ਮੈਂ ਅਸਤੀਫ਼ਾਂ ਨਹੀਂ ਦੇਣਾ, ਮੈਨੂੰ ਕੱਢਣਾ ਤਾਂ ਕੱਢ ਦਿਓ: ਗਿਆਨੀ ਹਰਪ੍ਰੀਤ ਸਿੰਘ
Wednesday, Dec 18, 2024 - 12:47 PM (IST)
ਤਲਵੰਡੀ ਸਾਬੋ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦੀ ਚਰਚਾ 'ਚ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਸਾਹਮਣੇ ਆਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਗਾਤਾਰ ਕੁਝ ਏਜੰਟ ਮੇਰੀ ਕਿਰਦਾਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਮੁਕਤਸਰ ਸਾਹਿਬ ਤੋਂ ਇਕ 18 ਸਾਲ ਪੁਰਾਣਾ ਸਾਡਾ ਪਰਿਵਾਰਿਕ ਝਗੜਾ ਸੀ ਜਿਸ 'ਚ ਇਕ ਸਖ਼ਸ਼ ਨੂੰ ਲੈ ਕੇ ਮੀਡੀਆ ਵੱਲੋਂ ਵੱਖ-ਵੱਖ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ, ਜਿਸ ਨੇ ਮੇਰੇ 'ਤੇ ਬਹੁਤ ਵੱਡੇ ਇਲਜ਼ਾਮ ਲਾਏ ਗਏ ਸਨ ਅਤੇ ਜਿਸ ਦਾ ਜਵਾਬ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੇ ਚੁੱਕਾ ਹਾਂ। ਉਨ੍ਹਾਂ ਕਿਹਾ ਬਹੁਤ ਹੈਰਾਨ ਵਾਲੀ ਗੱਲ ਹੈ ਕਿ 18 ਸਾਲ ਬਾਅਦ ਲਗਾਤਾਰ ਇਹ ਮਾਮਲਾ ਉਛਾਲਿਆ ਜਾ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਅਕਾਲੀ ਆਗੂ ਅਤੇ ਮੁਕਤਸਰ ਸਾਹਿਬ ਦੇ ਅਕਾਲੀ ਲੀਡਰ ਸਾਂਝੇ ਤੌਰ 'ਤੇ ਉਸ ਲੜਕੇ ਨੂੰ ਚੁੱਕ ਕੇ ਲੈ ਗਏ ਅਤੇ ਵੱਖ-ਵੱਖ ਮੀਡੀਆ ਚੈਨਲਾਂ 'ਤੇ ਮੇਰੇ ਖ਼ਿਲਾਫ਼ ਇੰਟਰਵਿਊ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਜੋ ਇਲਜ਼ਾਮ ਮੇਰੇ 'ਤੇ ਲੱਗੇ ਸਨ, ਉਹ ਇੰਟਰਵਿਊ ਮੇਰੇ ਵਕੀਲ ਵੱਲੋਂ ਡਿਟੀਲ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਚਾਈ ਦੱਸਣ ਲਈ ਮੈਂ ਸ੍ਰੀ ਤਖ਼ਤ ਸਾਹਿਬ ਦੀ ਫਸੀਲ ਤੇ ਪੰਜ ਸਾਹਿਬਾਨ ਦੀ ਹਾਜ਼ਰੀ 'ਚ ਸ਼ਾਮਲ ਹੋਇਆ ਹਾਂ। ਉਨ੍ਹਾਂ ਕਿਹਾ ਇਹ ਵੀ ਦੱਸ ਦਿੰਦਾ ਹਾਂ ਕਿ ਟ੍ਰੋਲਾਂ ਨੂੰ ਇਹ ਨਾ ਲੱਗੇ ਕਿ ਮੈਂ ਉਨ੍ਹਾਂ ਤੋਂ ਡਰ ਗਿਆ ਹਾਂ, ਮੈਂ ਸਿਰਫ਼ ਆਪਣਾ ਸਪੱਸ਼ਟੀਕਰਨ ਦੇਣ ਲਈ ਆਇਆ ਹਾਂ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਮੇਰਾ ਗੁਨਾਹ ਹੈ ਕਿ 5 ਸਿੰਘ ਸਾਹਿਬਾਨ ਦੀ ਮੀਟਿੰਗ 'ਚ 2 ਦਸੰਬਰ ਨੂੰ ਸ਼ਾਮਲ ਹੋ ਗਿਆ। ਜੋ ਪੰਜ ਸਿਘ ਸਾਹਿਬਨਾ ਦਾ ਫ਼ੈਸਲਾ ਸੀ ਉਸ 'ਤੇ ਸਾਈਨ ਸਭ ਦੇ ਹੀ ਹੋਏ ਸਨ ਪਰ ਮੈਨੂੰ ਹੀ ਟ੍ਰੋਲ ਕੀਤਾ ਜਾ ਰਿਰਾ ਹੈ। ਉਨ੍ਹਾਂ ਕਿਹਾ ਮੈਂ ਸਪੱਸ਼ਟ ਸ਼ਬਦਾਂ 'ਚ ਕਹਾਂਗਾ ਕਿ ਮੈਂ ਮੀਟਿੰਗ 'ਚ ਸ਼ਾਮਲ ਹੋ ਕੇ ਕੋਈ ਪਾਪ ਦਾ ਭਾਗੀਦਾਰ ਨਹੀਂ ਬਣਿਆ, ਮੈਨੂੰ ਕੱਢਣਾ ਤਾਂ ਕੱਢ ਦਿਓ ਰੱਖਣਾ ਤਾਂ ਰੱਖ ਲਓ। ਉਨ੍ਹਾਂ ਕਿਹਾ 10-15 ਦਿਨਾਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਜਥੇਦਾਰ ਨੇ ਕਿਹਾ ਕਿ ਇੱਥੋਂ ਤੱਕ ਮੇਰਾ ਨਕਲੀ ਪੇਜ ਬਣਾ ਕੇ ਅਜੀਬ ਤਰ੍ਹਾਂ ਦੀਆਂ ਟਿਪੱਣੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪਹਿਲਾਂ ਭਾਜਪਾ ਦਾ ਇਲਜ਼ਾਮ, ਫਿਰ ਮੁੰਡੇ ਨੂੰ ਲੈ ਇੰਟਰਵਿਊ ਕਰਵਾ ਕੇ ਇਲਜ਼ਾਮ ਅਤੇ ਫਿਰ ਇਕ ਕੁੜੀ ਨਾਲ ਤਸਵੀਰਾਂ ਐਡੀਟ ਕਰ ਕੇ ਇਲਜ਼ਾਮ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ 2019 'ਚ ਮੈਂ ਅਤੇ ਕੁੜੀ ਇਕੋ ਫਲਾਈਟ 'ਚ ਕਿਸੇ ਸਮਾਗਮ 'ਚ ਗਏ ਸੀ, ਜਿਸ ਤੋਂ ਬਾਅਦ ਮੇਰੇ 'ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਲਾਈਟ ਇਕ ਸੀ, ਪਰ ਬੇਰੀਮ ਦੀ ਸੰਗਤ ਨੂੰ ਕਹਾਂਗਾ ਕਿ ਸਪੱਸ਼ਟ ਕਰਨ ਕੀ ਅਸੀਂ ਇਕੱਠੇ ਰਹੇ ਸੀ? ਉਨ੍ਹਾਂ ਕਿਹਾ ਕਿ ਸਾਡੀਆਂ ਤਸਵੀਰਾਂ ਐਡੀਟ ਕੀਤੀਆਂ ਗਈਆਂ ਅਤੇ ਫਿਰ ਵੀ ਇਨ੍ਹਾਂ ਲੋਕਾਂ ਨੂੰ ਸਬਰ ਨਹੀਂ ਆਇਆ ਤਾਂ ਮੇਰਾ ਨਕਲੀ ਪੇਜ ਬਣਾਇਆ ਦਿੱਤਾ ਗਿਆ, ਜੋ ਸਰਕਾਰ ਨੂੰ ਕਹਿ ਕੇ ਡਿਲਿਟ ਕਰਵਾਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪੰਥ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ। ਮੈਨੂੰ ਕੱਢ ਦਿਓ ਪਰ ਇਸ ਤਰ੍ਹਾਂ ਦੇ ਘਟਿਆ ਇਲਜ਼ਾਮ ਨਾਲ ਲਾਓ, ਜੋ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਅਤੇ ਮੈਂ 15 ਦਿਨਾਂ ਤੋਂ ਬਹੁਤ ਪਰੇਸ਼ਾਨ ਹਾਂ। ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹਾਂ ਮੈਂ ਕੋਈ ਅਸਤੀਫਾ ਨਹੀਂ ਦੇਣਾ। ਹੋਰ ਵੀ ਦੋਸ਼ ਲਾਉਣੇ ਹਨ ਤਾਂ ਲਗਾ ਸਕਦੇ ਹੋ ਪਰ ਮੈਂ ਅਸਤੀਫਾ ਨਹੀਂ ਦੇਣਾ।