ਤੁਹਾਡੇ ਘਰ ਤਾਂ ਨਹੀਂ ਆ ਰਿਹਾ ਮਿਲਾਵਟੀ ਦੁੱਧ, ਇੰਝ ਕਰੋ ਪਰਖ
Saturday, Dec 07, 2024 - 03:44 PM (IST)
ਗੁਰਦਾਸਪੁਰ (ਹਰਮਨ)-ਆਮ ਤੌਰ ’ਤੇ ਸ਼ੁੱਧ ਦੁੱਧ ਨੂੰ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਸਮੇਤ ਹਰ ਇਕ ਇਨਸਾਨ ਲਈ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ ਕਿਉਂਕਿ ਸ਼ੁੱਧ ਦੁੱਧ ਵਿਚ ਸਰੀਰ ਲਈ ਲੋੜੀਂਦੇ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਪਰ ਦੁੱਧ ਦੀ ਖਪਤ ਦੇ ਮੁਕਾਬਲੇ ਉਤਪਾਦਨ ਘੱਟ ਹੋਣ ਕਾਰਨ ਦੁੱਧ ਵਿਚ ਮਿਲਾਵਟ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਕਰਵਾਏ ਗਏ ਇਕ ਸਰਵੇ ਅਨੁਸਾਰ ਕੁਝ ਸਾਲ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਦੁੱਧ ਵਿੱਚ ਮਿਲਾਵਟ ਲਈ ਪਾਣੀ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਜਿਸ ਦੇ ਇਲਾਵਾ ਬਹੁਤ ਸਾਰੇ ਵਪਾਰੀਆਂ ਵੱਲੋਂ ਡਿਟਰਜੈਂਟ ਸਮੇਤ ਹੋਰ ਚੀਜਾਂ ਦੀ ਵਰਤੋਂ ਕਰਕੇ ਵੀ ਦੁੱਧ ਤਿਆਰ ਕੀਤਾ ਜਾਂਦਾ ਹੈ। ਪਰ ਮਿਲਾਵਟੀ ਦੁੱਧ ਮਨੁੱਖੀ ਸਿਹਤ ਨੂੰ ਲਾਭ ਦੇਣ ਦੀ ਬਜਾਏ ਉਲਟਾ ਨੁਕਸਾਨ ਕਰਦਾ ਹੈ। ਜਿਸ ਸਬੰਧੀ ਵੱਖ-ਵੱਖ ਮਾਹਿਰਾਂ ਦੇ ਕੀਤੇ ਅਧਿਐਨ ਮੁਤਾਬਿਕ ਜੇਕਰ ਲੰਮਾ ਸਮਾਂ ਮਿਲਾਵਟੀ ਜਾਂ ਸਿੰਥੈਟਿਕ ਦੁੱਧ ਦੀ ਵਰਤੋਂ ਕੀਤੀ ਜਾਵੇ ਤਾਂ ਕਈ ਤਰਾਂ ਦੇ ਸਰੀਰਿਕ ਵਿਕਾਰ ਪੈਦਾ ਹੋ ਸਕਦੇ ਹਨ।
ਪਾਣੀ ਦੀ ਮਿਲਾਵਟ ਦੇ ਨੁਕਸਾਨ ਅਤੇ ਪਰਖ ਦਾ ਢੰਗ
ਦੁੱਧ ਵਿਚ ਪਾਣੀ ਦੀ ਮਿਲਾਵਟ ਨਾਲ ਦੁੱਧ ਦੀ ਪੌਸ਼ਟਿਕਤਾ ਘੱਟ ਜਾਂਦੀ ਹੈ। ਜੇਕਰ ਮਿਲਾਵਟ ਲਈ ਵਰਤਿਆ ਜਾਣ ਵਾਲਾ ਪਾਣੀ ਦੂਸ਼ਿਤ ਹੈ ਤਾਂ ਦੁੱਧ ਦੇ ਵਰਤੋਂ ਨਾਲ ਟਾਈਫਾਈਡ, ਹੈਪੇਟਾਈਟਸ, ਦਸਤ, ਹੈਜ਼ਾ, ਸ਼ਿਗੇਲਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਪਾਣੀ ਦੀ ਪਰਖ ਲਈ ਇਕ ਕੱਚ ਦਾ ਟੁਕੜਾ ਲਵੋ, ਉਸਦੇ ਉੱਪਰ ਇੱਕ ਬੂੰਦ ਦੁੱਧ ਦੀ ਸੁੱਟੋ ਅਤੇ ਕੱਚ ਦੇ ਟੁਕੜੇ ਨੂੰ ਇਕ ਤਰਫੋਂ ਥੋੜਾ ਜਿਹਾ ਉੱਪਰ ਚੁੱਕੋ। ਸ਼ੁੱਧ ਦੁੱਧ ਹੌਲੀ-ਹੌਲੀ ਅੱਗੇ ਵਧੇਗਾ ਅਤੇ ਪਿੱਛੇ ਸਫੇਦ ਰੰਗ ਦੀ ਪੂਛ ਬਣਾਏਗਾ। ਪਰ ਮਿਲਾਵਟੀ ਦੁੱਧ ਬਿਨਾਂ ਕੋਈ ਨਿਸ਼ਾਨ ਛੱਡੇ ਤੇਜ਼ੀ ਨਾਲ ਅੱਗੇ ਵਧੇਗਾ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਡਿਟਰਜੈਂਟ ਅਤੇ ਗੁਲੂਕੋਜ਼ ਦੀ ਮਿਲਾਵਟ ਕਰੋ ਇੰਝ ਪਰਖ
ਡਿਟਰਜੈਂਟ ਨੂੰ ਦੁੱਧ ਵਿਚ ਤੇਲ (ਸਸਤੀ ਚਰਬੀ) ਨੂੰ ਘੁੱਲਣ ਅਤੇ ਦੁੱਧ ਨੂੰ ਇੱਕ ਵਿਸ਼ੇਸ਼ ਚਿੱਟਾ ਰੰਗ ਦੇਣ ਲਈ ਮਿਲਾਇਆ ਜਾਂਦਾ ਹੈ। ਇਸ ਦੀ ਮਿਲਾਵਟ ਨਾਲ ਪੇਟ ਦੇ ਰੋਗ ਪੈਦਾ ਹੁੰਦੇ ਹਨ। ਡਿਟਰਜੈਂਟ ਦੀ ਪਰਖ ਲਈ 10 ਮਿਲੀਲੀਟਰ ਦੁੱਧ ਲੈ ਕੇ ਇਸ ਵਿਚ ਏਨੀ ਹੀ ਮਾਤਰਾ ਵਿਚ ਪਾਣੀ ਪਾਓ। ਜੇਕਰ ਝੱਗ ਪੈਦਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਦੁੱਧ ਵਿਚ ਡਿਟਰਜੈਂਟ ਦੀ ਮਿਲਾਵਟ ਹੈ। ਦੁੱਧ ਵਿਚ ਗਲੂਕੋਜ਼ ਦੀ ਮਿਲਾਵਟ ਦੁੱਧ ਦੀ ਮਿਠਾਸ ਵਧਾਉਣ ਲਈ ਕੀਤੀ ਜਾਂਦੀ ਹੈ। ਗਲੂਕੋਜ਼ ਦੀ ਪਰਖ ਲਈ ਡਾਇਸੇਟਿਕ ਦੀ ਇਕ ਪੱਟੀ ਲੈ ਕੇ ਇਸ ਨੂੰ ਦੁੱਧ ਦੇ ਨਮੂਨੇ ਵਿਚ 30 ਸਕਿੰਟਾਂ ਲਈ ਡੁਬੋ ਦਿਓ। ਜੇਕਰ ਪੱਟੀ ਦਾ ਰੰਗ ਬਦਲਦਾ ਹੈ ਤਾਂ ਦੁੱਧ ਵਿਚ ਗਲੂਕੋਜ਼ ਦੀ ਮਿਲਾਵਟ ਕੀਤੀ ਗਈ ਹੈ।
ਸਿੰਥੈਟਿਕ ਦੁੱਧ ਦੀ ਕਿਵੇਂ ਕਰਨੀ ਹੈ ਪਰਖ
ਯੂਰੀਆ ਵੀ ਸਿੰਥੈਟਿਕ ਦੁੱਧ (ਮਿਲਾਵਟੀ ਦੁੱਧ) ਦੇ ਪ੍ਰਮੁੱਖ ਤੱਤਾਂ ਵਿਚੋਂ ਇਕ ਹੈ ਜੋ ਦੁੱਧ ਦੀ ਸੈਲਫ ਲਾਈਫ ਨੂੰ ਵਧਾਉਣ ਲਈ ਮਿਲਾਇਆ ਜਾਂਦਾ ਹੈ। ਯੂਰੀਆ ਇਕ ਨਾਈਟ੍ਰੋਜਨ ਸਰੋਤ ਹੋਣ ਕਰਕੇ ਦੁੱਧ ਵਿਚ ਨਕਲੀ ਪ੍ਰੋਟੀਨ ਦੀ ਮਾਤਰਾ ਵਿਚ ਵਾਧੇ ਦਾ ਕੰਮ ਕਰਦਾ ਹੈ। ਵੈਸੇ ਯੂਰੀਆ ਵੀ ਦੁੱਧ ਦਾ ਕੁਦਰਤੀ ਤੱਤ ਹੈ। ਯੂਰੀਆ ਦਿਲ, ਗੁਰਦੇ ਅਤੇ ਜਿਗਰ ਲਈ ਨੁਕਸਾਨਦੇਹ ਹੈ। ਯੂਰੀਆ ਦੀ ਪਰਖ ਲਈ ਦੁੱਧ ਦਾ ਨਮੂਨਾ ਲੈ ਕੇ ਉਸ ਵਿਚ ਸੋਇਆਬੀਨ ਪਾਊਡਰ ਮਿਲਾਓ। ਟੈਸਟ ਟਿਊਬ ਨੂੰ ਹਿਲਾ ਕੇ ਸਮੱਗਰੀ ਨੂੰ ਮਿਲਾਓ ਅਤੇ ਲਗਭਗ 5 ਮਿੰਟ ਬਾਅਦ ਨਮੂਨੇ ਵਿਚ ਇਕ ਲਾਲ ਲਿਟਮਸ ਪੇਪਰ ਡੁਬੋ ਦਿਓ। 30 ਸਕਿੰਟਾਂ ਬਾਅਦ ਕਾਗਜ਼ ਨੂੰ ਹਟਾਓ ਅਤੇ ਜੇਕਰ ਰੰਗ ਲਾਲ ਤੋਂ ਨੀਲਾ ਹੋ ਜਾਵੇ ਤਾਂ ਦੁੱਧ ਦੇ ਨਮੂਨੇ ਵਿਚ ਯੂਰੀਆ ਦੀ ਮਿਲਾਵਟ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਫੋਰਮਾਲਿਨ ਦੀ ਮਿਲਾਵਟ
ਦੁੱਧ ਵਿਚ ਫਾਰਮਲਡੀਹਾਈਡ ਦੀ ਮਿਲਾਵਟ ਨਾਲ ਦੁੱਧ ਨੂੰ ਖ਼ਰਾਬ ਕਰਨ ਵਾਲੇ ਜੀਵਾਣੂ ਭਾਵ ਬੈਕਟੀਰੀਆ ਦੀ ਗਿਣਤੀ ਘੱਟ ਜਾਂਦੀ ਹੈ। ਉਕਤ ਫੋਰਮਾਲਿਨ ਇਕ ਖ਼ਤਰਨਾਕ ਰਸਾਇਣ ਹੈ ਜੋ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਪਾਉਂਦਾ ਹੈ ਅਤੇ ਇਸ ਨੂੰ ਕੈਂਸਰ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਦੀ ਪਰਖ ਲਈ ਇੱਕ ਟੈਸਟ ਟਿਊਬ ਵਿਚ ਲਗਭਗ 10 ਮਿਲੀਲੀਟਰ ਦੁੱਧ ਦਾ ਨਮੂਨਾ ਲੈ ਕੇ ਇਸ ਵਿਚ ਥੋੜ੍ਹੀ ਮਾਤਰਾ ਵਿਚ ਫੇਰਿਕ ਕਲੋਰਾਈਡ ਦੇ ਨਾਲ 5 ਮਿਲੀਲੀਟਰ ਸੰਘਣਾ ਸਲਫਿਊਰਿਕ ਐਸਿਡ ਪਾਓ। ਜੇਕਰ ਜਾਮਨੀ ਜਾਂ ਨੀਲਾ ਰੰਗ ਹੋ ਜਾਵੇ ਤਾਂ ਦੁੱਧ ਦੇ ਨਮੂਨੇ ਵਿਚ ਫਾਰਮਲਿਨ ਦੀ ਮੌਜੂਦਗੀ ਹੈ।
ਸਟਾਰਚ ਦੀ ਮਿਲਾਵਟ
ਸਟਾਰਚ ਇਕ ਸਸਤਾ ਪਦਾਰਥ ਹੈ ਜੋ ਕਿ ਕਣਕ ਦੇ ਆਟਾ, ਮੱਕੀ ਦੇ ਆਟੇ ਅਤੇ ਵਪਾਰਕ ਤੌਰ ’ਤੇ ਤਿਆਰ ਕੀਤੀ ਸਟਾਰਚ ਦੇ ਰੂਪ ਵਿਚ ਉਪਲਬਧ ਹੁੰਦਾ ਹੈ। ਸਟਾਰਚ ਨੂੰ ਦੁੱਧ ਦੀ ਐੱਸ.ਐੱਨ.ਐੱਫ ਅਤੇ ਦੁੱਧ ਦੇ ਉਤਪਾਦਾਂ ਦਾ ਭਾਰ ਵਧਾਉਣ ਲਈ ਮਿਲਾਇਆ ਜਾਂਦਾ ਹੈ। ਜੇਕਰ ਦੁੱਧ ਵਿਚ ਸਟਾਰਚ ਦੀ ਮਿਲਾਵਟ ਹੁੰਦੀ ਹੈ ਤਾਂ ਦਸਤ ਦੀ ਬਿਮਾਰੀ ਲੱਗ ਜਾਂਦੀ ਹੈ। ਇਸ ਦੀ ਪਰਖ ਲਈ 5 ਮਿਲੀਲੀਟਰ ਦੁੱਧ ਵਿਚ 2 ਚਮਚ ਨਮਕ (ਆਇਓਡੀਨ) ਪਾਓ। ਜੇਕਰ ਇਹ ਨੀਲਾ ਹੋ ਜਾਵੇ ਤਾਂ ਦੁੱਧ ਵਿਚ ਸਟਾਰਚ ਦੀ ਮਿਲਾਵਟ ਦਾ ਪ੍ਰਮਾਣ ਹੈ।
ਇਹ ਵੀ ਪੜ੍ਹੋ- ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ
ਪਸ਼ੂਆਂ ਵਿਚ ਐਂਟੀਬਾਇਉਟਿਕ ਦਵਾਈਆਂ ਦੀ ਵਰਤੋਂ
ਪਸ਼ੂਆਂ ਵਿਚ ਐਂਟੀਬਾਇਉਟਿਕ ਦਵਾਈਆਂ ਦੀ ਵਰਤੋਂ ਕੀਤੇ ਜਾਣ ਕਾਰਨ ਐਂਟੀਬਾਇਉਟਿਕਸ ਦੀ ਰਹਿੰਦ-ਖੂੰਹਦ ਦੁੱਧ ਵਿੱਚ ਮੌਜੂਦ ਹੁੰਦੀ ਹੈ ਜੋ ਨੁਕਸਾਨਦੇਹ ਸਿੱਧ ਹੁੰਦੀ ਹੈ। ਇਸੇ ਤਰਾਂ ਦੁੱਧ ਦੇ ਤੇਜ਼ਾਬੀਪਣ ਨੂੰ ਸਹੀ ਕਰਨ ਲਈ ਦੁੱਧ ਵਿਚ ਖਾਰ ਮਿਲਾਏ ਜਾਂਦੇ ਹਨ। ਜੇਕਰ ਦੁੱਧ ਚੋਣ ਤੋਂ ਲੈ ਕਿ ਵੇਚਣ ਦੇ ਸਮੇਂ ਤੱਕ ਵੱਧ ਸਮਾਂ ਲੱਗਦਾ ਹੈ, ਤਾਂ ਜੀਵਾਣੂਆਂ ਦੀ ਗਿਣਤੀ ਵੱਧ ਜਾਣ ਕਾਰਨ ਦੁੱਧ ਦਾ ਤੇਜ਼ਾਬੀਪਣ ਵੱਧ ਜਾਂਦਾ ਹੈ ਜਿਸ ਨਾਲ ਇਹ ਪ੍ਰੋਸੈਸਿੰਗ ਲਈ ਅਯੋਗ ਹੋ ਜਾਂਦਾ ਹੈ। ਕਾਰਬੋਨੇਟਸ, ਬਾਈਕਾਰਬੋਨੇਟਸ ਅਤੇ ਅਲਕਾਲਿਸ ਵਰਗੇ ਖਾਰ ਜ਼ਿਆਦਾਤਰ ਦੁੱਧ ਵਿਚ ਵਿਕਸਤ ਤੇਜ਼ਾਬੀਪਣ ਅਤੇ ਕੌੜੇ ਸੁਆਦ ਨੂੰ ਘਟਾਉਣ ਲਈ ਵਰਤੇ ਜਾਂਦੇ ਹਨ।
ਇਹ ਖਾਰ ਸਰੀਰ ਲਈ ਬੜੇ ਨੁਕਸਾਨਦੇਹ ਹੁੰਦੇ ਹਨ ਅਤੇ ਕਾਨੂੰਨ ਦੇ ਅਧੀਨ ਮਨਜ਼ੂਰ ਨਹੀਂ ਹਨ। ਇਹ ਖਾਰ ਦਸਤ, ਉਲਟੀਆਂ, ਪੇਟ ਦਰਦ ਆਦਿ ਦਾ ਕਾਰਨ ਬਣ ਸਕਦੇ ਹਨ। ਖਾਰ ਦੀ ਪਰਖ ਲਈ ਇਕ ਟੈਸਟ ਟਿਊਬ ਵਿਚ 5 ਮਿਲੀਲੀਟਰ ਦੁੱਧ ਦਾ ਨਮੂਨਾ ਲਓ ਅਤੇ ਇਸ ਵਿਚ 5 ਮਿਲੀਲੀਟਰ ਅਲਕੋਹਲ ਪਾਓ ਅਤੇ ਇਸ ਤੋਂ ਬਾਅਦ ਰੋਜ਼ਾਲਿਕ ਐਸਿਡ ਦੀਆਂ 4-5 ਬੂੰਦਾਂ ਪਾਓ। ਜੇਕਰ ਦੁੱਧ ਦਾ ਰੰਗ ਲਾਲ ਹੋ ਜਾਂਦਾ ਹੈ ਤਾਂ ਦੁੱਧ ਵਿਚ ਬਾਈਕਾਰਬੋਨੇਟਸ ਦੀ ਮੌਜੂਦਗੀ ਹੁੰਦੀ ਹੈ। ਇਸੇ ਤਰ੍ਹਾਂ ਦੁੱਧ ਦੀ ਮਿਲਾਵਟ ਨੂੰ ਪਰਖਣ ਲਈ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਡਾਇਰੀ ਸਾਇੰਸਜ਼ ਐਂਡਟੈਕਨਾਲੋਜੀ ਤੋਂ ਦੁੱਧ ਦੀ ਮਿਲਾਵਟ ਨੂੰ ਪਰਖਣ ਲਈ ਕਿੱਟ ਮਿਲਦੀ ਹੈ। ਜਿਸਦੀ ਵਰਤੋਂ ਕਰਕੇ ਸੌਖੇ ਤਰੀਕੇ ਨਾਲ ਦੁੱਧ ਦੀ ਮਿਲਾਵਟ ਲਈ ਵਰਤੇ ਜਾਂਦੇ ਕਈ ਪਦਾਰਥਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ, ਇਹ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8