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ਕਥਿਤ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਜਲਾਲਾਬਾਦ ਅਤੇ ਥਾਣਾ ਵੈਰੋਕੇ ਵਿਖੇ ਪਰਚੇ ਦਰਜ ਕੀਤੇ ਗਏ ਹਨ। ਥਾਣਾ ਸਿਟੀ ਪੁਲਸ ਵੱਲੋਂ ਕਾਬੂ ਕੀਤੀ ਗਈ ਔਰਤ ਨੂੰ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ।

 


author

Gurminder Singh

Content Editor

Related News